ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵੱਲੋਂ ਦੇਸ਼ ਦੀ ਸਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਵਜੋਂ ਕੱਲ ਸ਼ਾਮੀਂ ਨਵੀਂ ਦਿੱਲੀ ਵਿਖੇ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਸਨਮਾਨਿਤ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਇਹ ਪੁਰਸਕਾਰ ਹਾਸਿਲ ਕੀਤਾ। ਮਹਿੰਦਰਾ ਐਂਡ ਮਹਿੰਦਰਾ ਦੇ ਖੇਤੀ ਸੈਕਟਰ ਦੇ ਚੇਅਰਮੈਨ ਡਾ: ਪਵਨ ਗੋਇਨਕਾ ਨੇ ਡਾ: ਕੰਗ ਨੂੰ ਮੁਬਾਰਕ ਦਿੱਤੀ।
ਦੇਸ਼ ਦੀਆਂ 22 ਪ੍ਰਮੁਖ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਪੁਰਸਕਾਰ ਲਈ ਆਪਣੀਆਂ ਦਾਅਵੇਦਾਰੀਆਂ ਪੇਸ਼ ਕੀਤੀਆਂ ਸਨ ਅਤੇ ਕੌਮੀ ਪੱਧਰ ਦੇ ਵਿਗਿਆਨੀਆਂ ਅਤੇ ਪ੍ਰਸਾਸ਼ਕਾਂ ਦੀ ਉੱਚ ਤਾਕਤੀ ਟੀਮ ਨੇ ਇਸ ਬਾਰੇ ਫੈਸਲਾ ਕੀਤਾ। ਇਹ ਪੁਰਸਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਖੇਤੀਬਾੜੀ ਰਾਹੀਂ ਦੇਸ਼ ਦਾ ਪੇਂਡੂ ਵਿਕਾਸ ਤੇਜ਼ ਕਰਨ ਲਈ ਦਿੱਤਾ ਗਿਆ ਹੈ।
ਇਹ ਪੁਰਸਕਾਰ ਪ੍ਰਾਪਤ ਕਰਕੇ ਲੁਧਿਆਣਾ ਪਰਤ ਕੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ 1995 ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਸਰਵੋਤਮ ਐਲਾਨੇ ਜਾਣ ਤੋਂ ਬਾਅਦ ਹੁਣ ਦੂਜੀ ਵਾਰ ਇਹ ਮਾਣ ਮਹਿੰਦਰਾ ਐਂਡ ਮਹਿੰਦਰਾ ਨੇ ਦਿੱਤਾ ਹੈ। ਇਸ ਪੁਰਸਕਾਰ ਵਿੱਚ 2 ਲੱਖ 11 ਹਜ਼ਾਰ ਰੁਪਏ ਦੀ ਧਨ ਰਾਸ਼ੀ ਵੀ ਸ਼ਾਮਿਲ ਹੈ। ਡਾ: ਕੰਗ ਨੇ ਕਿਹਾ ਕਿ ਇਹ ਮਾਣ ਸਿਰਫ ਯੂਨੀਵਰਸਿਟੀ ਦਾ ਹੀ ਨਹੀਂ ਸਗੋਂ ਸੂਬੇ ਦੇ ਯੋਜਨਾਕਾਰਾਂ ਅਤੇ ਕਿਸਾਨਾਂ ਦੀ ਸਾਂਝੀ ਮਿਹਨਤ ਦਾ ਫ਼ਲ ਹੈ। ਯੂਨੀਵਰਸਿਟੀ ਦੇ ਸਮੂਹ ਡੀਨਜ, ਡਾਇਰੈਕਟਰ ਸਾਹਿਬਾਨ ਅਤੇ ਵਿਦਿਆਰਥੀਆਂ ਤੋਂ ਇਲਾਵਾ ਕਰਮਚਾਰੀਆਂ ਦੀ ਮਿਹਨਤ ਵੀ ਇਸ ਵਿੱਚ ਸ਼ਾਮਿਲ ਹੈ।
ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਪੁਰਸਕਾਰ ਨਾਲ ਪੀ ਏ ਯੂ ਸਨਮਾਨਿਤ
This entry was posted in ਪੰਜਾਬ.