ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਜੋ ਅਜ ਸਵੇਰੇ ਹੀ ਵਿਦੇਸ਼ ਯਾਤਰਾ ਤੋਂ ਪਰਤੇ ਹਨ, ਨੇ ਹਾਲ ਵਿਚ ਹੀ ਚਰਚਾ ਵਿਚ ਆਈ ਪਿੰਡ ਹੌਂਦ, ਰਿਵਾੜੀ, (ਹਰਿਆਣਾ) ਵਿਖੇ 26 ਵਰ੍ਹੇ ਪਹਿਲਾਂ ਸਿੱਖਾਂ ਦੇ ਸਮੂਹਕ ਕਤਲ ਦੀ ਵਾਪਰੀ ਘਟਨਾ ਪੁਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਉਨ੍ਹਾਂ ਦਿੱਲੀ ਪੁੱਜਦਿਆਂ ਹੀ ਇਸ ਘਟਨਾ ਸਬੰਧੀ ਜਾਣਕਾਰੀ ਹਾਸਲ ਕਰਕੇ ਅਕਾਲੀ ਦਲ ਅਤੇ ਗੁਰਦੁਆਰਾ ਕਮੇਟੀ ਦੇ ਮੁਖੀਆਂ ਨਾਲ ਸਲਾਹ-ਮਸ਼ਵਰਾ ਕੀਤਾ ਹੈ। ਸਲਾਹ-ਮਸ਼ਵਰੇ ਤੋਂ ਬਾਅਦ ਕੀਤੇ ਗਏ ਫੈਸਲੇ ਅਨੁਸਾਰ ਉਹ ਕੱਲ੍ਹ (ਬੁੱਧਵਾਰ) ਇਕ ਟੀਮ ਨਾਲ ਮੌਕੇ ਤੇ ਜਾ ਕੇ ਸਾਰੀ ਸਥਿਤੀ ਦਾ ਜ਼ਾਇਜ਼ਾ ਲੈਣਗੇ। ਫਿਰ ਹਾਲਾਤ ਦੇ ਅਧਾਰ ਤੇ ਅਗਲੇ ਕਦਮ ਬਾਰੇ ਫੈਸਲਾ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਸਾਰੇ ਹਾਲਾਤ ਨੂੰ ਵੇਖਣ ਅਤੇ ਵਿਚਾਰਨ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਆਰਥਕ ਅਤੇ ਕਾਨੂੰਨੀ ਮੱਦਦ ਦਿੱਤੇ ਜਾਣ ਦੇ ਸਬੰਧ ਵਿਚ ਫੈਸਲਾ ਕੀਤਾ ਜਾਇਗਾ।
ਸ. ਸਰਨਾ ਨੇ ਇਸ ਸਬੰਧ ਵਿਚ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਹਾਲਾਤ ਅਨੁਸਾਰ ਪੀੜਤਾਂ ਨੂੰ ਮੁਆਵਜ਼ਾ ਦੁਆਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੇ ਉਦੇਸ਼ ਨਾਲ ਕਾਨੂੰਨੀ ਮਾਹਿਰਾਂ ਦੀ ਟੀਮ ਗਠਿਤ ਕੀਤੀ ਜਾਇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਘਟਨਾ ਦੇ ਪੀੜਤ ਪਰਿਵਾਰਾਂ ਵਿਚੋਂ ਕੁਝ ਪੰਜਾਬ ਜਾ ਕੇ ਵਸੇ ਹੋਏ ਹਨ। ਉਨ੍ਹਾਂ ਨੂੰ ਹੈਰਾਨੀ ਹੈ ਕਿ ਇਨ੍ਹਾਂ 26 ਵਰ੍ਹਿਆਂ ਵਿਚ ਬਾਦਲ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਨੇ ਉਨ੍ਹਾਂ ਦੀ ਇਕ ਵਾਰ ਵੀ ਸੁੱਧ ਨਹੀਂ ਲਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਦੀ ਸੱਤਾ ਪੁਰ ਕਾਬਜ਼ ਰਹਿਣ ਦੇ ਨਾਲ ਹੀ ਕੇਂਦਰ ਸਰਕਾਰ ਵਿਚ ਵੀ ਭਾਈਵਾਲ ਰਿਹਾ ਹੈ, ਹਰਿਆਣਾ ਵਿਚ ਵੀ ਉਨ੍ਹਾਂ ਦੇ ਮਿੱਤਰ ਚੌਧਰੀ ਦੇਵੀ ਲਾਲ ਤੇ ਓਮਪ੍ਰਕਾਸ਼ ਚੌਟਾਲਾ ਦੀਆਂ ਸਰਕਾਰਾਂ ਰਹੀਆਂ ਪਰ ਬਾਦਲ ਦਲ ਦੇ ਮੁਖੀਆਂ ਨੂੰ ਇਕ ਵਾਰ ਵੀ ਇਨ੍ਹਾਂ ਪੀੜਤ ਪਰਿਵਾਰਾਂ ਦੀ ਮੱਦਦ ਕਰਨ ਜਾਂ ਕਰਵਾਉਣ ਦਾ ਖਿਆਲ ਨਹੀਂ ਆਇਆ। ਹਾਲਾਂਕਿ 26 ਵਰ੍ਹਿਆਂ ਤੋਂ ਲਗਾਤਾਰ ਉਹ ਨਵੰਬਰ-84 ਦੇ ਸ਼ਹੀਦਾਂ ਅਤੇ ਉਨ੍ਹਾਂ ਦੇ ਪੀੜਤ ਪਰਿਵਾਰਾਂ ਦੇ ਨਾਂ ਤੇ ਰਾਜਸੀ ਸਵਾਰਥ ਪੂਰਿਆਂ ਕਰਦੇ ਆ ਰਹੇ ਹਨ। ਸ. ਸਰਨਾ ਨੇ ਕਿਹਾ ਕਿ ਹੁਣ ਜਦਕਿ ਲੰਦਨ ਟੀ. ਵੀ. ਨੇ ਇਸ ਘਟਨਾ ਨੂੰ ਉਜਾਗਰ ਕਰ ਕੌਮ ਦਾ ਧਿਆਨ ਇਸ ਪਾਸੇ ਖਿੱਚਿਆ ਹੈ ਤਾਂ ਫਿਰ ਉਨ੍ਹਾਂ ਨੂੰ ਰਾਜਸੀ ਰੋਟੀਆਂ ਸੇਂਕਣ ਦੀ ਯਾਦ ਆ ਗਈ ਹੈ।