ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-1984 ਦੇ ਦਿੱਲੀ ਸਿੱਖ ਕਤਲੇਆਮ ਦੌਰਾਨ ਸੁਲਤਾਨਪੁਰੀ ਇਲਾਕੇ ਦੀ ਘਟਨਾ ਨਾਲ ਸਬੰਧਤ ਮਾਮਲੇ ਵਿਚ ਸੱਜਣ ਕੁਮਾਰ ਸਮੇਤ ਹੋਰ ਦੋਸ਼ੀਆਂ ਨੂੰ ਬਰੀ ਕਰਨ ਨਾਲ 38 ਸਾਲਾਂ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੇ ਪੀੜਤਾਂ ਨੂੰ ਗਹਿਰੀ ਮਾਨਸਿਕ ਸੱਟ ਵੱਜੀ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਨਾਲ ਦੋਸ਼ੀ ਰਿਹਾਅ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰਾਂ ਦੀ ਇਹ ਜ਼ੁੰਮੇਵਾਰੀ ਹੈ ਕਿ ਸਿੱਖ ਵਿਰੋਧੀ ਕਰੂਰਕਾਰੇ ਦੇ ਸੱਚ ਨੂੰ ਅਦਾਲਤਾਂ ਸਾਹਮਣੇ ਪੇਸ਼ ਕਰਨ। ਪਰ ਸਰਕਾਰਾਂ ਸਹੀ ਤਰੀਕੇ ਨਾਲ ਪੱਖ ਰੱਖਣ ਵਿਚ ਨਾਕਾਮ ਸਾਬਤ ਹੋ ਰਹੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੱਜਣ ਕੁਮਾਰ ਦਿੱਲੀ ਸਿੱਖ ਕਤਲੇਆਮ ਦੇ ਕਈ ਮਾਮਲਿਆਂ ਵਿਚ ਦੋਸ਼ੀ ਹੈ ਅਤੇ ਮੌਜੂਦਾ ਸਮੇਂ ਵੀ ਜੇਲ੍ਹ ਅੰਦਰ ਸਜ਼ਾ ਕੱਟ ਰਿਹਾ ਹੈ। ਇਸ ਤੋਂ ਵੱਧ ਹੋਰ ਸਬੂਤ ਕੀ ਹੋ ਸਕਦਾ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇਸ ਫੈਸਲੇ ਖਿਲਾਫ਼ ਉੱਚ ਅਦਾਲਤ ਵਿਚ ਹਰ ਤਰ੍ਹਾਂ ਦੀ ਕਾਨੂੰਨੀ ਵਾਸਤੇ ਪਿੱਛੇ ਨਹੀਂ ਹਟੇਗੀ।
ਸਿੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ’ਚ ਸੱਜਣ ਕੁਮਾਰ ਤੇ ਹੋਰਾਂ ਨੂੰ ਬਰੀ ਕਰਨਾ ਦੁਖਦਾਈ- ਐਡਵੋਕੇਟ ਧਾਮੀ
This entry was posted in ਪੰਜਾਬ.