ਅੰਮ੍ਰਿਤਸਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਸਿੱਕਮ ਦੇ ਗੁਰਦੁਆਰਾ ਗੁਰੂਡਾਂਗਮਾਰ ਸਾਹਿਬ ਦੀ ਪੁਰਾਣੀ ਸ਼ਾਨ ਅਤੇ ਮਰਯਾਦਾ ਬਹਾਲੀ ਲਈ ਤੁਰੰਤ ਪ੍ਰਭਾਵ ਨਾਲ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਲਿਖ ਗਏ ਪੱਤਰ ਵਿਚ ਉਨ੍ਹਾਂ ਕਿਹਾ ਕਿ ਸਿੱਕਮ ਦੇ ਚੁੰਗਥਾਂਗ ’ਚ ਗੁਰੂਡਾਂਗਮਾਰ ਝੀਲ ’ਤੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਉਸਾਰੇ ਗਏ ਗੁਰਦੁਆਰਾ ਗੁਰੂਡਾਂਗਮਾਰ ਸਾਹਿਬ ਦਾ ਮਾਮਲਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਬਹੁਤ ਗੂੜ੍ਹਾ ਜੁੜਿਆ ਹੋਇਆ ਹੈ। ਜਿਸ ਨੂੰ ਬੋਧੀ ਅਸਥਾਨ ਵਿਚ ਤਬਦੀਲ ਕਰਨ ਲਈ 5 ਸਾਲ ਪਹਿਲਾਂ ਭਾਵ 16-08-2017 ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਗੁਰੂਡਾਂਗਮਾਰ ਸਾਹਿਬ ਨੂੰ ਜ਼ਬਰਦਸਤੀ ਖ਼ਾਲੀ ਕਰਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਗੁਰੂਘਰ ਦਾ ਸਾਰਾ ਸਮਾਨ ਸੜਕ ’ਤੇ ਢੇਰ ਕਰ ਦਿੱਤੇ ਜਾਣ ਦੀ ਮੰਦਭਾਗੀ ਘਟਨਾ ਨੇ ਉਸ ਵਕਤ ਸਮੂਹ ਨਾਨਕ ਨਾਮ ਲੇਵਾ ਅਤੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ। ਇਸ ਮਾਮਲੇ ਬਾਰੇ ਸਿਲੀਗੁੜੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਲੜਾਈ ਲੜੀ ਗਈ, ਪਰ ਜਸਟਿਸ ਮੀਨਾਕਸ਼ੀ ਮਦਨ ਰਾਏ ਨੇ ਹਾਲ ਹੀ ’ਚ ( 10 ਅਕਤੂਬਰ 2023) ਨੂੰ ਸਿੱਕਮ ਹਾਈ ਕੋਰਟ ਵਿਚ ਵਿਚਾਰ ਅਧੀਨ ਰਿੱਟ ਡਬਲਿਊ.ਪੀ. (ਸੀ) ਨੰ: 49 / 2017 ਨੂੰ ਸੰਵਿਧਾਨ ਦੇ ਆਰਟੀਕਲ 226 ਦੇ ਤਹਿਤ ਨਿਪਟਾਰੇ ਲਈ ਅਯੋਗ ਠਹਿਰਾਉਂਦਿਆਂ ਖ਼ਾਰਜ ਕਰ ਦਿੱਤਾ ਹੈ। ਜਿਸ ’ਤੇ ਸਿੱਕਮ ਹਾਈ ਕੋਰਟ ਵੱਲੋਂ 13.09.2017 ਦੇ ਆਪਣੇ ਹੁਕਮਾਂ ਰਾਹੀਂ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਨਿਰਦੇਸ਼ ਸਨ। ਪ੍ਰੋ: ਸਰਚਾਂਦ ਸਿੰਘ ਨੇ ਜ਼ੋਰ ਦੇ ਕੇ ਕਿਹਾ ਰਿੱਟ ਪਟੀਸ਼ਨ ਦਾ ਖ਼ਾਰਜ ਹੋਣਾ ਸਿੱਖ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਇਸ ਮੁੱਦੇ ’ਤੇ ਸਿਆਸਤ ਕਰਦਿਆਂ ਸਥਾਨਕ ਨਿਵਾਸੀਆਂ ਨੂੰ ਉਕਸਾਉਣ ’ਚ ਲੱਗੇ ਹੋਏ ਹਨ। ਕੁਝ ਦਿਨ ਪਹਿਲਾਂ ਭਾਰਤ-ਚੀਨ ਸਰਹੱਦ ਨੇੜੇ ਲਾਚੇਨ ਗਾਂਵ, ਜਿੱਥੇ ਗੁਰੂਡਾਂਗਮਾਰ ਝੀਲ ਸਥਿਤ ਹੈ, ਦੇ ਆਪਣੇ ਦੌਰੇ ਦੌਰਾਨ ਉਨ੍ਹਾਂ ਸਖ਼ਤ ਬਿਆਨ ਦਿੱਤਾ ਸੀ ਕਿ, ਸਿੱਕਮ ਸਰਕਾਰ ਕਿਸੇ ਵੀ ਹਾਲਤ ’ਚ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਨਹੀਂ ਹੋਣ ਦੇਵੇਗੀ। ਮੁੱਖ ਮੰਤਰੀ ਵਰਗੀ ਅਹਿਮ ਹਸਤੀ ਵੱਲੋਂ ਗੁਰੂਡਾਂਗਮਾਰ ਝੀਲ ਬਾਰੇ ਤੱਥਾਂ ਨੂੰ ਤੋੜ ਮਰੋੜ ਤਿੱਬਤੀ ਬੁੱਧ ਧਰਮ ਦੇ ਬਾਨੀ ਗੁਰੂ ਪਦਮਸੰਭਵ ਨਾਲ ਜੋੜਨ ਦਾ ਧਾਰਮਿਕ ਅਤੇ ਫ਼ਿਰਕੂ ਪਹਿਲੂ ਚਿੰਤਾਜਨਕ ਹੈ। ਅਦਾਲਤ ਨੇ ਆਪਣੇ ਫ਼ੈਸਲੇ ਤੋਂ ਪਹਿਲਾਂ 27 ਅਪ੍ਰੈਲ 2023 ਨੂੰ ਸਿੱਕਮ ਸਰਕਾਰ ਦੇ ਐਡਵੋਕੇਟ ਜਨਰਲ ਵੱਲੋਂ ਅਦਾਲਤ ’ਚ ਦਿੱਤੇ ਬਿਆਨ ਦੇ ਆਧਾਰ ’ਤੇ ਦੋਹਾਂ ਧਿਰਾਂ ਨੂੰ ਅਦਾਲਤ ਦੇ ਬਾਹਰ ਇਹ ਮਾਮਲਾ ਨਿਪਟਾਉਣ ਦਾ ਆਦੇਸ਼ ਕੀਤਾ ਸੀ, ਪਰ ਸਿੱਕਮ ਸਰਕਾਰ ਨੇ ਅਦਾਲਤ ਦੇ ਆਦੇਸ਼ ਨੂੰ ਅਮਲ ਵਿਚ ਲਿਆਉਣ ਲਈ ਕੋਈ ਕਾਰਵਾਈ ਨਹੀਂ ਕੀਤੀ, ਜੋ ਉਸ ਦੀ ਨਕਾਰਾਤਮਿਕ ਪਹੁੰਚ ਨੂੰ ਦਰਸਾਉਂਦਾ ਹੈ। ਪ੍ਰੋ: ਸਰਚਾਂਦ ਸਿੰਘ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਮੁੱਖ ਮੰਤਰੀ ਤਮਾਂਗ ਅਤੇ ਉਸ ਦੀ ਪਾਰਟੀ ’ਸਿੱਕਮ ਕ੍ਰਾਂਤੀਕਾਰੀ ਮੋਰਚਾ’ ਵੱਲੋਂ ਸਥਾਨਕ ਬੋਧੀ ਭਾਈਚਾਰੇ ਦੀਆਂ ਵੋਟਾਂ ਬਟੋਰਨ ਲਈ ਨੇੜੇ ਭਵਿਖ ’ਚ ਗੁਰਦੁਆਰਾ ਗੁਰੂਡਾਂਗਮਾਰ ਸਾਹਿਬ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਿੱਕਮ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਇਕ ਐਡਵਾਈਜ਼ਰੀ ਭੇਜਿਆ ਜਾਵੇ ਤਾਂ ਜੋ ਗੁਰਦੁਆਰਾ ਸਾਹਿਬ ਦੇ ਸਬੰਧ ਵਿਚ ਹੋਰ ਦੁਰਵਿਵਹਾਰ ਨਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਿੱਕਮ ਦੇ ਗੁਰਦੁਆਰਾ ਗੁਰੂਡਾਂਗਮਾਰ ਸਾਹਿਬ ਦੀ ਹੋਂਦ ਅਤੇ ਬਹਾਲੀ ਤੋਂ ਇਲਾਵਾ ਗੁਰਦੁਆਰਾ ਗੁਰੂਡਾਂਗਮਾਰ ਸਾਹਿਬ ਨੂੰ ਸਿੱਖ ਕੌਮ ਦੇ ਹਵਾਲੇ ਕੀਤਾ ਜਾਵੇ ਜਾਂ ਪਹਿਲਾਂ ਵਾਂਗ ਭਾਰਤੀ ਫ਼ੌਜ ਦੀ ਸੇਵਾ ਸੰਭਾਲ ਤਹਿਤ ਲਿਆਂਦੇ ਜਾਣ ਲਈ ਹਰ ਸੰਭਵ ਯਤਨ ਕੀਤੇ ਜਾਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਤੁਰੰਤ ਪ੍ਰਭਾਵ ਨਾਲ ਦਖ਼ਲ ਦੇਣ ਦੀ ਅਪੀਲ ਕੀਤੀ ਗਈ।
ਸਿੱਕਮ ਹਾਈ ਕੋਰਟ ਵੱਲੋਂ ਗੁਰਦੁਆਰਾ ਗੁਰੂਡਾਂਗਮਾਰ ਸਾਹਿਬ ਸਬੰਧੀ ਰਿੱਟ ਪਟੀਸ਼ਨ ਨੂੰ ਖਾਰਿਜ਼ ਕਰਨਾ ਚਿੰਤਾ ਦਾ ਵਿਸ਼ਾ
This entry was posted in ਪੰਜਾਬ.