ਅੰਮ੍ਰਿਤਸਰ – ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਢਾ ਕੋਲ ਰਾਜਸਥਾਨ ਵਿਚ ਭਾਜਪਾ ਦੀ ਇਕ ਚੋਣ ਰੈਲੀ ਦੌਰਾਨ ਗੁਰਦੁਆਰਿਆਂ ਬਾਰੇ ਵਿਵਾਦਿਤ ਬਿਆਨ ਦੇਣ ਵਾਲੇ ਸਥਾਨਕ ਆਗੂ ਸੰਦੀਪ ਦਿਆਮਾ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪ੍ਰੋ. ਸਰਚਾਂਦ ਸਿੰਘ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਪੱਤਰ ਲਿਖਦਿਆਂ ਕਿਹਾ ਕਿ ਰਾਜਸਥਾਨ ਦੀ ਅਲਵਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਤਿਜਾਰਾ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਬਾਬਾ ਬਾਲਕ ਨਾਥ ਦੀ ਚੋਣ ਨਾਮਜ਼ਦਗੀ ਤੋਂ ਪਹਿਲਾਂ ਹੋਈ ਚੋਣ ਰੈਲੀ ਦੌਰਾਨ ਸਥਾਨਕ ਭਾਜਪਾ ਆਗੂ ਸੰਦੀਪ ਦਿਆਮਾ ਵੱਲੋਂ ਗੁਰਦੁਆਰਿਆਂ ਤੇ ਹੋਰ ਧਾਰਮਿਕ ਅਸਥਾਨਾਂ ਬਾਰੇ ਦਿੱਤੇ ਗਏ ਨਾਬਰਦਾਸ਼ਤ ਯੋਗ ਬਿਆਨ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਸਖ਼ਤ ਰੋਸ ਹੈ। ਉਨ੍ਹਾਂ ਸ੍ਰੀ ਜਾਖੜ ਨੂੰ ਇਹ ਮੁੱਦਾ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਢਾ ਕੋਲ ਉਠਾਉਂਦਿਆਂ ਨਫ਼ਰਤ ਫੈਲਾਉਣ ਵਾਲੇ ਉਕਤ ਆਗੂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਹਰੇਕ ਸਿੱਖ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦਾ ਆਇਆ ਹੈ। ਗੁਰਦੁਆਰਿਆਂ ਅਤੇ ਸਿੱਖ ਭਾਈਚਾਰੇ ਨੇ ਦੇਸ਼ ਵਿਦੇਸ਼ ਵਿਚ ਜਦੋਂ ਵੀ ਕਦੀ ਕੋਈ ਬਿਪਤਾ ਆਈ ਹੈ ਹਮੇਸ਼ਾ ਮੋਹਰੀ ਹੋ ਕੇ ਮਾਨਵਤਾ ਦੀ ਸੇਵ ਕੀਤੀ ਹੈ। ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਹਮੇਸ਼ਾ ਹੀ ਸਭਨਾਂ ਵਰਗਾਂ ਲਈ ਖੁੱਲ੍ਹੇ ਹਨ। ਕਰੋਨਾ ਕਾਲ ਹੋਵੇ ਜਾਂ ਕਸ਼ਮੀਰ ਜਾਂ ਪੰਜਾਬ ਵਿਚ ਆਏ ਹੜ੍ਹ ਸਿੱਖ ਭਾਈਚਾਰਾ ਬਿਨਾਂ ਕਿਸੇ ਵਿਤਕਰੇ ਤੋਂ ਨਿਸ਼ਕਾਮ ਸੇਵਾ ਨੂੰ ਸਮਰਪਿਤ ਰਿਹਾ। ਜਿਸ ਦੀ ਹਰੇਕ ਨੇ ਤਾਰੀਫ਼ ਕੀਤੀ। ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪ੍ਰਫੁੱਲਿਤ ਕਰਨ ਲਈ ਗੁਰਦੁਆਰਾ ਸਾਹਿਬਾਨ ਪੂਰੀ ਦੁਨੀਆ ਵਿਚ ਜਾਣੇ ਜਾਂਦੇ ਹਨ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਹਮੇਸ਼ਾ ਹੀ ਦੁਖੀਆਂ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਸਿੱਖਾਂ ਪ੍ਰਤੀ ਸਕਾਰਾਤਮਿਕ ਸੋਚ ਅਪਣਾਉਣੀ ਚਾਹੀਦੀ ਹੈ, ਪਰ ਰਾਜਸਥਾਨ ਦੇ ਇਕ ਸਥਾਨਕ ਆਗੂ ਦੇ ਗੁਰਦੁਆਰਾ ਸਾਹਿਬਾਨ ਬਾਰੇ ਨਫ਼ਰਤ ਅਤੇ ਛੋਟੀ ਸੋਚ ਵਾਲੇ ਬਿਆਨ ਨੇ ਭਾਜਪਾ ਦਾ ਅਕਸ ਖ਼ਰਾਬ ਕੀਤਾ ਹੈ । ਅਜਿਹੇ ਆਗੂ ਲਈ ਭਾਜਪਾ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਅਤੇ ਉਸ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕਿਸੇ ਨੂੰ ਵੀ ਧਾਰਮਿਕ ਅਸਥਾਨਾਂ ਬਾਰੇ ਗ਼ਲਤ ਬਿਆਨੀ ਕਰਨ ਦਾ ਹੀਆ ਨਾ ਪਵੇ।