ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਡਾ:ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਫੁੱਲਾਂ ਦੇ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਫੁੱਲਾਂ ਨੂੰ ਪਿਆਰ ਕਰਨ ਵਾਲਾ ਵਿਅਕਤੀ ਕਦੇ ਹਿੰਸਕ ਨਹੀਂ ਹੋ ਸਕਦਾ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਸ਼ਿੰਗਾਰ ਰੁੱਖ ਅਤੇ ਫੁੱਲਾਂ ਦਾ ਸਭਿਆਚਾਰ ਦੇਣ ਵਾਲਾ ਡਾ: ਮਹਿੰਦਰ ਸਿੰਘ ਰੰਧਾਵਾ ਹੀ ਸੀ ਜਿਸ ਨੇ ਫੁੱਲਾਂ ਦੀ ਵਪਾਰਕ ਖੇਤੀ ਨੂੰ ਵੀ ਉਤਸ਼ਾਹਿਤ ਕੀਤਾ। ਡਾ: ਗਿੱਲ ਨੇ ਆਖਿਆ ਕਿ ਖੋਜ ਅਤੇ ਵਿਕਾਸ ਪ੍ਰੋਗਰਾਮ ਤੇਜ਼ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਫੁੱਲਾਂ ਦਾ ਮਿਆਰੀ ਉਤਪਾਦਨ ਵੀ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਅੱਜ ਥੋੜ੍ਹੀ ਜ਼ਮੀਨ ਵਾਲੇ ਕਿਸਾਨ ਭਰਾ ਆਪਣੀ ਮਿਹਨਤ ਜੇਕਰ ਫੁੱਲਾਂ ਵਾਲੇ ਪਾਸੇ ਪਾਉਣ ਤਾਂ ਯਕਨੀਨ ਚੰਗੇ ਨਤੀਜੇ ਹਾਸਿਲ ਹੋ ਸਕਦੇ ਹਨ। ਡਾ: ਗਿੱਲ ਨੇ ਆਖਿਆ ਕਿ ਵਪਾਰਕ ਪੱਧਰ ਤੇ ਫੁੱਲਾਂ ਦੀ ਖੇਤੀ ਲਾਹੇਵੰਦ ਕਿੱਤਾ ਬਣ ਸਕਦੀ ਹੈ ਅਤੇ ਇਸ ਨਾਲ ਖੇਤੀਬਾੜੀ ਵਿੱਚ ਵੰਨ-ਸੁਵੰਨਤਾ ਵੀ ਆਵੇਗੀ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਸ਼੍ਰੇਣੀਆਂ ਦੇ ਇਨਾਮ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੁੱਜੇ ਭਾਰਤ ਸਰਕਾਰ ਦੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾ:ਸਰਦਾਰਾ ਸਿੰਘ ਜੌਹਲ ਨੇ ਆਖਿਆ ਕਿ ਫੁੱਲਾਂ ਨਾਲ ਵਾਰਤਾਲਾਪ ਕਰਨ ਦੀ ਲਿਆਕਤ ਸਾਨੂੰ ਸਹੀ ਇਨਸਾਨ ਬਣਾਉਂਦੀ ਹੈ । ਜੇਕਰ ਕੋਈ ਵਿਅਕਤੀ ਇਹ ਤਰੀਕਾ ਸਿੱਖ ਲਵੇ ਤਾਂ ਉਹ ਫੁੱਲਾਂ ਨਾਲ ਹੱਸ ਖੇਡ ਸਕਦਾ ਹੈ ਅਤੇ ਫੁੱਲ ਬਰਾਬਰ ਉੱਤਰ ਮੋੜਦੇ ਹਨ। ਉਨ੍ਹਾਂ ਆਖਿਆ ਕਿ ਸੰਵੇਦਨਾ ਜਾਗਦੀ ਰੱਖਣ ਲਈ ਫੁੱਲਾਂ ਦਾ ਸਭਿਆਚਾਰ ਜ਼ਰੂਰੀ ਹੈ।
ਇਸ ਮੌਕੇ ਵੱਖ-ਵੱਖ ਸ਼੍ਰੇਣੀਆਂ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਵਿਚੋਂ ਬੀ ਸੀ ਐਮ ਸਕੂਲ, ਸਾਸ਼ਤਰੀ ਨਗਰ, ਲੁਧਿਆਣਾ ਪਹਿਲੇ ਅਤੇ ਡੀ ਏ ਵੀ ਪਬਲਿਕ ਸਕੂਲ ਬੀ ਆਰ ਐਸ ਨਗਰ ਦੂਸਰੇ ਸਥਾਨ ਤੇ ਰਿਹਾ। ਇਨ੍ਹਾਂ ਮੁਕਾਬਲਿਆਂ ਵਿੱਚ ਬਾਗਬਾਨੀ ਵਿਭਾਗ ਪੰਜਾਬ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ, ਸਰਕਾਰੀ ਕਾਲਜ ਫਾਰ ਵੁਮੈਨ ਲੁਧਿਆਣਾ, ਗੁਰੂ ਨਾਨਕ ਪਬਲਿਕ ਸਕੂਲ,ਲੁਧਿਆਣਾ, ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਜੀ ਐਚ ਜੀ ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਸਿੱਧਵਾਂ ਖੁਰਦ ਅਤੇ ਕਈ ਸ਼ੌਕੀਆ ਫੁੱਲ ਉਤਪਾਦਕਾਂ ਨੇ ਵੀ ਮੁਕਾਬਲੇ ਵਿੱਚ ਭਾਗ ਲਿਆ।
ਫੁੱਲਾਂ ਨਾਲ ਸਬੰਧਿਤ ਵਿਭਾਗ ਦੇ ਮੁਖੀ ਡਾ: ਕੁਸ਼ਲ ਸਿੰਘ ਨੇ ਇਸ ਮੌਕੇ ਡਾ: ਗਿੱਲ ਅਤੇ ਡਾ: ਜੌਹਲ ਦਾ ਸੁਆਗਤ ਕਰਦਿਆਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਵੀ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਦੇ ਵਿਗਿਆਨੀ ਨਿਯੁਕਤ ਕੀਤੇ ਜਾਣ ਤਾਂ ਜੋ ਫੁੱਲ ਸਭਿਆਚਾਰ ਰਾਹੀਂ ਕਮਾਈ ਦੇ ਮੌਕੇ ਵਧਾਉਣ ਲਈ ਵਿਗਿਆਨਕ ਸੋਝੀ ਦੇਣ ਵਾਲੇ ਵਿਗਿਆਨੀ ਆਪਣੀਆਂ ਸੇਵਾਵਾਂ ਦੇ ਸਕਣ।