ਅੰਮ੍ਰਿਤਸਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ 150 ਸਾਲਾ ਸਥਾਪਨਾ ਦਿਹਾੜਾ ਅੱਜ ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕ ਵਿਸ਼ਾਲ ਗੁਰਮਤਿ ਸਮਾਗਮ ਕਰਕੇ ਮਨਾਇਆ ਗਿਆ। ਇਸ ਸ਼ਤਾਬਦੀ ਸਮਾਗਮ ਮੌਕੇ ਵੱਡੀ ਗਿਣਤੀ ’ਚ ਸਿੱਖ ਪੰਥ ਦੀ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ, ਜਿਨ੍ਹਾਂ ਨੇ ਸਿੰਘ ਸਭਾ ਲਹਿਰ ਦੇ ਇਤਿਹਾਸ ਅਤੇ ਯੋਗਦਾਨ ਦੀ ਰੌਸ਼ਨੀ ’ਚ ਸਿੱਖ ਕੌਮ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਦਾ ਇਕਜੁਟਤਾ ਨਾਲ ਮੁਕਾਬਲਾ ਕਰਨ ਲਈ ਕਿਹਾ। ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਇਕ ਪ੍ਰਚੰਡ ਧਰਮ ਪ੍ਰਚਾਰ ਲਹਿਰ ਨੂੰ ਅੱਗੇ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ 150 ਸਾਲ ਪਹਿਲਾਂ ਸ਼ੁਰੂ ਹੋਈ ਸਿੰਘ ਸਭਾ ਲਹਿਰ ਨੇ ਤਤਕਾਲੀ ਚੁਣੌਤੀਆਂ ਵਿਰੁੱਧ ਸਿੱਖ ਕੌਮ ਅੰਦਰ ਚੇਤੰਨ ਦਸਤਕ ਦਿੱਤੀ ਸੀ, ਜਿਸ ਦਾ ਪ੍ਰਭਾਵ ਹਰ ਸਿੱਖ ਨੇ ਕਬੂਲਿਆ ਸੀ। ਉਨ੍ਹਾਂ ਆਖਿਆ ਕਿ ਅੱਜ ਵੀ ਕਈ ਚੁਣੌਤੀਆਂ ਕੌਮ ਦੇ ਸਾਹਮਣੇ ਹਨ, ਜਿਨ੍ਹਾਂ ਦਾ ਮੁਕਾਬਲਾ ਇਤਿਹਾਸ ਤੋਂ ਸੇਧ ਲੈ ਕੇ ਕਰਨਾ ਪਵੇਗਾ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਤਤਕਾਲੀ ਹਾਲਾਤ ਵਾਂਗ ਮੌਜੂਦਾ ਸਮੇਂ ਵੀ ਇਸਾਈਅਤ ਦਾ ਭਰਮਜਾਲ ਧਰਮ ਪ੍ਰਚਾਰ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਸਾਈ ਧਰਮ ਦੇ ਪ੍ਰਚਾਰ ਕੇਂਦਰ ਖੋਲ੍ਹਣ ਵਾਸਤੇ ਵੱਧ ਪੈਸੇ ਦਾ ਲਾਲਚ ਦੇ ਕੇ ਜ਼ਮੀਨਾਂ ਲੈਣ ਦੀਆਂ ਕਈ ਸ਼ਿਕਾਇਤਾਂ ਪੁੱਜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਮੀਦਾਰਾਂ ਨੂੰ ਸੁਚੇਤ ਹੋ ਕੇ ਇਸ ਵਰਤਾਰੇ ’ਤੇ ਰੋਕ ਲਗਾਉਣੀ ਪਵੇਗੀ, ਤਾਂ ਜੋ ਸਿੱਖ ਸੱਭਿਆਚਾਰ ਵਿਰੁੱਧ ਗਤੀਵਿਧੀਆਂ ਅੱਗੇ ਨਾ ਵਧਣ। ਅਜਿਹੇ ਹਾਲਾਤ ਦਾ ਮੁਕਾਬਲਾ ਕਰਨ ਲਈ ਸਿੱਖ ਸੰਸਥਾਵਾਂ ਦੇ ਨਾਲ-ਨਾਲ ਹਰ ਸਿੱਖ ਨੂੰ ਪ੍ਰਚਾਰਕ ਬਣ ਕੇ ਵਿਚਰਨਾ ਪਵੇਗਾ ਅਤੇ ਆਪਣੀ ਜ਼ੁੰਮੇਵਾਰੀ ਨਿਭਾਉਣੀ ਪਵੇਗੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੰਘ ਸਭਾ ਲਹਿਰ ਦੇ ਮੋਢੀਆਂ ਨੇ ਸਿੱਖ ਧਰਮ ਅਤੇ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕੀਤੀ ਅਤੇ ਸਿੱਖਾਂ ਨੂੰ ਆਪਣੇ ਕੌਮੀ ਫ਼ਰਜ਼ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਇਹ ਵਰਕੇ ਕੌਮ ਲਈ ਪ੍ਰੇਰਣਾ ਸਰੋਤ ਹਨ। ਧਰਮ ਦੇ ਵਿਸ਼ਵਾਸ਼ਾਂ ਪ੍ਰਤੀ ਦ੍ਰਿੜ੍ਹਤਾ ਹੀ ਕੌਮੀ ਚੁਣੌਤੀਆਂ ਵਿੱਚੋਂ ਬਾਹਰ ਕੱਢ ਸਕਦੀ ਹੈ। ਇਸ ਦੀ ਉਦਾਹਰਣ ਸਿੰਘ ਸਭਾ ਲਹਿਰ ਦਾ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਸਿੱਖੀ ਨੂੰ ਚੁਣੌਤੀਆਂ ਹਰ ਸਮੇਂ ਰਹੀਆਂ ਹਨ। ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਿੱਖੀ ਦੇ ਮਨੁੱਖਤਾਵਾਦੀ ਸਿਧਾਂਤ ਹਾਕਮ ਸਰਕਾਰਾਂ ਨੂੰ ਰੜਕਦੇ ਰਹੇ ਹਨ। ਇਸੇ ਕਰਕੇ ਹੀ ਸਮੇਂ-ਸਮੇਂ ਕੌਮ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ। ਐਡਵੋਕੇਟ ਧਾਮੀ ਨੇ ਕਿਹਾ ਕਿ ਇਤਿਹਾਸ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ ਕਿ ਚੁਣੌਤੀਆਂ ਦੇ ਹੱਲ ਇਕਜੁਟਤਾ ਨਾਲ ਹੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੀ ਪੰਥ ਵਿਰੋਧੀ ਸ਼ਕਤੀਆਂ ਸਿੱਖੀ ਦੀ ਗੱਲ ਕਰਨ ਵਾਲੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ’ਤੇ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦੇ ਮੁਕਾਬਲੇ ਲਈ ਚੇਤੰਨ ਅਤੇ ਬੌਧਿਕ ਤੌਰ ’ਤੇ ਤਿਆਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਨੌਜੁਆਨੀ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਸੰਯੁਕਤ ਹੰਭਲੇ ਦੀ ਲੋੜ ਹੈ, ਤਾਂ ਜੋ ਕੌਮ ਦੇ ਬੇਹਤਰ ਭਵਿੱਖ ਲਈ ਇਕ ਸਿੱਖੀ ਨੂੰ ਪ੍ਰਨਾਈ ਹੋਈ ਪਨੀਰੀ ਪੈਦਾ ਹੋ ਸਕੇ। ਇਸ ਖੇਤਰ ਵਿਚ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਇਸ ਦੇ ਸਹਿਯੋਗ ਵਿਚ ਸਿੱਖ ਸੰਗਤ ਨੂੰ ਆਪਣੀ ਵੱਡੀ ਭੂਮਿਕਾ ਵਿਚ ਆਉਣਾ ਚਾਹੀਦਾ ਹੈ।
ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕੌਮ ਦਾ ਇਤਿਹਾਸ ਭਵਿੱਖ ਦੀਆਂ ਤਰਜ਼ੀਹਾਂ ਨਿਰਧਾਰਤ ਕਰਨ ਲਈ ਸ਼ਕਤੀ ਸੋਮੇ ਦਾ ਕੰਮ ਕਰਦਾ ਹੈ। ਸਿੰਘ ਸਭਾ ਲਹਿਰ ਨੇ ਕੌਮ ਨੂੰ ਇਕ ਮਾਰਗ ਦਰਸ਼ਨ ਦਿੱਤਾ ਹੈ, ਜਿਸ ਦੀ ਰੌਸ਼ਨੀ ਵਿਚ ਪੰਥਕ ਸੰਸਥਾਵਾਂ ਦੇ ਕਾਰਜਾਂ ਨੂੰ ਸਮਰਥਨ ਬੇਹੱਦ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕੌਮ ਵਿਰੋਧੀ ਲੋਕ ਸਿੱਖ ਸੰਸਥਾਵਾਂ ਨੂੰ ਖੇਰੂ-ਖੇਰੂ ਕਰਨ ਲਈ ਪੱਬਾਂ ਭਾਰ ਹੋ ਰਹੇ ਹਨ, ਜਿਸ ਪ੍ਰਤੀ ਕੌਮ ਨੂੰ ਸੁਚੇਤ ਰਹਿਣਾ ਪਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਆਗੂ ਪ੍ਰੋ. ਸ਼ਾਮ ਸਿੰਘ ਚੰਡੀਗੜ੍ਹ ਨੇ ਵੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਪਹਿਰੇਦਾਰੀ ਲਈ ਪ੍ਰੇਰਣਾ ਕੀਤੀ।
ਸਮਾਗਮ ਮੌਕੇ ਧਾਰਮਿਕ ਪ੍ਰੀਖਿਆ ਵਿੱਚੋਂ ਅਵਲ ਰਹਿਣ ਵਾਲੇ 1552 ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 32 ਲੱਖ ਰੁਪਏ ਦੀ ਰਾਸ਼ੀ ਵੀ ਵੰਡੀ ਗਈ। ਲੰਗਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਸੰਪ੍ਰਦਾ ਵੱਲੋਂ ਕੀਤੀ ਗਈ। ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਤਿਹਾਸ ਨੂੰ ਤਸਵੀਰਾਂ ਰਾਹੀਂ ਪੇਸ਼ ਕਰਦੀ ਚਿੱਤਰਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ।
ਇਸ ਮੌਕੇ ਸ਼੍ਰੋਮਣੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਵੱਲੋਂ ਬਾਬਾ ਭਗਤ ਸਿੰਘ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਮੈਂਬਰ ਸ. ਗੁਰਨਾਮ ਸਿੰਘ ਜੱਸਲ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਗੁਰਮੀਤ ਸਿੰਘ ਬੂਹ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਕੇਵਲ ਸਿੰਘ ਬਾਦਲ, ਸ. ਸਤਵਿੰਦਰ ਸਿੰਘ ਟੌਹੜਾ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਅਮਰੀਕ ਸਿੰਘ ਵਿਛੋਆ, ਸ. ਬਲਦੇਵ ਸਿੰਘ ਕਲਿਆਣ, ਜਥੇਦਾਰ ਗੁਰਲਾਲ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਰਜੀਤ ਸਿੰਘ ਰਾਏਪੁਰ, ਬੀਬੀ ਜੋਗਿੰਦਰ ਕੌਰ ਬਠਿੰਡਾ, ਬੀਬੀ ਜਸਬੀਰ ਸਿੰਘ ਜਫ਼ਰਵਾਲ, ਸ. ਸੁਖਮੀਤ ਸਿੰਘ ਕਾਦੀਆ, ਬੀਬੀ ਜੋਗਿੰਦਰ ਕੌਰ ਧਰਮਕੋਟ, ਸ. ਹਰਦਲਬੀਰ ਸਿੰਘ ਸ਼ਾਹ, ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਸ. ਗੁਰਮਿੰਦਰ ਸਿੰਘ ਚਾਵਲਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਬਾਬਾ ਅਮਨਦੀਪ ਸਿੰਘ ਸੱਤੋਵਾਲੀ ਗਲੀ, ਬਾਬਾ ਸੁਰਿੰਦਰ ਸਿੰਘ ਮਿੱਠਾ ਟਿਵਾਣਾ, ਬਾਬਾ ਹਰਦੇਵ ਸਿੰਘ ਝਾੜ ਸਾਹਿਬ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਪ੍ਰਗਟ ਸਿੰਘ ਮਜੀਠਾ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਨਰਿੰਦਰ ਸਿੰਘ ਦਿੱਲੀ ਵਾਲੇ, ਬਾਬਾ ਨਰਿੰਦਰ ਸਿੰਘ ਵੱਲਾ, ਬਾਬਾ ਜੋਗਾ ਸਿੰਘ ਤਰਨਾ ਦਲ ਵੱਲੋਂ ਬਾਬਾ ਗੁਰਵਿੰਦਰ ਸਿੰਘ, ਬਾਬਾ ਸੂਰਤਾ ਸਿੰਘ ਨਿਰਮਲੇ, ਬਾਬਾ ਸੁਖਵਿੰਦਰ ਸਿੰਘ ਸੁਲਤਾਨਵਿੰਡ, ਸਿੰਘ ਸਭਾਵਾਂ ਵੱਲੋਂ ਸ. ਹੰਸਪਾਲ ਸਿੰਘ ਹੰਸ ਬਟਾਲਾ, ਸ. ਸੁਖਦੇਵ ਸਿੰਘ ਸੰਧਾਵਾਲੀਆ, ਬੀਬੀ ਹਰਪ੍ਰੀਤ ਕੌਰ, ਬੀਬੀ ਸੁਰਿੰਦਰ ਕੌਰ, ਪ੍ਰਿੰਸੀਪਲ ਨਸੀਬ ਸਿੰਘ, ਪ੍ਰਿੰ: ਸਵਰਣ ਸਿੰਘ ਤੁਗਲਵਾਲਾ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਿਜੈ ਸਿੰਘ, ਸ. ਗੁਰਮੀਤ ਸਿੰਘ ਬੁੱਟਰ, ਪ੍ਰੋ. ਸੁਖਦੇਵ ਸਿੰਘ, ਸ. ਸ਼ਾਹਬਾਜ਼ ਸਿੰਘ, ਸ. ਮਨਜੀਤ ਸਿੰਘ ਤਲਵੰਡੀ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਰਾਜਿੰਦਰ ਸਿੰਘ ਰੂਬੀ ਸਮੇਤ ਭਰਵੀਂ ਗਿਣਤੀ ’ਚ ਸੰਗਤਾਂ ਹਾਜ਼ਰ ਸਨ।