ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- 9 ਨਵੰਬਰ ਨਾ ਸਿਰਫ਼ ਪਾਕਿਸਤਾਨ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਦਿਨ ਹੈ ਸਗੋਂ ਸਿੱਖ ਇਤਿਹਾਸ ਵਿਚ ਇਕ ਮੀਲ ਪੱਥਰ ਵੀ ਹੈ। ਜਿਸ ਦਿਨ ਪਾਕਿਸਤਾਨ ਸਰਕਾਰ ਨੇ ਸਿੱਖ ਕੌਮ ਨੂੰ ਸਿੱਖ ਮੁਸਲਿਮ ਭਾਈਚਾਰੇ ਦਾ ਮਹਾਨ ਤੋਹਫ਼ਾ ਪੇਸ਼ ਕੀਤਾ। ਇਸ ਸਾਲ ਲਾਂਘੇ ਦੇ ਖੁੱਲਣ ਦੇ ਚਾਰ ਸਾਲ ਪੂਰੇ ਹੋਣ ‘ਤੇ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਵੱਲੋਂ ਪਾਕਿਸਤਾਨ ਮਤਰੂਕਾ ਵਕਫ਼ ਇਮਲਕ ਬੋਰਡ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦਾ ਉਦਘਾਟਨ ਸਮਾਰੋਹ ਕਰਵਾਇਆ ਗਿਆ। ਜਿੱਥੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਨੂੰ ਸਜਾਇਆ ਗਿਆ, ਉਥੇ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦਾ ਮੂੰਹ ਮਠਿਆਈਆਂ ਨਾਲ ਮਿੱਠਾ ਕਰਵਾਇਆ ਗਿਆ। ਇਸ ਮੌਕੇ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਨੇ ਲਾਂਘੇ ਦੇ ਖੁੱਲ੍ਹਣ ਦੇ ਚਾਰ ਸਾਲ ਪੂਰੇ ਹੋਣ ‘ਤੇ ਇਕ ਦੂਜੇ ਨੂੰ ਵਧਾਈ ਦਿੱਤੀ। ਮਤਰੂਕਾ ਵਕਫ਼ ਇਮਲਾਕ ਬੋਰਡ ਦੇ ਐਡਮਿਨ ਅਫਸਰ ਸੈਫ਼ੁੱਲਾ ਖੋਖਰ ਨੇ ਨਿੱਜੀ ਤੌਰ ‘ਤੇ ਉਦਘਾਟਨ ਸਮਾਰੋਹ ਦੀ ਨਿਗਰਾਨੀ ਕੀਤੀ ਅਤੇ ਗੁਰੁ ਸਾਹਿਬ ਲਈ ਸਾਧੂ ਭੁਪਿੰਦਰ ਸਿੰਘ ਵੱਲੋ ਭੇਟ ਰੁਮਾਲਾਂ ਸਾਹਿਬ ਅਤੇ ਦੇਗ ਲੈ ਕੇ ਹਾਜਰ ਹੋਏ। ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਨੇ ਫ਼ੈਸਲਾ ਕੀਤਾ ਹੈ ਕਿ ਡੀ.ਐਸ.ਆਰ.ਸੀ.ਐਫ ਡਾਇਸਪੋਰਾ ਦੇ ਡਾਇਰੈਕਟਰ ਭੁਪਿੰਦਰ ਸਿੰਘ ਸਾਧੂ ਦੇ ਸਹਿਯੋਗ ਨਾਲ ਹਰ ਸਾਲ ਕਰਤਾਰਪੁਰ ਸਾਹਿਬ ਵਿਖੇ ਉਦਘਾਟਨੀ ਸਮਾਰੋਹ ਉਸੇ ਰੰਗ ਢੰਗ ਨਾਲ ਹਰ ਸਾਲ ਮਨਾਇਆ ਜਾਇਆ ਕਰੇਗਾ ਜਿਸ ਤਰ੍ਹਾਂ ਨਾਲ 9 ਨਵੰਬਰ 2019 ਨੂੰ ਉਦਘਾਟਨੀ ਸਮਾਰੋਹ ਕਰਵਾਇਆ ਗਿਆ ਸੀ।
ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਨੇ ਡਾਇਸਪੋਰਾ ਦਫਤਰ ਦੇ ਸਹਿਯੋਗ ਨਾਲ 9 ਨਵੰਬਰ ਦੀ ਸ਼ਾਮ ਨੂੰ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਵੀ ਕੀਤਾ ਤਾਂ ਜੋ ਜਿਹੜੇ ਦੋਸਤ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਨਹੀਂ ਆਸਕੇ, ਉਨ੍ਹਾਂ ਉਨ੍ਹਾਂ ਨੂੰ ਵੀ ਵੈਬੀਨਾਰ ਵਿੱਚ ਸ਼ਾਮਲ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਜਾਣਿਆ ਜਾ ਸਕੇ। ਡੀਐਸਆਰਸੀਐਫ ਡਾਇਸਪੋਰਾ ਦੇ ਡਾਇਰੈਕਟਰ ਭੁਪਿੰਦਰ ਸਿੰਘ ਸਾਧੂ ਅਤੇ ਡੀਐਸਆਰਸੀਐਫ ਪਾਕਿਸਤਾਨ ਦੇ ਡਾਇਰੈਕਟਰ ਡਾ.ਅਬਦੁੱਲ ਰੱਜ਼ਾਕ ਸ਼ਾਹਿਦ ਨੇ ਵੈਬੀਨਾਰ ਦੀ ਮੇਜ਼ਬਾਨੀ ਕੀਤੀ।
ਇਸ ਅੰਤਰਰਾਸ਼ਟਰੀ ਵੈਬੀਨਾਰ ਵਿੱਚ ਡਾ. ਦਿਲਜੀਤ ਸਿੰਘ ਵਿਰਕ ਯੂ.ਕੇ., ਡਾ. ਹਰਜਿੰਦਰ ਸਿੰਘ ਦਿਲਗੀਰ ਯੂ.ਕੇ., ਅਜਾਇਬ ਸਿੰਘ ਚੱਠਾ ਕੈਨੇਡਾ, ਡਾ. ਕੁਰਿੰਦਰ ਸਿੰਘ ਮਾਨ ਯੂ.ਐਸ.ਏ., ਇਰਵਿਨ ਪ੍ਰੀਤ ਸਿੰਘ ਯੂ.ਐਸ.ਏ., ਪ੍ਰੀਤ ਮੋਹਨ ਯੂ.ਐਸ.ਏ., ਮੇਜਰ ਸਿੰਘ ਪੰਜਾਬੀ ਲਹਿੰਦੇ ਪੰਜਾਬ ਤੋਂ, ਦਰਸ਼ਨ ਸਿੰਘ ਹਰਵਿੰਦਰ, ਡਾ. ਲਖਵਿੰਦਰ ਸਿੰਘ ਅਤੇ ਰਵਿੰਦਰ ਕੌਰ ਭਾਟੀਆ ਅਤੇ ਮਦਨਜੀਤ ਸਿੰਘ, ਮੇਜਰ ਸਿੰਘ ਪੰਜਾਬੀ ਸ਼ਾਮਲ ਹੋਏ। ਮਦਨਜੀਤ ਸਿੰਘ ਨੇ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਹਾਲਤ ਬਾਰੇ ਦੱਸਦਿਆਂ ਕਿਹਾ ਕਿ ਪਹਿਲਾਂ ਗੁਰਦੁਆਰਾ ਛੋਟਾ ਹੁੰਦਾ ਸੀ, ਸਾਰੀਆਂ ਸੜਕਾਂ ਚਿੱਕੜ ਨਾਲ ਭਰੀਆਂ ਹੋਈਆਂ ਸਨ ਅਤੇ ਲਾਂਘਾ ਖੁੱਲ੍ਹਣ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਨਕਸ਼ਾ ਹੀ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਲਾਂਘਾ ਖੁੱਲ੍ਹਿਆ ਤਾਂ ਲੋਕਾਂ ਨੂੰ ਚਾਹ ਚੜ੍ਹ ਗਏ, ਪਰ ਪਾਸਪੋਰਟ ਦੀ ਸ਼ਰਤ ਨੇ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਵੈਬੀਨਾਰ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਲਾਂਘੇ ਦੇ ਉਦਘਾਟਨ ਦੇ ਚਾਰ ਸਾਲ ਪੂਰੇ ਹੋਣ ‘ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦਿਆਂ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਪਾਕਿਸਤਾਨ ਸਰਕਾਰ ਨੂੰ ਇਸ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਦੀ ਦੇ ਆਖਣ ‘ਤੇ ਹਰ ਤਰ੍ਹਾਂ ਦੀ ਵਿੱਤੀ ਅਤੇ ਨੈਤਿਕ ਸੇਵਾ ਲਈ ਹਮੇਸ਼ਾ ਤਿਆਰ ਹਨ।
ਉਨ੍ਹਾਂ ਇਸ ਲਾਂਘੇ ਨੂੰ ਵਿਸ਼ਵ ਭਰ ਦੇ ਸਿੱਖਾਂ ਅਤੇ ਪੂਰਬੀ ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵਸਣ ਵਾਲੇ ਸਿੱਖਾਂ ਲਈ ਬਹੁਤ ਹੀ ਵਡਮੁੱਲਾ ਤੋਹਫ਼ਾ ਕਰਾਰ ਦਿੱਤਾ। ਇਸ ਵੈਬੀਨਾਰ ਵਿੱਚ, ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਨੇ ਵੀ ਵੈਬੀਨਾਰ ਵਿੱਚ ਹਿੱਸਾ ਲੈਣਾ ਸੀ, ਕਿਉਂਕਿ ਉਹ ਲਾਂਘੇ ਦੇ ਉਦਘਾਟਨ ਨਾਲ ਸਬੰਧਤ 40 ਐਪੀਸੋਡਾਂ ਵਿੱਚ ਅਖਬਾਰੀ ਲੇਖ ਲਿਖ ਚੁੱਕੇ ਹਨ। ਲਾਂਘੇ ਬਾਰੇ ਪਹਿਲੀ ਪੁਸਤਕ ਵੀ ਪ੍ਰੋ. ਸ਼ਿੰਗਾਰਾ ਨੇ ਪ੍ਰਕਾਸ਼ਿਤ ਕੀਤੀ। ਉਹ ਕਿਸੇ ਮਜਬੂਰੀ ਕਾਰਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ। ਅੰਤ ਵਿੱਚ ਦੋਵੇਂ ਮੇਜ਼ਬਾਨ ਭੁਪਿੰਦਰ ਸਿੰਘ ਸਾਧੂਜੀ ਅਤੇ ਡਾ. ਅਬਦੁੱਲ ਰੱਜ਼ਾਕ ਸ਼ਾਹਿਦ ਨੇ ਰਲਤੀਆਂ ਦਾ ਧੰਨਵਾਦ ਕੀਤਾ ਅਤੇ ਇਸ ਗੱਲ ਨੂੰ ਦੁਹਰਾਇਆ ਕਿ ਹੁਣ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਦਰਬਾਰ ਸਾਹਿਬ ਵਿਖੇ ਉਦਘਾਟਨੀ ਸਮਾਰੋਹ ਮਨਾਏਗਾ।