ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਪਸਾਰ ਸਿੱਖਿਆ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸ਼ਹਿਦ ਮੇਲਾ ਅੱਜ ਆਰੰਭ ਹੋਇਆ। ਇਸ ਮੇਲੇ ਦਾ ਉਦਘਾਟਨ ਪੰਜਾਬ ਵਿੱਚ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਵਪਾਰਕ ਤੌਰ ਤੇ ਸ਼ੁਰੂ ਕਰਵਾਉਣ ਵਾਲੇ ਪ੍ਰਸਿੱਧ ਵਿਗਿਆਨੀ ਡਾ: ਅਵਤਾਰ ਸਿੰਘ ਅਟਵਾਲ ਨੇ ਕਰਦਿਆਂ ਕਿਹਾ ਕਿ ਛੇਵੇਂ ਦਹਾਕੇ ਵਿੱਚ ਉਨ੍ਹਾਂ ਨੇ ਇਟਾਲੀਅਨ ਮਧੂ ਮੱਖੀਆਂ ਨੂੰ ਪੰਜਾਬ ਵਿੱਚ ਲਿਆ ਕੇ ਪਾਲਣ ਦਾ ਕਿੱਤਾ ਬੜੀਆਂ ਚੁਣੌਤੀਆਂ ਤੋਂ ਬਾਅਦ ਸ਼ੁਰੂ ਕਰਵਾਇਆ ਅਤੇ ਪੰਜਾਬ ਦੇ ਮੈਦਾਨੀ ਹਿੱਸੇ ਵਿੱਚ ਇਨ੍ਹਾਂ ਸ਼ਹਿਦ ਦੀਆਂ ਮੱਖੀਆਂ ਨੂੰ ਪਾਲਣ ਲਈ ਪਹਿਲੀ ਵਾਰ ਭਾਰਤ ਵਿੱਚ 1976 ਦੌਰਾਨ ਕਿਸਾਨਾਂ ਨੂੰ ਪਾਲਣ ਲਈ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬ ਅੱਜ ਭਾਰਤ ਦੇ ਸ਼ਹਿਦ ਉਦਯੋਗ ਦਾ ਮੁੱਖ ਧੁਰਾ ਬਣ ਗਿਆ ਹੈ ਅਤੇ ਪੰਜਾਬ ਦੇ ਸ਼ਹਿਦ ਮੱਖੀ ਪਾਲਕਾਂ ਨੇ ਆਪਣੀਆਂ ਲੋੜਾਂ ਦੇ ਹਾਣ ਦਾ ਢਾਂਚਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਦਦ ਨਾਲ ਖੁਦ ਵਿਕਸਤ ਕੀਤਾ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਹਿੰਮਤ ਅਤੇ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਬਾਰੀਕੀ ਭਰਪੂਰ ਵਿਗਿਆਨਕ ਅਗਵਾਈ ਦਾ ਨਤੀਜਾ ਹੈ ਕਿ ਅੱਜ ਦੇਸ਼ ਦਾ ਪਹਿਲਾ ਸ਼ਹਿਦ ਮੇਲਾ ਵੀ ਇਸੇ ਯੂਨੀਵਰਸਿਟੀ ਵਿੱਚ ਲੱਗਾ ਹੈ ਜਿਸ ਵਿੱਚ 500 ਤੋਂ ਵੱਧ ਸ਼ਹਿਦ ਮੱਖੀ ਪਾਲਕ ਅਤੇ ਇਸ ਕਿੱਤੇ ਨਾਲ ਸਬੰਧਿਤ ਸਾਜੋ ਸਮਾਨ ਬਣਾਉਣ ਵਾਲੇ ਉਦਯੋਗਪਤੀ ਵੀ ਸ਼ਾਮਿਲ ਹੋਏ ਹਨ। ਡਾ: ਅਟਵਾਲ ਨੂੰ ਇਸ ਮੌਕੇ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ। ਡਾ: ਅਟਵਾਲ ਇਸ ਵੇਲੇ ਕੈਨੇਡਾ ਦੇ ਉੱਤਰੀ ਵੈਨਕੋਵਰ ਇਲਾਕੇ ਵਿੱਚ ਵਸਦੇ ਹਨ ਅਤੇ ਇਸ ਮੇਲੇ ਲਈ ਵਿਸੇਸ਼ ਤੌਰ ਤੇ ਕਿਸਾਨ ਭਰਾਵਾਂ ਨੂੰ ਮਿਲਣ ਲਈ ਪਹੁੰਚੇ ਹਨ।
ਪਸਾਰ ਸਿੱਖਿਆ ਦੇ ਐਡੀਸ਼ਨਲ ਡਾਇਰੈਕਟਰ ਡਾ: ਹਰਜੀਤ ਸਿੰਘ ਧਾਲੀਵਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪਸਾਰ ਸਿੱਖਿਆ ਡਾਇਰੈਕਟੋਰੇਟ ਕਿਸਾਨ ਭਰਾਵਾਂ ਨੂੰ ਸਿਖਲਾਈ ਦੇਣ ਵਿੱਚ 17 ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਇਲਾਵਾ ਲੁਧਿਆਣਾ ਸਥਿਤ ਮੁਖ ਕੇਂਦਰ ਦੀਆਂ ਸੇਵਾਵਾਂ ਵੀ ਲੈ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਕਿੱਤੇ ਵਿੱਚ ਸਿਰਫ ਕਿਸਾਨ ਭਰਾ ਹੀ ਨਹੀਂ ਸਗੋਂ ਕਿਸਾਨ ਬੀਬੀਆਂ ਵੀ ਵਧ ਚੜ ਕੇ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਆਖਿਆ ਕਿ ਹਰ ਸਾਲ 1500 ਸਿਖਿਆਰਥੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸ਼ਹਿਦ ਮੱਖੀ ਪਾਲਣ ਦੀ ਸਿਖਲਾਈ ਹਾਸਿਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਦ ਮੱਖੀ ਪਾਲਣ ਬਾਰੇ ਯੂਨੀਵਰਸਿਟੀ ਵੱਲੋਂ ਵੀਡੀਓ ਅਤੇ ਆਡੀਓ ਕੈਸਿਟਾਂ ਵੀ ਤਿਆਰ ਕੀਤੀਆਂ ਗਈਆਂ ਹਨ।
ਸ਼ਹਿਦ ਮੱਖੀਆਂ ਅਤੇ ਪਰਾਗਣ ਕਿਰਿਆ ਵਿੱਚ ਸੰਬੰਧੀ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਕੋਆਰਡੀਨੇਟਰ ਡਾ: ਐਸ ਰਮਾਨੀ ਨੇ ਆਖਿਆ ਕਿ ਸ਼ਹਿਦ ਦੀਆਂ ਮੱਖੀਆਂ ਨਾਲ ਸਿਰਫ ਸ਼ਹਿਦ ਹੀ ਪੈਦਾ ਨਹੀਂ ਹੁੰਦਾ ਸਗੋਂ ਫ਼ਸਲਾਂ ਦੇ ਵਧੇਰੇ ਝਾੜ ਲਈ ਪਰਾਗਣ ਕਿਰਿਆ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਆਖਿਆ ਕਿ ਇਹ ਖੋਜ ਪ੍ਰਾਜੈਕਟ ਸ਼ਹਿਦ ਦੀਆਂ ਮੱਖੀਆਂ ਤੋਂ ਹੋਰ ਲਾਭਕਾਰੀ ਸਮਾਨ ਪੈਦਾ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦੇ ਰਿਹਾ ਹੈ ਅਤੇ ਇਟਾਲੀਅਨ ਮਧੂ ਮੱਖੀਆਂ ਤੋਂ ਇਲਾਵਾ ਅੱਠ ਹੋਰ ਕਿਸਮਾਂ ਬਾਰੇ ਵੀ ਖੋਜ ਜਾਰੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਕਿੱਤੇ ਵਿੱਚ ਪੂਰੇ ਦੇਸ਼ ਨੂੰ ਅਗਵਾਈ ਦੇ ਕੇ ਖੇਤੀ ਅਧਾਰਿਤ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਲੀਹਾਂ ਤੇ ਤੋਰਿਆ ਹੈ।
ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ: ਅਸ਼ੋਕ ਕੁਮਾਰ ਧਵਨ ਨੇ ਆਖਿਆ ਕਿ ਸ਼ਹਿਦ ਉਤਪਾਦਨ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਪ੍ਰਤੀ ਲੋਕ ਚੇਤਨਾ ਵਧਾਉਣ ਵਾਸਤੇ ਇਹ ਸ਼ਹਿਦ ਮੇਲਾ ਯਕੀਨਨ ਇਤਿਹਾਸਕ ਰੋਲ ਅਦਾ ਕਰੇਗਾ। ਉਨ੍ਹਾਂ ਆਖਿਆ ਕਿ ਇਸ ਮੇਲੇ ਲਈ ਕੌਮੀ ਬਾਗਬਾਨੀ ਮਿਸ਼ਨ ਵੱਲੋਂ ਸਹਾਇਤਾ ਨੇ ਸਾਡਾ ਉਤਸ਼ਾਹ ਵਧਾਇਆ ਹੈ। ਉਨ੍ਹਾਂ ਆਖਿਆ ਕਿ ਇਸ ਮੇਲੇ ਵਿੱਚ ਸ਼ਹਿਦ ਮੱਖੀ ਪਾਲਣ ਕਿੱਤੇ ਨਾਲ ਸਬੰਧਿਤ ਸਾਰੇ ਹੀ ਵਰਗ ਬੜੇ ਚਾਅ ਅਤੇ ਉਤਸ਼ਾਹ ਨਾਲ ਸਿਰਫ ਪੰਜਾਬ ਵਿਚੋਂ ਹੀ ਨਹੀਂ ਆਏ ਸਗੋਂ ਸਾਰੇ ਦੇਸ਼ ਵਿਚੋਂ ਪੁੱਜੇ ਹਨ।
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਫਲੋਰੀਕਲਚਰ ਡਾ: ਰਮੇਸ਼ ਕੁਮਾਰ ਸਦਾਵਰਤੀ ਨੇ ਆਖਿਆ ਕਿ ਸ਼ਹਿਦ ਦੀਆਂ ਮੱਖੀਆਂ ਦਾ ਫੁੱਲਾਂ ਨਾਲ ਪੱਕਾ ਸਾਕ ਹੈ ਅਤੇ ਪੀਲੇ, ਚਿੱਟੇ ਜਾਂ ਜਾਮਣੀ ਫੁੱਲਾਂ ਤੇ ਸ਼ਹਿਦ ਦੀਆਂ ਮੱਖੀਆਂ ਵਧੇਰੇ ਆਕਰਸ਼ਿਤ ਹੁੰਦੀਆਂ ਹਨ। ਉਨ੍ਹਾਂ ਆਖਿਆ ਕਿ ਥੋੜ੍ਹੇ ਖਰਚ ਅਤੇ ਥੋੜ੍ਹੀ ਜਗ੍ਹਾ ਵਿੱਚ ਕੀਤੇ ਜਾਣ ਵਾਲਾ ਇਹ ਕਿੱਤਾ ਥੋੜ੍ਹ ਜ਼ਮੀਨੇ ਕਿਸਾਨਾਂ ਨੂੰ ਵੀ ਆਰਥਿਕ ਤੌਰ ਤੇ ਮਜ਼ਬੂਤੀ ਦਿਵਾਉਂਦਾ ਹੈ। ਉਨ੍ਹਾਂ ਆਖਿਆ ਕਿ ਕਬਾਇਲੀ ਇਲਾਕਿਆਂ ਵਿੱਚ ਰੁਜ਼ਗਾਰ ਕਮਾਉਣ ਲਈ ਸ਼ਹਿਦ ਦੀਆਂ ਮੱਖੀਆਂ ਦੀ ਪਾਲਣਾ ਬੇਹੱਦ ਜ਼ਰੂਰੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡੀਨ ਖੇਤੀਬਾੜੀ ਕਾਲਜ ਡਾ: ਦਵਿੰਦਰ ਸਿੰਘ ਚੀਮਾ ਨੇ ਆਖਿਆ ਕਿ ਇਸ ਵੇਲੇ 2.5 ਲੱਖ ਮਧੂ ਮੱਖੀ ਕਾਲੋਨੀਆਂ ਪੰਜਾਬ ਵਿੱਚ ਪਲ ਰਹੀਆਂ ਹਨ ਅਤੇ ਦੇਸ਼ ਦਾ 30 ਫੀ ਸਦੀ ਸ਼ਹਿਦ ਪੰਜਾਬ ਪੈਦਾ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਬੀ ਐਸ ਸੀ ਖੇਤੀਬਾੜੀ ਅਤੇ ਐਮ ਐਸ ਸੀ ਖੇਤੀਬਾੜੀ ਵਿੱਚ ਮਧੂ ਮੱਖੀਆਂ ਬਾਰੇ ਸਿਖਲਾਈ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ। ਤਕਨੀਕੀ ਸੈਸ਼ਨ ਵਿੱਚ ਮਧੂ ਮੱਖੀ ਪਾਲਣ ਦੇ ਕਿੱਤੇ ਨਾਲ ਸੰਬੰਧਿਤ ਉੱਘੇ ਮਾਹਿਰ ਅਤੇ ਇਸ ਕਿੱਤੇ ਵਿੱਚ ਲੱਗੇ ਕਿਸਾਨਾਂ ਨੇ ਆਪਸੀ ਵਿਚਾਰ ਵਟਾਂਦਰੇ ਦੌਰਾਨ ਭਵਿੱਖ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਗਿਆਨ ਵਿਗਿਆਨ ਦੇ ਸਹਾਰੇ ਦੀ ਗੱਲ ਕਹੀ। ਇਸ ਸ਼ਹਿਦ ਮੇਲੇ ਦੇ ਪਹਿਲੇ ਦਿਨ ਕੀਟ ਵਿਗਿਆਨ ਵਿਭਾਗ ਦੇ ਪੁਰਾਣੇ ਵਿਗਿਆਨੀਆਂ ਵਿਚੋਂ ਡਾ: ਬਲਦੇਵ ਸਿੰਘ ਚਾਹਲ, ਡਾ: ਬਲਦੇਵ ਸਿੰਘ ਸੰਧੂ, ਡਾ: ਗੁਰਜੰਟ ਸਿੰਘ ਗਟੋਰੀਆ, ਡਾ: ਗੁਰਮੇਲ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਅਨੇਕਾਂ ਪ੍ਰਮੁਖ ਵਿਗਿਆਨੀ ਹਾਜ਼ਰ ਸਨ।