ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਸਰ ਜਗਦੀਪ ਸਿੰਘ ਕਾਹਲੋਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਤੇ ਸੂਬੇ ਦੇ ਡੀ ਜੀ ਪੀ ਨੂੰ ਅਪੀਲ ਕੀਤੀ ਕਿ ਸਿੱਖ ਵਿਦਿਆਰਥੀ ਮਨਜੋਤ ਸਿੰਘ ਛਾਬੜਾ ਜਿਸਦੇ ਹੱਥ ਪਿੱਛੇ ਬੰਨ ਕੇ ਉਸਦਾ ਕਤਲ ਕਰ ਦਿੱਤਾ ਗਿਆ, ਦੇ ਕਾਤਲਾਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਈ ਜਾਵੇ।
ਇਥੇ ਮਨਜੋਤ ਸਿੰਘ ਛਾਬੜਾ ਦੇ ਪਿਤਾ ਸਰਦਾਰ ਹਰਜੋਤ ਸਿੰਘ ਛਾਬੜਾ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਮਨਜੋਤ ਸਿੰਘ ਛਾਬੜਾ ਦੇ ਪਿਤਾ ਹਰਜੋਤ ਸਿੰਘ ਛਾਬੜਾ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਨੂੰ ਵੇਖਿਆ ਨਹੀਂ ਜਾਂਦਾ।
ਦੱਸਣਯੋਗ ਹੈ ਕਿ ਮਨਜੋਤ ਨੀਟ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਵਾਸਤੇ ਐਲਨ ਹੋਸਟਲ ਕੋਟਾ ਵਿਚ ਪੜ੍ਹ ਰਿਹਾ ਸੀ ਜਿਥੇ ਉਸਦਾ ਕਤਲ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਰਾਜਸਥਾਨ ਪੁਲਿਸ ਤੇ ਹੋਸਟਲ ਅਧਿਕਾਰੀ ਜਾਣ ਬੁੱਝ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਇਸ ਕਤਲ ਨੂੰ ਖੁਦਕੁਸ਼ੀ ਸਾਬਤ ਕਰਨ ’ਤੇ ਲੱਗੇ ਹਨ। ਉਹਨਾਂ ਕਿਹਾ ਕਿ ਜਿਸ ਵਿਅਕਤੀ ਦੇ ਹੱਥ ਪਿੱਛੇ ਬੰਨੇ ਹੋਣ ਤੇ ਚੇਹਰੇ ’ਤੇ ਪੋਲੀਥੀਨ ਚੜ੍ਹਾਇਆ ਹੋਵੇ, ਉਹ ਖੁਦਕੁਸ਼ੀ ਨੋਟ ਕਿਵੇਂ ਲਿਖ ਸਕਦਾ ਹੈ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਸ ਕਤਲ ਕੇਸ ਨੂੰ ਖੁਦਕੁਸ਼ੀ ਵਿਚ ਬਦਲਣ ਦੇ ਕਿਸੇ ਵੀ ਯਤਨ ਦਾ ਵਿਰੋਧ ਕਰੇਗੀ ਤੇ ਇਸ ਮਾਮਲੇ ’ਤੇ ਕਾਨੂੰਨੀ ਕਦਮ ਚੁੱਕਣ ਸਮੇਤ ਜਿਹੜਾ ਕੋਈ ਕਦਮ ਚੁੱਕਣਾ ਪਿਆ, ਚੁੱਕਿਆ ਜਾਵੇਗਾ ਤਾਂ ਜੋ ਪਰਿਵਾਰ ਲਈ ਇਨਸਾਫ ਯਕੀਨੀ ਬਣਾਇਆ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਰਾਹੀਂ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਵੀ ਪਹੁੰਚ ਕੀਤੀ ਜਾਵੇਗੀ ਤਾਂ ਜੋ ਨਿਆਂ ਯਕੀਨੀ ਬਣਾਉਣ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਜਾ ਸਕਣ।
ਇਸ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਵੀ ਅਪੀਲ ਕੀਤੀ ਕਿ ਉਹ ਪਰਿਵਾਰ ਨੂੰ ਇਨਸਾਫ ਮਿਲਣਾ ਯਕੀਨੀ ਬਣਾਉਣ ਅਤੇ ਪੁਲਿਸ ਨੂੰ ਹਦਾਇਤ ਦੇਣ ਕਿ ਇਸ ਕਤਲ ਕੇਸ ਨੂੰ ਖੁਦਕੁਸ਼ੀ ਵਿਚ ਬਦਲਣ ਦਾ ਯਤਨ ਨਾ ਕੀਤਾ ਜਾਵੇ।