ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਸੇਵਾ ਮੁਕੰਮਲ ਹੋਣ ਮਗਰੋਂ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਕੇ ਉਦਘਾਟਨ ਕੀਤਾ ਗਿਆ। ਇਹ ਇਤਿਹਾਸਕ ਅਸਥਾਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਹੈ। ਗੁਰੂ ਸਾਹਿਬ ਜੀ ਨੇ ਇਥੇ ਬਾਰਹ ਮਾਹ ਬਾਣੀ ਦਾ ਉਚਾਰਨ ਕੀਤਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਸੇਵਾ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ ਗਈ ਸੀ, ਜਿਨ੍ਹਾਂ ਨੇ ਪੁਰਾਤਨ ਅਸਥਾਨ ਨੂੰ ਹੂਬਹੂ ਸੁਰੱਖਿਅਤ ਰੱਖਦਿਆਂ ਇਸ ਦੇ ਦੁਆਲੇ ਪਾਰਦਰਸ਼ੀ ਸ਼ੀਸ਼ਿਆਂ ਵਾਲੀ ਇਮਾਰਤ ਤਿਆਰ ਕੀਤੀ ਹੈ। ਸੇਵਾ ਸੰਪੂਰਨ ਹੋਣ ’ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਮੌਜੂਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਅਸਥਾਨ ਸਿੱਖ ਕੌਮ ਲਈ ਬੇਹੱਦ ਅਹਿਮ ਹਨ, ਜਿਨ੍ਹਾਂ ਦੀ ਸੇਵਾ ਸੰਭਾਲ ਲਈ ਸਮੇਂ-ਸਮੇਂ ’ਤੇ ਕਾਰਜ ਕੀਤੇ ਜਾਂਦੇ ਹਨ। ਇਸੇ ਤਹਿਤ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰਹ ਮਾਹ ਬਾਣੀ ਉਚਾਰਨ ਨਾਲ ਸਬੰਧਤ ਪਾਵਨ ਅਸਥਾਨ ਜੋ ਕਿ ਪਹਿਲਾਂ ਇਕ ਥੜ੍ਹੇ ਦੇ ਰੂਪ ਵਿਚ ਮੌਜੂਦ ਸੀ, ਨੂੰ ਸੁਰੱਖਿਅਤ ਰੱਖਣ ਲਈ ਸੇਵਾ ਕਰਵਾਈ ਗਈ ਹੈ। ਹੁਣ ਇਸ ਅਸਥਾਨ ’ਤੇ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਨਿਰੰਤਰ ਜਾਰੀ ਰੱਖੀ ਜਾਵੇਗੀ। ਉਨ੍ਹਾਂ ਇਸ ਇਤਿਹਾਸਕ ਅਸਥਾਨ ਦੀ ਸੇਵਾ ਕਰਵਾਉਣ ਲਈ ਕਾਰਸੇਵਾ ਸੰਪ੍ਰਦਾ ਦਿੱਲੀ ਵਾਲੇ ਮਹਾਂਪੁਰਖਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਰਸੇਵਾ ਸੰਪ੍ਰਦਾ ਵੱਲੋਂ ਪੁੱਜੇ ਬਾਬਾ ਕੰਵਲਜੀਤ ਸਿੰਘ, ਬਾਬਾ ਪਰਮਜੀਤ ਸਿੰਘ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਦਿੱਤਾ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਗੁਰਨਾਮ ਸਿੰਘ ਜੱਸਲ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਐਕਸੀਅਨ ਸ. ਜਤਿੰਦਰਪਾਲ ਸਿੰਘ, ਸ. ਸੁਖਜਿੰਦਰ ਸਿੰਘ, ਐਸਡੀਓ ਸ. ਸੁਖਬੀਰ ਸਿੰਘ, ਵਧੀਕ ਮੈਨੇਜਰ ਸ. ਬਿਕਰਮਜੀਤ ਸਿੰਘ ਝੰਗੀ, ਸ. ਸ਼ਮਸ਼ੇਰ ਸਿੰਘ ਜੇਈ ਆਦਿ ਮੌਜੂਦ ਸਨ।