ਜੰਗ ਕਿਸੇ ਮਸਲੇ ਦਾ ਹੱਲ ਨਾ ਪਿਆਰਿਓ।
ਭੁੱਲ ਕੇ ਵੀ ਜਾਇਓ ਜੰਗ ਵੱਲ ਨਾ ਪਿਆਰਿਓ।
ਜੰਗ ਵਾਲੀ ਭੱਠੀ ਵਿੱਚ ਤਪੇ ਕੋਈ ਦੇਸ਼ ਨਾ,
ਏਸ ਦਾ ਸੰਤਾਪ ਭੋਗੇ ਕੋਈ ਵੀ ਹਮੇਸ਼ ਨਾ।
ਘਿਰਣਾ ਨੂੰ ਬੀਜਿਓ ਦੁਵੱਲ ਨਾ ਪਿਆਰਿਓ
ਜੰਗ…
ਹੋਣੇ ਨੇ ਸ਼ਹੀਦ ਦੋਹੀਂ ਪਾਸੀਂ ਪੁੱਤ ਮਾਵਾਂ ਦੇ,
ਮਾਸੂਮਾਂ ਦੇ ਬਾਪ, ਵੀਰ ਭੈਣਾਂ ਤੇ ਭਰਾਵਾਂ ਦੇ।
ਜ਼ਿੰਦਗੀ ‘ਚੋਂ ਮਿਟਣੇ ਇਹ ਸੱਲ ਨਾ ਪਿਆਰਿਓ
ਜੰਗ…
ਏਸ ਦੀ ਤਬਾਹੀ ਨੇ, ਉਜਾੜੇ ਪਾਏ ਲੋਕਾਂ ਦੇ,
ਕਰਨੇ ਬਿਆਨ ਕੀ ਨੇ, ਆਪਾਂ ਹੱਥ-ਠੋਕਾਂ ਦੇ।
ਭੁੱਲੀ ਅਜੇ ਕੱਲ੍ਹ ਦੀ ਇਹ ਗੱਲ ਨਾ ਪਿਆਰਿਓ
ਜੰਗ…
ਮਸਾਂ ਮਸਾਂ ਗੱਲ ਚੱਲੀ, ਸਾਂਝ ਤੇ ਪਿਆਰ ਦੀ,
ਪੁਸ਼ਤਾਂ ਦੀ ਗੰਢ ਅਤੇ ਕੌਲ ਇਕਰਾਰ ਦੀ।
ਨਫਰਤਾਂ ਦੀ ਕਰੋ ਮੁੜ ਗੱਲ ਨਾ ਪਿਆਰਿਓ
ਜੰਗ…
ਆਓ ‘ਦੀਸ਼’ ਸਿੰਜ ਲਈਏ, ਅਮਨਾਂ ਦੇ ਰੁੱਖ ਨੂੰ,
ਰੋਕ ਲਈਏ ਧਰਤੀ ਦੀ ਬਾਂਝ ਹੋਣੋ ਕੁੱਖ ਨੂੰ।
ਚੜ੍ਹੇ ਇਹ ਲੜਾਈ ਵਾਲਾ ਝੱਲ ਨਾ ਪਿਆਰਿਓ
ਜੰਗ…