ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਸ਼ਹਿਦ ਮੇਲੇ ਦੇ ਦੂਸਰੇ ਦਿਨ ਸ਼ਹਿਦ ਦੀਆਂ ਮੱਖੀਆਂ ਪਾਲਣ ਅਤੇ ਫ਼ਸਲ ਉਤਪਾਦਕਾ ਵਧਾਉਣ ਸੰਬੰਧੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਕੌਮੀ ਮਧੂ ਮੱਖੀ ਬੋਰਡ, ਭਾਰਤ ਸਰਕਾਰ ਦੇ ਡਾਇਰੈਕਟਰ ਡਾ: ਬੀ ਐਲ ਸਾਰਸਵਤ ਨੇ ਕਿਹਾ ਹੈ ਕਿ ਜਿੰਨਾਂ ਚਿਰ ਸ਼ਹਿਦ ਦੀਆਂ ਮੱਖੀਆਂ ਨੂੰ ਵਿਗਿਆਨਕ ਲੀਹਾਂ ਤੇ ਪਾਲਣ ਲਈ ਸਾਡੇ ਕਿਸਾਨ ਪੂਰੀ ਤਰ੍ਹਾਂ ਸੁਚੇਤ ਨਹੀਂ ਹੁੰਦੇ ਉਨਾਂ ਚਿਰ ਇਨ੍ਹਾਂ ਤੋਂ ਵਧੇਰੇ ਆਮਦਨ ਨਹੀਂ ਹੋ ਸਕਦੀ । ਉਨ੍ਹਾਂ ਆਖਿਆ ਕਿ ਕੌਮੀ ਮਧੂ ਮੱਖੀ ਬੋਰਡ ਦਾ ਮਨੋਰਥ ਇਸ ਕਿੱਤੇ ਨੂੰ ਵਿਗਿਆਨਕ ਲੀਹਾਂ ਤੇ ਤੋਰਨਾ ਹੈ ਤਾਂ ਜੋ ਫ਼ਸਲਾਂ ਦੀ ਉਤਪਾਦਕਤਾ ਵਧੇ ਕਿਉਂਕਿ ਇਨ੍ਹਾਂ ਨਾਲ ਪਰਾਗਣ ਕਿਰਿਆ ਤੇਜ਼ ਹੁੰਦੀ ਹੈ। ਡਾ: ਸਾਰਸਵਤ ਨੇ ਆਖਿਆ ਕਿ ਮਧੂ ਮੱਖੀ ਪਾਲਣ ਕਿੱਤੇ ਵਿੱਚ ਮਿਆਰ ਕੰਟਰੋਲ ਢਿੱਲਾ ਹੋਣ ਕਾਰਨ ਸ਼ਹਿਦ ਦੀਆਂ ਮੱਖੀਆਂ ਅਤੇ ਇਸ ਨਾਲ ਸਬੰਧਿਤ ਹੋਰ ਉਤਪਾਦਨ ਬਹੁਤਾ ਲਾਭ ਨਹੀਂ ਦੇ ਰਹੇ। ਉਨ੍ਹਾਂ ਆਖਿਆ ਕਿ ਵਿਗਿਆਨਕ ਸੋਝੀ ਦੀ ਕਮੀ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਮੱਖੀਆਂ ਦੀ ਵੰਨ-ਸੁਵੰਨਤਾ ਦਾ ਨਾ ਹੋਣਾ ਵਪਾਰਕ ਤੌਰ ਤੇ ਇਸ ਨੂੰ ਬਹੁਤਾ ਲਾਹੇਵੰਦ ਨਹੀਂ ਬਣਾ ਰਹੇ। ਡਾ: ਸਾਰਸਵਤ ਨੇ ਆਖਿਆ ਕਿ ਇਸ ਵੇਲੇ ਦੇਸ਼ ਭਰ ਵਿੱਚ 1.6 ਮਿਲੀਅਨ ਮਧੂ ਮੱਖੀ ਕਾਲੋਨੀਆਂ ਹਨ ਜਿਨ੍ਹਾਂ ਤੋਂ ਅੰਦਾਜ਼ਨ 65 ਹਜ਼ਾਰ ਮੀਟਰਕ ਟਨ ਸ਼ਹਿਦ ਪੈਦਾ ਹੁੰਦਾ ਹੈ। ਇਸ ਵਿੱਚ ਜੰਗਲੀ ਮੱਖੀਆਂ ਦਾ ਸ਼ਹਿਦ ਵੀ ਸ਼ਾਮਿਲ ਹੈ। ਡਾ: ਸਾਰਸਵਤ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਕਿੱਤੇ ਦਾ ਆਰੰਭ ਕਰਕੇ ਹੁਣ ਤੀਕ ਅਗਵਾਈ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਇਸ ਤੋਂ ਵੱਡੀਆਂ ਉਮੀਦਾਂ ਹਨ। ਡਾ: ਸਰਸਵਤ ਨੇ ਕਿਹਾ ਕਿ ਫ਼ਸਲਾਂ ਅਧੀਨ ਰਕਬੇ ਦੇ ਲਿਹਾਜ਼ ਨਾਲ ਦੇਸ਼ ਵਿੱਚ 200 ਮਿਲੀਅਨ ਮਧੂ ਮੱਖੀ ਕਾਲੋਨੀਆ ਚਾਹੀਦੀਆਂ ਹਨ ਤਾਂ ਜੋ ਫ਼ਸਲਾਂ ਦਾ ਝਾੜ ਵੀ ਸੁਧਰ ਸਕੇ। ਇਸ ਨਾਲ 215 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।
ਸੈਮੀਨਾਰ ਵਿੱਚ ਵਿਸੇਸ਼ ਮਹਿਮਾਨ ਵਜੋਂ ਪਹੁੰਚੇ ਆਲ ਇੰਡੀਆ ਮਧੂ ਮੱਖੀ ਪਾਲਕ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਡਾ: ਐਨ ਪੀ ਗੋਇਲ ਨੇ ਆਖਿਆ ਕਿ ਵਪਾਰੀਆਂ ਅਤੇ ਵਿਗਿਆਨੀਆਂ ਵਿੱਚ ਨਵੀਆਂ ਰਾਣੀ ਮੱਖੀਆਂ ਵਿਦੇਸ਼ਾਂ ਵਿਚੋਂ ਲਿਆ ਕੇ ਪਾਲਣ ਦੀ ਆਦਤ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰੀਤ ਨੂੰ ਰੋਕਣ ਦੀ ਲੋੜ ਹੈ ਕਿਉਂਕਿ ਇਸ ਨਾਲ ਕੁਝ ਰਾਣੀ ਮੱਖੀਆਂ ਅਜਿਹੀਆਂ ਵੀ ਆ ਰਹੀਆਂ ਹਨ ਜੋ ਲਾਭ ਦੀ ਥਾਂ ਨੁਕਸਾਨ ਕਰ ਰਹੀਆਂ ਹਨ। ਡਾ: ਗੋਇਲ ਨੇ ਆਖਿਆ ਕਿ ਵਿਗਿਆਨੀ ਮਧੂ ਮੱਖੀ ਪਾਲਕ ਅਤੇ ਕਿਸਾਨ ਨੂੰ ਨਿੱਜੀ ਹਿਤਾਂ ਲਈ ਇਹੋ ਜਿਹੇ ਖਤਰਨਾਕ ਤਜਰਬੇ ਨਹੀਂ ਕਰਨੇ ਚਾਹੀਦੇ ਕਿਉਂਕਿ ਇਸ ਨਾਲ ਦੇਸ਼ ਦਾ ਸ਼ਹਿਦ ਉਦਯੋਗ ਖਤਰੇ ਵਿੱਚ ਪੈ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਸ ਯੂਨੀਵਰਸਿਟੀ ਨੇ ਮਧੂ ਮੱਖੀ ਪਾਲਣ ਦੇ ਕਿੱਤੇ ਵਿੱਚ ਮੋਢੀ ਰੋਲ ਅਦਾ ਕੀਤਾ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਨਗਰੋਟਾ ਬੱਗਵਾਂ ਤੋਂ ਲੈ ਕੇ ਹੁਣ ਤੀਕ ਮਧੂ ਮੱਖੀ ਪਾਲਣ ਨੂੰ ਲਾਹੇਵੰਦ ਕਿੱਤੇ ਦੇ ਰੂਪ ਵਿੱਚ ਵਿਕਸਤ ਕੀਤਾ ਹੈ। ਉਨ੍ਹਾਂ ਆਖਿਆ ਕਿ 1976 ਵਿੱਚ ਪਹਿਲੀ ਵਾਰ ਮਧੂ ਮੱਖੀਆਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਸਨ ਅਤੇ ਪੰਜਾਬ ਇਸ ਵੇਲੇ ਇਕੱਲਾ ਹੀ ਢਾਈ ਲੱਖ ਇਟੈਲੀਅਨ ਮਧੂ ਮੱਖੀ ਕਲੋਨੀਆਂ ਪਾਲ ਕੇ 10 ਹਜ਼ਾਰ ਟਨ ਸ਼ਹਿਦ ਹਰ ਵਰ੍ਹੇ ਪੈਦਾ ਕਰ ਰਿਹਾ ਹੈ ਜੋ ਦੇਸ਼ ਦੇ ਕੁੱਲ ਸ਼ਹਿਦ ਉਤਪਾਦਨ ਦਾ 30 ਫੀ ਸਦੀ ਬਣਦਾ ਹੈ। ਉਨ੍ਹਾਂ ਆਖਿਆ ਕਿ ਮੌਸਮ ਵਿੱਚ ਆ ਰਹੀਆਂ ਤਬਦੀਲੀਆਂ ਯਕੀਨਨ ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਇਸ ਸੰਬੰਧ ਵਿੱਚ ਮਹੱਤਵਪੂਰਨ ਖੋਜ ਦੀ ਜ਼ਰੂਰਤ ਹੈ।
ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ: ਅਸ਼ੋਕ ਕੁਮਾਰ ਧਵਨ ਨੇ ਮੁੱਖ ਮਹਿਮਾਨ ਅਤੇ ਆਏ ਕਿਸਾਨਾਂ ਅਤੇ ਵਿਗਿਆਨੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਮਧੂ ਮੱਖੀ ਪਾਲਣ ਕਿੱਤੇ ਦੇ ਅੰਦਰ ਵੀ ਵੰਨ ਸੁਵੰਨਤਾ ਲਿਆਉਣ ਦੀ ਲੋੜ ਹੈ ਤਾਂ ਜੋ ਇਸ ਨੂੰ ਲਾਹੇਵੰਦ ਬਣਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਇਸ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਗਿਆਨਕ ਮਧੂ ਮੱਖੀ ਪਾਲਣ, ਮਧੂ ਮੱਖੀ ਬ੍ਰੀਡਿਗ, ਮਧੂ ਮੱਖੀ ਰੋਗ ਪ੍ਰਬੰਧ, ਮਧੂ ਮੱਖੀ ਲਈ ਲੋੜੀਂਦਾ ਫੁੱਲ ਫੁਲਾਕਾ, ਇਨ੍ਹਾਂ ਰਾਹੀਂ ਪਰਾਗਣ ਕਿਰਿਆ ਤੇਜ਼ ਕਰਨ ਅਤੇ ਮਧੂ ਮੱਖੀ ਪਾਲਣ ਨਾਲ ਸਬੰਧਿਤ ਸੰਦਾਂ ਸੰਬੰਧੀ ਖੋਜ ਤੇ ਜ਼ੋਰ ਲਾਇਆ ਜਾ ਰਿਹਾ ਹੈ। ਤਕਨੀਕੀ ਸੈਸ਼ਨਾਂ ਵਿੱਚ ਡਾ: ਐਨ ਪੀ ਗੋਇਲ, ਡਾ: ਆਰ ਸੀ ਮਿਸ਼ਰਾ ਅਤੇ ਡਾ: ਗੁਰਜੰਟ ਸਿੰਘ ਗਟੋਰੀਆ ਨੇ ਪ੍ਰਧਾਨਗੀ ਕੀਤੀ। ਇਸ ਮੌਕੇ ਪ੍ਰਕਾਸ਼ਤ ਸੋਵੀਨਰ ਵੀ ਜਾਰੀ ਕੀਤਾ ਗਿਆ। ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਯੂਨੀਵਰਸਿਟੀ ਦੇ ਸਮੂਹ ਉਚ ਅਧਿਕਾਰੀ ਅਤੇ ਕੀਟ ਵਿਗਿਆਨੀਆਂ ਤੋਂ ਇਲਾਵਾ ਅਗਾਂਹਵਧੂ ਮਧੂ ਮੱਖੀ ਪਾਲਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।