ਲੁਧਿਆਣਾ:- ਮਾਸਕੋ ਸਟੇਟ ਖੇਤੀ ਇੰਜੀਨੀਅਰਿੰਗ ਯੂਨੀਵਰਸਿਟੀ ਮਾਸਕੋ ਦੇ ਪੰਜ ਵਿਦਿਆਰਥੀਆਂ ਦਾ ਵਫਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਿਖਲਾਈ ਲਈ ਪਹੁੰਚਿਆ ਹੈ। ਵਧੇਰੇ ਫ਼ਸਲ ਉਤਪਾਦਨ ਲਈ ਇੰਜੀਨੀਅਰਿੰਗ ਤਕਨੀਕਾਂ ਬਾਰੇ ਦਸ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਇਹ ਵਿਦਿਆਰਥੀ ਸ਼ਾਮਿਲ ਹੋਣਗੇ। ਇਨ੍ਹਾਂ ਵਿਦਿਆਰਥੀਆਂ ਨੇ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਕੀਤੀ।
2 ਮਾਰਚ ਤੀਕ ਚੱਲਣ ਵਾਲੀ ਇਸ ਸਿਖਲਾਈ ਕਾਰਜਸ਼ਾਲਾ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਭਾਰਤ-ਰੂਸ ਦੋਸਤੀ ਸਦੀਆਂ ਪੁਰਾਣੀਆਂ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਮਾਸਕੋ ਸਟੇਟ ਖੇਤੀ ਇੰਜੀਨੀਅਰਿੰਗ ਯੂਨੀਵਰਸਿਟੀ ਵਿਚਕਾਰ ਸਹਿਯੋਗ ਦਾ ਅਹਿਦਨਾਮਾ ਇਸੇ ਦਿਸ਼ਾ ਵਿੱਚ ਅਗਲੇਰਾ ਕਦਮ ਹੈ। ਉਨ੍ਹਾਂ ਆਖਿਆ ਕਿ ਦੋਹਾਂ ਯੂਨੀਵਰਸਿਟੀਆਂ ਵਿਚਕਾਰ ਸਿੱਖਿਆ, ਖੋਜ ਅਤੇ ਪਸਾਰ ਤਕਨੀਕਾਂ ਦਾ ਵਿਚਾਰ ਵਟਾਂਦਰਾ ਯਕੀਨਨ ਦੋਹਾਂ ਦੇਸ਼ਾਂ ਲਈ ਲਾਹੇਵੰਦ ਰਹੇਗਾ। ਉਨ੍ਹਾਂ ਆਖਿਆ ਕਿ ਦੋਹਾਂ ਮੁਲਕਾਂ ਦੇ ਕਿਸਾਨਾਂ ਨੂੰ ਪਾਏਦਾਰ ਖੇਤੀ ਵਿੱਚ ਇਕ ਦੂਸਰੇ ਦੀਆਂ ਵਿਕਸਤ ਤਕਨੀਕਾਂ ਦੀ ਲੋੜ ਹੈ।
ਮਾਸਕੋ ਸਟੇਟ ਯੂਨੀਵਰਸਿਟੀ ਦੇ ਸੋਇਆ ਬ੍ਰੀਡਿੰਗ ਸੰਬੰਧੀ ਵਿਭਾਗ ਦੇ ਪ੍ਰੋਫੈਸਰ ਡਾ: ਤਮਾਰਾ ਕੋਬੋਜੀਵਾ ਨੇ ਆਖਿਆ ਕਿ ਭਾਰਤ-ਰੂਸ ਦੋਸਤੀ ਨਾਲ ਦੋਹਾਂ ਦੇਸ਼ਾਂ ਦੇ ਵਿਗਿਆਨੀਆਂ ਨੂੰ ਨਵੀਆਂ ਦਿਸ਼ਾਵਾਂ ਮਿਲੀਆਂ ਹਨ। ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਸਿਖਿਆਰਥੀਆਂ ਇੰਜਣ ਦੀ ਪਰਖ਼, ਬਾਇਓ ਡੀਜ਼ਲ ਉਤਪਾਦਨ, ਗੈਸੀ ਫਾਇਰ ਤਕਨੀਕ, ਸਿੰਜਾਈ ਪ੍ਰਬੰਧ ਤਕਨੀਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸੋਇਆਬੀਨ ਨਾਲ ਸਬੰਧਿਤ ਗਿਆਨ ਵੀ ਇਨ੍ਹਾਂ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾਵੇਗਾ । ਇਸ ਕੋਰਸ ਦੇ ਕੋਆਰਡੀਨੇਟਰ ਡਾ: ਸਤੀਸ਼ ਗੁਪਤਾ ਅਤੇ ਡਾ: ਵਿਸ਼ਾਲ ਬੈਕਟਰ ਬਣਾਏ ਗਏ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਮਹਿੰਦਰਾ ਐਂਡ ਮਹਿੰਦਰਾ ਅਤੇ ਫੀਲਡ ਫਰੈੱਸ਼ ਦੇ ਖੇਤਾਂ ਦਾ ਵੀ ਦੌਰਾ ਕਰਵਾਇਆ ਜਾਵੇਗਾ।