ਦਿੱਲੀ ਟ੍ਰੈਫਿਕ ਪੁਲਿਸ ਨੇ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਦੀਆਂ ਗੱਡੀਆਂ ਦੇ 1 ਕਰੋੜ ਰੁਪਏ ਦੇ ਚਲਾਨ ਕੱਟੇ

gurdwara-sis-ganj-sahib-2.resizedਨਵੀਂ ਦਿੱਲੀ – ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਆਪਣੀਆਂ ਗੱਡੀਆਂ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ, ਚਾਂਦਨੀ ਚੌਂਕ ਜਾਣ ਵਾਲੇ ਸ਼ਰਧਾਲੂਆਂ ਨੂੰ ਕਥਿਤ ‘ਨੋ ਐਂਟਰੀ’ ਆਦੇਸ਼ ਦੀ ਉਲੰਘਣਾ ਦੇ ਤਹਿਤ ਭੇਜੇ ਜਾ ਰਹੇ ਚਲਾਨਾਂ ਨੂੰ ਰੱਦ ਕਰਨ ਦੀ ਜਾਗੋ ਪਾਰਟੀ ਨੇ ਮੰਗ ਕੀਤੀ ਹੈ। ਜਾਗੋ ਪਾਰਟੀ ਦੇ ਇੰਟਰਨੈਸ਼ਨਲ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਸਬੰਧੀ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਦੀ ਕਾਰ ਪਾਰਕਿੰਗ ਵਿੱਚ ਜਾਣ ਵਾਲੀਆਂ ਗੱਡੀਆਂ ਦੇ ਮਾਲਕਾਂ ਨੂੰ ਦਿੱਲੀ ਟ੍ਰੈਫਿਕ ਪੁਲੀਸ ਵੱਲੋਂ ਭੇਜੇ ਗਏ ਕਥਿਤ ਨੋ ਐਂਟਰੀ ਚਲਾਨ ਰੱਦ ਕਰਨ ਅਤੇ ਗੁਰਦੁਆਰਾ ਸਾਹਿਬ ਦੇ ਬਾਹਰੋਂ ਨੋ ਐਂਟਰੀ ਜ਼ੋਨ ਹਟਾਉਣ ਦੀ ਮੰਗ ਕੀਤੀ ਹੈ। ਜੀਕੇ ਨੇ ਪੁਲਿਸ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਦੱਸਿਆ ਹੈ ਕਿ ਦਿੱਲੀ ਦੇ ਚਾਂਦਨੀ ਚੌਕ ਸਥਿਤ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਆਪਣੀਆਂ ਗੱਡੀਆਂ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ। ਕਥਿਤ “ਨੋ ਐਂਟਰੀ” ਆਦੇਸ਼ ਦੀ ਉਲੰਘਣਾ ਦੇ ਕਾਰਨ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ 20,000/- ਰੁਪਏ ਦੇ ਜੁਰਮਾਨੇ ਦੇ ਚਾਲਾਨ ਭੇਜੇ ਜਾ ਰਹੇ ਹਨ। ਲਗਭਗ 1 ਕਰੋੜ ਰੁਪਏ ਦੇ ਅਜਿਹੇ ਚਲਾਨ ਸ਼ਰਧਾਲੂਆਂ ਰਾਹੀਂ ਸਾਡੇ ਤੱਕ ਪਹੁੰਚ ਚੁੱਕੇ ਹਨ। ਇਸ ਵਿੱਚ ਦੋਪਹੀਆ ਤੋਂ ਚਾਰ ਪਹੀਆ ਗੱਡੀਆਂ ਦੇ ਚਲਾਨ ਵੀ ਸ਼ਾਮਲ ਹਨ। ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅਪ੍ਰੈਲ 2023 ਵਿੱਚ ਲਾਲ ਕਿਲੇ ਦੇ ਮੈਦਾਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਿਰਕਤ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਿਹਾ ਸੀ ਕਿ, “ਇਹ ਲਾਲ ਕਿਲ੍ਹਾ ਇੰਨੇ ਕਾਲਖੰਡਾਂ ਦਾ ਗਵਾਹ ਰਿਹਾ ਹੈ। ਇਹਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਦੇਖੀ ਹੈ। ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦੀ ਜ਼ਾਲਮ ਸੋਚ ਦੇ ਸਾਹਮਣੇ ਚਟਾਨ ਵਾਂਗ ਖੜੇ ਸਨ। ਔਰੰਗਜ਼ੇਬ ਅਤੇ ਉਸ ਦੇ ਜ਼ਾਲਮਾਂ ਨੇ ਸਿਰ ਧੜ ਤੋਂ ਵੱਖ ਕਰ ਦਿੱਤੇ ਹੋਣ ਪਰ ਉਹ ਸਾਨੂੰ ਸਾਡੇ ਸੱਭਿਆਚਾਰ ਤੋਂ ਵੱਖ ਨਹੀਂ ਕਰ ਸਕੇ।”

IMG_20230926_135843.resized

ਪਰ ਦੂਜੇ ਪਾਸੇ ਦਿੱਲੀ ਟ੍ਰੈਫਿਕ ਪੁਲਿਸ ਇਸ ਅਸਥਾਨ ‘ਤੇ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਅਣਪਛਾਤੇ ਕਾਰਨਾਂ ਕਰਕੇ ਨੋ ਐਂਟਰੀ ਦੇ ਚਲਾਨ ਭੇਜ ਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਹੀ ਹੈ ਅਤੇ ਦੋਪਹੀਆ ਵਾਹਨਾਂ ਦੇ ਚਲਾਨ ਉਨ੍ਹਾਂ ਦੀ ਗੱਡੀ ਦੀ ਕੀਮਤ ਤੋਂ ਵੱਧ ਜੁਰਮਾਨੇ ਦੇ ਭੇਜੇ ਜਾ ਰਹੇ ਹਨ। ਜਦੋਂ ਕਿ ਅਸਲ ਵਿਚ ਲਾਲ ਕਿਲੇ ਤੋਂ ਫਤਿਹਪੁਰੀ ਨੂੰ ਜਾਣ ਵਾਲੀ ਸੜਕ ਨੂੰ ਦਿੱਲੀ ਟ੍ਰੈਫਿਕ ਪੁਲਿਸ ਨੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਨੋ ਐਂਟਰੀ ਜ਼ੋਨ ਐਲਾਨ ਕੀਤਾ ਹੋਇਆ ਹੈ। ਪਰ ਕੋਡੀਆ ਪੁਲ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਦੀ ਸੜਕ ਨੂੰ ਹੁਣ ਜ਼ਬਰਦਸਤੀ ਨੋ ਐਂਟਰੀ ਜ਼ੋਨ ਐਲਾਨਿਆ ਜਾ ਰਿਹਾ ਹੈ। ਨੋ ਐਂਟਰੀ ਜ਼ੋਨ ਬਾਰੇ ਡਰਾਈਵਰਾਂ ਨੂੰ 20000/ ਰੁਪਏ ਚਾਲਾਨ ਦੀ ਚੇਤਾਵਨੀ ਦੇਣ ਵਾਲਾ ਬੋਰਡ “ਯੈੱਸ ਬੈਂਕ” ਦੀ ਚਾਂਦਨੀ ਚੌਕ ਬ੍ਰਾਂਚ ਦੇ ਬਾਹਰ ਲਗਾਇਆ ਗਿਆ ਹੈ, ਜੋ ਕਿ ਕੋਡੀਆ ਪੁਲ ਤੋਂ ਆਉਣ ਵਾਲੇ ਰਸਤੇ ਉਤੇ ਹੈ। ਕੁਝ ਸ਼ਰਧਾਲੂਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਸਾਰੀ ਕਵਾਇਦ ਟ੍ਰੈਫਿਕ ਪੁਲਿਸ ਦੇ ਕੁਝ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀਆਂ ਕਾਰਾਂ ਓਮੈਕਸ ਮਾਲ ਜੋ ਕਿ ਕੋਡੀਆ ਪੁਲ ਰੋਡ ਉਤੇ ਖੁੱਲ੍ਹਣ ਜਾ ਰਿਹਾ ਹੈ, ਦੀ ਕਾਰ ਪਾਰਕਿੰਗ ‘ਚ ਪੈਸੇ ਦੇ ਕੇ ਮਜਬੂਰੀ ਵੱਸ ਗੱਡੀਆਂ ਖੜ੍ਹੀਆਂ ਕਰਵਾਉਣ ਦੀ ਮੰਸ਼ਾ ਨਾਲ ਕੀਤੀ ਜਾ ਰਹੀ ਹੈ ਙ ਇਸ ਲਈ ਇਸ ਇਲਾਕੇ ਨੂੰ ਗੈਰ-ਕਾਨੂੰਨੀ ਅਤੇ ਮਨਮਾਨੇ ਢੰਗ ਨਾਲ ਨੋ ਐਂਟਰੀ ਜ਼ੋਨ ਬਣਾਇਆ ਜਾ ਰਿਹਾ ਹੈ। ਇਸ ਲਈ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਭੇਜੇ ਗਏ ਸਾਰੇ ਨੋ ਐਂਟਰੀ ਚਲਾਨ ਤੁਰੰਤ ਰੱਦ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਨੋ ਐਂਟਰੀ ਜ਼ੋਨ ਦੇ ਲੱਗੇ ਬੋਰਡ ਤੁਰੰਤ ਹਟਾਏ ਜਾਣ। ਇਹ 2025 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆ ਰਹੇ 350ਵੇਂ ਸ਼ਹੀਦੀ ਪੁਰਬ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਇਹ ਬਹੁਤ ਵੱਡੀ ਸੇਵਾ ਹੋਵੇਗੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>