ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਦਾ ਵਿਸਥਾਰ ਕਰਦਿਆਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਅਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਜਾਰੀ ਸੂਚੀ ਵਿਚ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੂੰ ਪੰਜਾਬ ਭਾਜਪਾ ਦਾ ਪੈਨਲਿਸਟ ਤੋਂ ਇਲਾਵਾ ਮੀਡੀਆ ਮੈਨੇਜਮੈਂਟ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਉਹ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਨਾਲ ਜੁੜੇ ਆ ਰਹੇ ਹਨ।
ਪ੍ਰੋ. ਸਰਚਾਂਦ ਸਿੰਘ ਪੰਥ ਅਤੇ ਪੰਜਾਬ ਦੇ ਸਿਆਸੀ ਧਰਾਤਲ ਅਤੇ ਨਬਜ਼ ਤੋਂ ਚੰਗੀ ਤਰਾਂ ਵਾਕਫ਼ ਹਨ ਅਤੇ ਜ਼ਮੀਨ ਨਾਲ ਜੁੜੇ ਹੋਏ ਇਕ ਇਮਾਨਦਾਰ ਅਤੇ ਰੌਸ਼ਨ ਦਿਮਾਗ਼ ਆਗੂ ਹਨ। ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਯੋਗਤਾ ਸਦਕਾ ਪਾਰਟੀ ਉਨ੍ਹਾਂ ਨੂੰ ਮੀਡੀਆ ਨਾਲ ਜੁੜੀ ਅਹਿਮ ਵਕਾਰੀ ਜ਼ਿੰਮੇਵਾਰੀ ਸੌਂਪੀ ਹੈ। ਪ੍ਰੋ.ਸਰਚਾਂਦ ਸਿੰਘ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ। ਉਹ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਅਕਾਲੀ ਦਲ ( ਬਾਦਲ) ਨਾਲ ਜੁੜੇ ਰਹੇ ਅਤੇ ਦਮਦਮੀ ਟਕਸਾਲ ਦੇ ਮੀਡੀਆ ਬੁਲਾਰੇ ਵੱਲੋਂ ਵੀ ਸੇਵਾ ਨਿਭਾਈ। ਉਹ ਤਾਈਕਵਾਂਡੋ ਫੈਡਰੇਸ਼ਨ, ਪੰਜਾਬ ਦੇ ਮੀਤ ਪ੍ਰਧਾਨ ਵੀ ਹਨ। ਇਸ ਮੌਕੇ ਪ੍ਰੋ. ਸਰਚਾਂਦ ਸਿੰਘ ਨੇ ਉਨ੍ਹਾਂ ’ਤੇ ਭਰੋਸਾ ਕਰਨ ਲਈ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਸੁਨੀਲ ਜਾਖੜ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿੱਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਢਾ, ਭਾਜਪਾ ਸੰਸਦੀ ਕਮੇਟੀ ਅਤੇ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ, ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸਲੂ, ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਅਤੇ ਪੰਜਾਬ ਭਾਜਪਾ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣ ਦਾ ਵਿਸ਼ਵਾਸ ਦਵਾਇਆ। ਅਤੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣਗੇ।