ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਖੇ ਹੋਏ ਨਵੰਬਰ 1984 ਵਿਚ ਸਿੱਖ ਕਤਲੇਆਮ ਦੇ ਪੀੜੀਤਾਂ ਦੇ ਜਖਮ ਹਾਲੇ ਵੀਂ ਨਹੀਂ ਭਰੇ ਹਨ। ਬੀਤੇ ਦਿਨੀਂ ਸੱਜਣ ਕੁਮਾਰ ਨੂੰ ਇਕ ਮਾਮਲੇ ਵਿਚ ਬਰੀ ਕਰਣ ਅਤੇ ਆਪਣੀਆਂ ਮੰਗਾ ਨੂੰ ਲੈ ਕੇ ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਮਾਰਚ ਕਢ ਕੇ ਜੰਤਰ ਮੰਤਰ ਤੇ ਸ਼ਾਂਤ ਮਈ ਧਰਨਾ ਦਿੱਤਾ । ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਮੰਗ ਪੱਤਰ ਵਿਚ ਕਿਹਾ ਕਿ ਅਸੀਂ ਸਾਰੇ, 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਪਰਿਵਾਰ, ਤੁਹਾਡੇ ਨਾਲ ਨਾਰਾਜ਼ ਹਾਂ ਕਿ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੀ ਸੀਬੀਆਈ ਜਾਂਚ ਨਹੀਂ ਕਰ ਰਹੀ। ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉੱਚ ਪੱਧਰੀ ਵਕੀਲਾਂ ਦੀ ਨਿਯੁਕਤੀ ਕਰਕੇ ਹਾਈ ਕੋਰਟ ਵਿੱਚ ਅਪੀਲਾਂ ਅਤੇ ਦਲੀਲਾਂ ਦਾਇਰ ਕਰੇ, ਤਾਂ ਜੋ ਦੋਸ਼ੀਆਂ ਨੂੰ ਆਪਣੇ ਵੱਲੋਂ ਕੀਤੇ ਗਏ ਜੁਰਮਾਂ ਦੀ ਸਖ਼ਤ ਤੋਂ ਸਖ਼ਤ ਸਜ਼ਾ ਮਿਲ ਸਕੇ।
ਪ੍ਰਧਾਨ ਮੰਤਰੀ ਜੀ, ਦੇਸ਼ ਦੇ ਵਿਕਾਸ ਅਤੇ ਗਰੀਬਾਂ ਦਾ ਸਮਰਥਨ ਕਰਨ ਦੇ ਤੁਹਾਡੇ ਵਿਚਾਰ ਦੇ ਕਾਰਨ, ਅਸੀਂ ਪੀੜਤ ਪਰਿਵਾਰ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਹੇਠਲੀ ਅਦਾਲਤ ਤੋਂ ਮਿਲੀ ਰਾਹਤ ਵਿਰੁੱਧ ਸੀ.ਬੀ.ਆਈ. ਹਾਈ ਕੋਰਟ ਵਿੱਚ ਅਪੀਲ ਹੋਣੀ ਚਾਹੀਦੀ ਹੈ, ਤਾਂ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾ ਸਕੇ। ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਭਾਰਤ ਸਰਕਾਰ ਨੂੰ ਸਿੱਖ ਕਤਲੇਆਮ ਦੇ ਪੀੜਤਾਂ ਨੂੰ 25,00,000/- ਰੁਪਏ ਅਤੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਜ਼ਖਮੀ ਪਰਿਵਾਰਾਂ ਨੂੰ 5,00,000/- ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰਨੀ ਚਾਹੀਦੀ ਹੈ। ਕਤਲੇਆਮ ਪੀੜਤ ਵਿਧਵਾਵਾਂ ਅਤੇ ਨੌਕਰੀਆਂ ਨਾ ਮਿਲ ਸਕਣ ਵਾਲੀਆਂ ਮਾਵਾਂ ਦੀ ਪੈਨਸ਼ਨ 2500/- ਰੁਪਏ ਤੋਂ ਵਧਾ ਕੇ 10,000/- ਰੁਪਏ ਕੀਤੀ ਜਾਵੇ। ਸਾਰੇ ਸਿੱਖ ਕਤਲੇਆਮ ਪੀੜਤਾਂ ਨੂੰ ਅਲਾਟ ਹੋਏ ਫਲੈਟਾਂ ਦੇ ਮਾਲਕੀ ਹੱਕ ਦਿੱਤੇ ਜਾਣ।
ਇਸ ਰੋਸ ਧਰਨੇ ਵਿਚ ਭਗਤ ਸਿੰਘ (ਪ੍ਰਧਾਨ), ਬਾਬੂ ਸਿੰਘ ਦੁਖੀਆ (ਸਾਬਕਾ ਪ੍ਰਧਾਨ), ਮੋਹਨ ਸਿੰਘ (ਸਾਬਕਾ ਪ੍ਰਧਾਨ), ਮਨਚਾ ਸਿੰਘ (ਪ੍ਰਧਾਨ), ਜਰਨੈਲ ਸਿੰਘ, ਮੋਤੀ ਸਿੰਘ, ਚਰਨ ਸਿੰਘ ਤੇ ਤਿਲਕ ਵਿਹਾਰ ਦਿੱਲੀ ਦੇ ਰੋਹਿਣੀ ਸਾਈਂ ਸਮੇਤ ਚੰਦਰ ਵਿਹਾਰ, ਨਿਹਾਲ ਵਿਹਾਰ, ਮਾਦੀਪੁਰ, ਕਾਲਕਾ ਜੀ, ਬਦਰਪੁਰ, ਮੰਗੋਲਪੁਰੀ, ਸੁਲਤਾਨਪੁਰੀ, ਰਾਜਾ ਗਾਰਡਨ, ਫਤਿਹ ਨਗਰ, ਤਿਲਕ ਨਗਰ, ਤ੍ਰਿਲੋਕਪੁਰੀ, ਕਲਿਆਣਪੁਰੀ ਤੋਂ ਵੀ ਸੰਗਤਾਂ ਨੇ ਸ਼ਮੂਲੀਅਤ ਕੀਤੀ।