ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਨਾਂਦੇੜ ਸੱਚਖੰਡ ਗੁਰਦੁਆਰਾ ਬੋਰਡ ਦੇ ਚੇਅਰਮੈਨ ਸਰਦਾਰ ਡਾ: ਵਿਜੇ ਸਤਬੀਰ ਸਿੰਘ ਨੇ ਕਿਹਾ ਹੈ ਕਿ ਗੁਰਦੁਆਰਾ ਬੋਰਡ ਇੱਥੋਂ ਦੇ ਡਾ: ਸ਼ੰਕਰ ਰਾਓ ਚਵਾਨ ਸਰਕਾਰੀ ਹਸਪਤਾਲ ਨੂੰ ਐਮਰਜੈਂਸੀ ਸਹਾਇਤਾ ਮੁਹੱਈਆ ਕਰਾਉਣ ਹਮੇਸ਼ਾ ਤਿਆਰ ਹੈ। ਇਸ ਸਬੰਧੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਹਸਪਤਾਲ ਨੂੰ ਮਦਦ ਦੇਣ ਦੀ ਗੱਲ ਕੀਤੀ।
ਨਾਂਦੇੜ ਦੇ ਡਾ: ਸ਼ੰਕਰ ਰਾਓ ਚਵਾਨ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਨਵੇ ਜੰਮੇ ਬੱਚਿਆਂ ਅਤੇ ਹੋਰ ਮਰੀਜ਼ਾਂ ਦੀ ਮੌਤ ਦਰ ਵਿੱਚ ਅਚਾਨਕ ਵਾਧਾ ਹੋਇਆ ਹੈ। ਇਸ ਹਸਪਤਾਲ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਗੁਰਦੁਆਰਾ ਬੋਰਡ ਦੇ ਸੁਪਰਡੈਂਟ ਸਰਦਾਰ ਥਾਨ ਸਿੰਘ ਬੁੱਗੀ ਨੇ ਦੱਸਿਆ ਕਿ ਗੁਰਦੁਆਰਾ ਬੋਰਡ ਨੇ ਹਸਪਤਾਲ ਨੂੰ ਫੌਰੀ ਸਹਾਇਤਾ ਦੇਣ ਦੀ ਭੂਮਿਕਾ ਨਿਭਾਈ ਹੈ ਅਤੇ ਹਸਪਤਾਲ ਦੀ ਮੰਗ ਅਨੁਸਾਰ ਮੈਡੀਕਲ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ।
ਗੁਰਦੁਆਰਾ ਬੋਰਡ ਦੇ ਚੇਅਰਮੈਨ ਸਰਦਾਰ ਡਾ. ਵਿਜੇ ਸਤਬੀਰ ਸਿੰਘ ਨੇ ਜ਼ਿਲ੍ਹਾ ਕੁਲੈਕਟਰ ਅਭਿਜੀਤ ਰਾਊਤ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਗੁਰੂਦੁਆਰਾ ਮਨੁੱਖਤਾ ਦੀ ਸੇਵਾ ਵਜੋਂ ਸੇਵਾ ਕਰਨ ਲਈ ਤਿਆਰ ਹੈ। ਹਸਪਤਾਲ ਦੀ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਜਾਣਗੀਆਂ।
24 ਘੰਟਿਆਂ ਵਿੱਚ 24 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਅਤੇ ਅਗਲੇ 24 ਘੰਟਿਆਂ ਵਿੱਚ ਇਹ ਗਿਣਤੀ 41 ਤੱਕ ਪੁੱਜ ਗਈ, ਅਜਿਹੀ ਮੁਸ਼ਕਿਲ ਘੜੀ ਵਿੱਚ ਗੁਰਦੁਆਰਾ ਸੱਚਖੰਡ ਬੋਰਡ ਨੇ ਮਦਦ ਦਾ ਹੱਥ ਵਧਾਇਆ ਹੈ।