ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਵਾਸਤੇ ਅਤੇ ਦੇਸ਼ ਵਿੱਚ ਸਿੱਖਾਂ ਨਾਲ 2 ਨੰਬਰ ਦੇ ਸ਼ਹਿਰੀਆਂ ਵਾਲਾ ਸਲੂਕ ਕਰਨ, ਘੱਟ ਗਿਣਤੀਆਂ ਦੇ ਕੁਚਲੇ ਜਾ ਰਹੇ ਮਨੁੱਖੀ ਹੱਕਾਂ ਦੀ ਆਵਾਜ਼ ਵਿਸ਼ਵ ਦੇ ਲੋਕਾਂ ਸਾਹਮਣੇ ਰੱਖ ਲਈ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ, ਵਪਾਰਕ, ਕਿਸਾਨ, ਮਜਦੂਰਾਂ, ਮੁਲਾਜਮਾਂ ਦੀਆਂ ਜਥੇਬੰਦੀਆਂ ਵਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਸੰਸਦ ਵੱਲ ਰੋਸ ਮਾਰਚ ਕਢਿਆ ਗਿਆ । ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸਰਪ੍ਰਸਤ ਇੰਟਰਨੈਸ਼ਨਲ ਪੰਥਕ ਅਕਾਲੀ ਦਲ ਦੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ 10 ਦਸੰਬਰ ਨੂੰ ਜਦੋਂ ਸਮੁੱਚੇ ਵਿਸ਼ਵ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਸਬੰਧੀ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਉਸ ਸਮੇਂ ਅਸੀਂ ਦਿੱਲੀ ਦੇ ਸੰਸਦ ਭਵਨ ਅੱਗੇ ਭਾਰਤੀ ਸਿੱਖਾਂ ਦੇ ਕੁਚਲੇ ਜਾ ਰਹੇ ਹੱਕਾਂ ਬਾਰੇ ਵਿਸ਼ਵ ਨੂੰ ਜਾਣੂ ਕਰਵਾਉਣ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਸੰਸਦ ਭਵਨ ਤੱਕ ਸ਼ਾਂਤਮਈ ਰੋਸ ਮਾਰਚ ਕਰ ਰਹੇ ਹਾਂ। ਰੋਸ ਮਾਰਚ ਵਿਚ ਸੰਗਤਾਂ ਸਤਿਨਾਮ ਵਾਹਿਗੁਰੂ ਦੇ ਜਾਪ ਦੌਰਾਨ ਸਿੱਖਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ, ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਦੀ ਆਵਾਜ਼ ਹੀ ਬੁਲੰਦ ਕਰ ਰਹੀਆਂ ਸਨ । ਜਿਕਰਯੋਗ ਹੈ ਕਿ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਹੈ ਅਤੇ ਉਸੇ ਦਿਨ ਦੇਸ਼ ਅਤੇ ਦੁਨੀਆਂ ਨੂੰ ਦਸਿਆ ਜਾ ਰਿਹਾ ਹੈ ਕਿ ਸਿੱਖਾਂ ਨਾਲ, ਸਿੱਖ ਕੌਮ ਨਾਲ ਦੋਹਰਾ ਮਾਪਦੰਡ ਅਪਣਾਇਆ ਜਾ ਰਿਹਾ ਹੈ, ਸਿੱਖ ਪੰਥ ਨਾਲ ਸੰਬੰਧਿਤ ਬਹੁਤ ਸਾਰੇ ਸਿੱਖ ਕੈਦੀ ਜਿਹੜੇ ਆਪਣੀਆਂ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਹਨ, ਪਰੰਤੂ ਫਿਰ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ । ਇਸ ਕਰਕੇ ਕੁਚਲੇ ਜਾ ਰਹੇ ਮਨੁੱਖੀ ਅਧਿਕਾਰਾਂ ਸਬੰਧੀ ਦੁਨੀਆਂ ਭਰ ਨੂੰ ਜਾਣੂ ਕਰਵਾਉਣ ਲਈ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਦਿੱਲੀ ਵਿਖੇ ਰੋਸ ਮਾਰਚ ਕਢਿਆ ਗਿਆ ਸੀ । ਉਨ੍ਹਾਂ ਨੇ ਕਿਹਾ ਕਿ ਭਾਰਤੀ ਸਰਕਾਰਾਂ ਅਤੇ ਵਿਸ਼ਵ ਦੀਆਂ ਸਰਕਾਰਾਂ, ਸੰਸਥਾਵਾਂ ਵੱਲੋਂ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾ ਰਹੀ ਹੈ ਓਹ ਦਸਣ ਕਿ ਸਿੱਖ ਪੰਥ ਦੇ ਅਧਿਕਾਰ ਕਿੱਥੇ ਹਨ.? ਸਾਨੂੰ ਤਾਂ ਇਸ ਤਰਾਂ ਪ੍ਰਤੀਤ ਹੁੰਦਾ ਹੈ ਕਿ ਸਾਡੇ ਮਨੁੱਖੀ ਅਧਿਕਾਰ ਤਾਂ ਹੈ ਹੀ ਨਹੀਂ ਹਨ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਸਿੱਖ ਕੈਦੀ ਹਨ, ਜਿਹੜੇ ਆਪਣੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤੇ ਜਾ ਰਹੇ। ਉਨਾਂ ਸਮੇਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਬੰਦੀ ਸਿੰਘਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਵਿੱਚ ਆਪਣਾ ਰਹਿੰਦਾ ਜੀਵਨ ਸ਼ਾਂਤੀ ਨਾਲ ਜਿਉਂ ਸਕਣ। ਰੋਸ ਮਾਰਚ ਵਿਚ ਹਾਜ਼ਿਰੀ ਭਰਣ ਵਾਸਤੇ ਬੀਤੀ ਦੇਰ ਰਾਤ ਤੱਕ ਅਣਗਿਣਤ ਸੰਗਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਆਗੂਆਂ ਦੀ ਅਗਵਾਈ ਵਿੱਚ ਦਿੱਲੀ ਪਹੁੰਚ ਚੁੱਕੀਆਂ ਸਨ ਅਤੇ ਇਨ੍ਹਾਂ ਸਭ ਦੇ ਰਹਿਣ ਅਤੇ ਲੰਗਰ ਆਦਿ ਦੇ ਪ੍ਰਬੰਧ ਗੁਰਦੁਆਰਾ ਸ੍ਰੀ ਰਕਾਬਗੰਜ ਅਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਕੀਤਾ ਗਿਆ ਸੀ ।
ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਵਾਸਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਸੰਸਦ ਵਲ ਕਢਿਆ ਗਿਆ ਰੋਸ ਮਾਰਚ
This entry was posted in ਪੰਜਾਬ.