“ਨੀ ਮੈਂ ਸੁਣਿਆ ਆਪਣੇ ਜ਼ੈਲਦਾਰਾਂ ਦੇ ਘਰ ਇਸ ਲੋਹੜੀ ਵਾਲੇ ਦਿਨ ਬਹੁਤ ਵੱਡਾ ਪ੍ਰੋਗਰਾਮ ਆ”, ਕੰਧ ਦੇ ਦੂਜੇ ਪਾਸੇ ਪਾਥੀਆਂ ਪੱਥਦੀ ਬੋਲਿਆਂ ਦੀ ਨੂੰਹ ਤਾਰੋ ਨੂੰ ਮਾਈ ਪ੍ਰਸਿੰਨੀ ਨੇ ਅੱਡੀਆਂ ਚੁੱਕਦੀ ਨੇ ਪੁਛਿਆ।
“ਹਾਂ ਬੀਜੀ ਸੁਣਿਆ ਤਾਂ ਮੈਂ ਵੀ ਆ ਕਿ ਭੋਲਾ ਅਮਰੀਕਾ ਤੋਂ ਆ ਰਿਹਾ ਹੈ। ਆਪਣੇ ਮੁੰਡੇ ਦੀ ਲੋਹੜੀ ਪਾਉਣ ਤੇ ਜ਼ੈਲਦਾਰ ਨੇ ਸਾਰੇ ਪਿੰਡ ਨੂੰ ਖੁਲ੍ਹਾ ਸੱਦਾ ਦਿੱਤਾ ਏ।” ਤਾਰੋ ਨੇ ਪ੍ਰਸਿੰਨੀ ਦੀ ਹਾਂ ਵਿਚ ਹਾਂ ਮਿਲਾਉਂਦੇ ਹੋਏ ਕਿਹਾ।
“ਨੀ ਦੇਖ ਲਾ ਕੱਲ ਅਜੇ ਜੈ਼ਲਦਾਰ ਨੇ ਪੂਰੇ ਪਿੰਡ ਤੋਂ ਪੈਸੇ ਇਕੱਠੇ ਕਰ ਕੇ ਭੋਲੇ ਨੂੰ ‘ਮਰੀਕਾ ਭੇਜਿਆ ਸੀ ਆਹ ਜਦੋਂ ਦੇ ਦੋਵੇਂ ਨਿਆਣੇ ਪਰਦੇਸਾਂ ‘ਚ ਗਏ ਨੇ ਇਨ੍ਹਾਂ ਦੇ ਘਰ ਤਾਂ ਜਿੱਦਾਂ ਫਿਰ ਤੋਂ ਖੁਸ਼ਹਾਲੀ ਆ ਗਈ।” ਇੰਨਾ ਕਹਿ ਕੇ ਪ੍ਰਸਿੰਨੀ ਜਿਵੇਂ ਮਨ ਹੀ ਮਨ ਪ੍ਰਦੇਸਾਂ ਦੀ ਦੁਨੀਆਂ ਨੂੰ ਅਸੀਸਾਂ ਦੇਣ ਲੱਗ ਪਈ।
ਜ਼ੈਲਦਾਰ ਨੇ ਮਸਾਂ ਹੀ ਕਰਜ਼ਾ ਚੁੱਕ ਕੇ ਆਪਣੇ ਵਿਹਲੜ ਮੁੰਡੇ ਭੋਲੇ ਨੂੰ ਅਮਰੀਕਾ ਭੇਜਿਆ ਸੀ ਤੇ ਪਤਾ ਨਹੀਂ ਦਸ ਕੁ ਸਾਲ ਬਾਅਦ ਉਹਦੇ ਵਿਆਹ ਦੀ ਹੀ ਖ਼ਬਰ ਸੁਣੀ ਸੀ ਤੇ ਅੱਜ ਪੂਰੇ ਪਿੰਡ ਵਿਚ ਉਹਦੇ ਆਉਣ ਦੀਆਂ ਗੱਲਾਂ ਹੋ ਰਹੀਆਂ ਹਨ। ਪੂਰਾ ਕੋਰਾ ਅਨਪੜ੍ਹ ਸੀ ਭੋਲਾ ਪਰ ਕਿਸੇ ਨੂੰ ਕੀ ਪਤਾ ਕਿ ਸ਼ੁਦਾਈ ਜਿਹੇ ਭੋਲੇ ਨੇ ਪ੍ਰਦੇਸ ਵਿਚ ਜਾ ਕੇ ਕੀ ਜਾਦੂ ਕੀਤਾ।
ਭੋਲੇ ਦੇ ਅਮਰੀਕਾ ਜਾਣ ਤੋਂ ਬਾਅਦ ਜੈ਼ਲਦਾਰ ਨੂੰ ਸਿਰਫ਼ ਆਪਣੀ ਜਵਾਨ ਕੁੜੀ ਪਾਰੋ ਦਾ ਹੀ ਫਿਕਰ ਸੀ ਜੋ ਪੜ੍ਹਾਈ ਖ਼ਤਮ ਕਰਕੇ ਘਰ ਬੈਠੀ ਹੋਈ ਸੀ। ਪਰ ਪਾਰੋ ‘ਤੇ ਪ੍ਰਦੇਸ ਜਾਣ ਦਾ ਭੂਤ ਸਵਾਰ ਨਹੀਂ ਸੀ ਉਹ ਤਾਂ ਉਸਦੇ ਪਿਉ ਦੀ ਜਿ਼ੱਦ ਨੇ ਉਸਨੂੰ ਵਲੈਤ ਦੇ ਕਿਸੇ ਅਣਜਾਣ ਜਿਹੇ ਮੁੰਡੇ ਦੇ ਲੜ ਲਾ ਦਿੱਤੀ। ਜ਼ੈਲਦਾਰ ਸੋਚਦਾ ਸੀ ਉਸਦੀ ਧੀ ਪੜ੍ਹੀ ਲਿਖੀ ਹੈ ਇਕ ਵਾਰ ਵਲੈਤ ਚਲੀ ਜਾਵੇ ਫਿਰ ਤਾਂ ਰਿਸ਼ਤੇ ਉਸਦੇ ਪਿੱਛੇ ਪਿੱਛੇ ਫਿਰਨਗੇ। ਫਿਰ ਉਹ ਆਪਣੀ ਪਸੰਦ ਨਾਲ ਵਿਆਹ ਕਰਵਾ ਸਕਦੀ ਹੈ। ਪਰ ਉਸਨੂੰ ਕੀ ਪਤਾ ਸੀ ਕਿ ਸੱਤ ਸਮੁੰਦਰੋਂ ਪਾਰ ਬੈਠੇ ਜਵਾਈ ਜੀ ਕੀ ਸੋਚ ਰਹੇ ਸਨ। ਇਧਰ ਭੋਲੇ ਦੇ ਵਿਆਹ ਲਈ ਜ਼ੈਲਦਾਰ ਹਿੱਕ ਤਣ ਕੇ ਰਿਸ਼ਤੇ ਦੀ ਗੱਲ ਕਰਦਾ ਤੇ ਕਹਿੰਦਾ ਕਿ ਸਾਡਾ ਭੋਲਾ ਤਾਂ ਬਿਜ਼ਨਸਮੈਨ ਬਣ ਗਿਆ ਏ। ਕੋਈ ਪੜ੍ਹੀ ਲਿਖੀ ਤੇ ਤਕੜੇ ਘਰ ਦੀ ਕੁੜੀ ਚਾਹੀਦੀ ਹੈ। ਤੇ ਆਖ਼ਰ ਇਕ ਹੋਰ ਪਿਉ ਨੇ ਆਪਣੀ ਡਾਕਟਰ ਧੀ ਨੂੰ ਬਿਨਾਂ ਜਵਾਈ ਨੂੰ ਤੋਲੇ ਹੀ ਅਮਰੀਕਾ ਦਾ ਨਾਮ ਸੁਣ ਕੇ ਭੋਲੇ ਦੇ ਲੜ ਲਾ ਦਿੱਤੀ। ਜ਼ੈਲਦਾਰ ਤੇ ਉਹਦੀ ਘਰਵਾਲੀ ਖੁਸ਼ੀ ਖੁਸ਼ੀ ਆਪਣੀ ਜਿ਼ੰਦਗ਼ੀ ਦੇ ਦਿਨ ਕੱਟਦੇ ਤੇ ਰਬ ਦਾ ਸ਼ੁਕਰ ਮਨਾਉਂਦੇ ਕਿ ਉਨ੍ਹਾਂ ਦੇ ਬੱਚੇ ਆਪੋ ਆਪਣੇ ਘਰ ਤਰੱਕੀਆਂ ‘ਤੇ ਹਨ।
ਭੋਲੇ ਤੇ ਪਾਰੋ ਦਾ ਫੋਨ ਕਦੀ ਕਦੀ ਆ ਜਾਂਦਾ ਤੇ ਦੋਵੇਂ ਹਮੇਸ਼ਾਂ ਆਪਣਾ ਵਧੀਆ ਹਾਲ ਚਾਲ ਦਸ ਦੇ ਫੋਨ ਰੱਖ ਦਿੰਦੇ। ਪਰ ਜ਼ੈਲਦਾਰ ਨੂੰ ਕੀ ਪਤਾ ਸੀ ਕਿ ਕੌਣ ਅਸਲ ਵਿਚ ਖੁਸ਼ ਹੈ ਅਤੇ ਕੌਣ ਆਪਣੇ ਦਿਲ ਤੇ ਪੱਥਰ ਰੱਖ ਕੇ ਖੁਸ਼ ਹੈ। ਅਸਲ ਵਿਚ ਭੋਲੇ ਨੇ ਕਦੀ ਕੰਮ ਕੀਤਾ ਹੀ ਨਹੀਂ ਸੀ। ਜਦ ਦਾ ਉਹਦਾ ਵਿਆਹ ਹੋਇਆ ਸੀ ਉਸਨੇ ਆਪਣਾ ਸਾਰਾ ਬੋਝ ਨਵੀਂ ਵਹੁਟੀ ਜੀਤੀ ਤੇ ਸੁਟੱ ਦਿੱਤਾ ਸੀ।
ਵਿਚਾਰੀ ਜੀਤੀ ਨੇ ਹੀ ਸਾਰਾ ਕੰਮ ਸੰਭਾਲਿਆ ਤੇ ਖੁਦ ਹੀ ਕਈ ਮੁਸ਼ਕਲਾਂ ਤੋਂ ਗੁਜ਼ਰ ਕੇ ਇੱਕ ਚੰਗੀ ਨੌਕਰੀ ਲੱਭੀ, ਜਿਸ ਨਾਲ ਉਸਦਾ ਘਰ ਚਲਦਾ। ਭੋਲੇ ਨੂੰ ਪੈਸੇ ਦਾ ਕੋਈ ਫਿਕਰ ਨਹੀਂ ਸੀ ਸਾਰਾ ਦਿਨ ਬੈਠਾ ਰਹਿੰਦਾ ਸ਼ਰਾਬ ਪੀਂਦਾ ਰਹਿੰਦਾ ਤੇ ਪਿੰਡ ਜ਼ੈਲਦਾਰ ਨੂੰ ਦੱਸਦਾ ਕਿ ਦੋਵੇਂ ਬਹੁਤ ਵਧੀਆ ਕੰਮ ਕਰ ਰਹੇ ਹਨ। ਜੀਤੀ ਸਾਰਾ ਦਿਨ ਕੰਮ ਕਰਦੀ ਤੇ ਸ਼ਾਮ ਨੂੰ ਘਰ ਆ ਕੇ ਭੋਲਾ ਉਸਨੂੰ ਗਾਲ੍ਹਾਂ ਵੀ ਕੱਢਦਾ ਤੇ ਸਾਰੇ ਪੈਸੇ ਖੋਹ ਲੈਂਦਾ। ਭੋਲਾ ਸਾਰੇ ਡਾਲਰ ਜਾਂ ਤਾਂ ਦਾਰੂ ਵਿਚ ਉਡਾ ਦਿੰਦਾ ਤੇ ਕੁਝ ਪਿੰਡ ਭੇਜ ਦਿੰਦਾ। ਪਰ ਜੀਤੀ ਨੇ ਕਦੀ ਵੀ ਵਿਰੋਧ ਨਹੀਂ ਸੀ ਕੀਤਾ। ਵਿਚਾਰੀ ਕਰਦੀ ਵੀ ਤਾਂ ਕੀ ਕਰਦੀ ਆਪਣੇ ਘਰਦਿਆਂ ਦਾ ਖੁਸ਼ ਹੁੰਦਾ ਮਨ ਦੇਖ ਕੇ ਫਿਰ ਸਬਰ ਦਾ ਘੁੱਟ ਭਰ ਲੈਂਦੀ। ਤੇ ਦੂਜੇ ਪਾਸੇ ਪਾਰੋ ਜੋ ਆਪਣੇ ਸੁਪਨੇ ਲੈ ਕੇ ਵਲੈਤ ਗਈ ਸੀ ਉਹ ਸੁਪਨੇ ਉੱਥੇ ਹੀ ਰਹਿ ਗਏ ਸਨ। ਪਾਰੋ ਨੇ ਆਪਣੇ ਪਿਉ ਦੇ ਪਿੱਛੇ ਲੱਗ ਕੇ ਵਲੈਤ ਜਾਂਦਿਆਂ ਹੀ ਹੋਰ ਨਵੇਂ ਰਿਸ਼ਤਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਕੁਝ ਚਿਰ ਬਾਅਦ ਜਦੋਂ ਜਿ਼ਆਦਾ ਪੈਸੇ ਦੀ ਨੀਅਤ ਵਿਚ ਸਭ ਰਿਸ਼ਤੇ ਠੁਕਰਾ ਦਿੱਤੇ ਤਾਂ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਪਾਰੋ ਦੇ ਪ੍ਰਾਹੁਣੇ ਸੁਰਜੀਤ ਨੂੰ ਇਸ ਬਾਰੇ ਪਤਾ ਲੱਗ ਚੁਕਿਆ ਸੀ ਤੇ ਉਪਰੋਂ ਡਾਕਟਰਾਂ ਨੇ ਦੱਸਿਆ ਕਿ ਪਾਰੋ ਕਦੀ ਮਾਂ ਨਹੀਂ ਸੀ ਬਣ ਸਕਦੀ। ਪਰ ਪਾਰੋ ਨੇ ਕਦੀ ਵੀ ਆਪਣੇ ਪਿਉ ਨੂੰ ਇਸ ਬਾਰੇ ਕੁਝ ਨਹੀਂ ਸੀ ਦੱਸਿਆ।
ਅੱਜ ਜ਼ੈਲਦਾਰ ਕੇ ਦੋਵੇਂ ਬੱਚੇ ਪ੍ਰਦੇਸੋਂ ਆ ਰਹੇ ਹਨ ਕੋਈ ਕਿਸੇ ਦੀਆਂ ਖੁਸ਼ੀਆਂ ਖੋਹ ਕੇ ਖੁਸ਼ ਸੀ ਤੇ ਕੋਈ ਆਪਣੇ ਦੁੱਖ ਦਬਾ ਕੇ ਖੁਸ਼ ਸੀ। ਜ਼ੈਲਦਾਰ ਅੱਜ ਬਹੁਤ ਖੁਸ਼ ਸੀ ਕਿ ਉਸਦੀਆਂ ਦੋਵੇਂ ਔਲਾਦਾਂ ਸੁਖੀ ਹਨ। ਭੋਲਾ ਖੁਸ਼ੀ ਨਾਲ ਪਾਗਲ ਹੋਇਆ ਫਿਰਦਾ ਸੀ ਤੇ ਆਪਣੇ ਇਕ ਸਾਲ ਦੇ ਮੁੰਡੇ ਨੂੰ ਕੁੱਛੜ ਚੁੱਕ ਕੇ ਨੱਚ ਰਿਹਾ ਸੀ। ਪੂਰੇ ਪਿੰਡ ਵਿਚ ਗਾਣਿਆਂ ਦਾ ਤੇ ਸ਼ਰਾਬਾਂ ਦਾ ਰਾਮ ਰੌਲਾ ਚਲ ਰਿਹਾ ਸੀ। ਸਾਰਾ ਖਰਚ ਭੋਲੇ ਨੇ ਹੀ ਕੀਤਾ ਸੀ। ਪੂਰਾ ਪਿੰਡ ਹੈਰਾਨ ਸੀ ਪਰ ਕਿਸੇ ਨੂੰ ਕੀ ਪਤਾ ਕਿ ਇਹ ਅਸਲ ਵਿਚ ਕਿਸਦੀ ਹੱਕ ਦੀ ਕਮਾਈ ਹੈ ਉਸ ਬਾਲੜੀ ਦੀ ਜੋ ਕੋਨੇ ਵਿਚ ਬੈਠੀ ਆਪਣੀ ਮੇਹਨਤ ਦੀਆਂ ਉਡਦੀਆਂ ਧੱਜੀਆਂ ਨੂੰ ਵੇਖ ਰਹੀ ਸੀ। ਪਾਰੋ ਵੀ ਆਪਣੇ ਭਰਾ ਦੀਆਂ ਖੁਸ਼ੀਆਂ ਵਿਚ ਸ਼ਾਮਲ ਸੀ ਪਰ ਇਕੱਲੀ। ਉਸ ਰਾਤ ਤਾਂ ਉਸਨੇ ਟਾਲ ਮਟੋਲ ਕਰਕੇ ਸਭ ਨੂੰ ਕਹਿ ਦਿੱਤਾ ਕਿ ਸੁਰਜੀਤ ਕਿਸੇ ਕੰਮ ਕਰਕੇ ਆ ਨਹੀਂ ਸਕੇ, ਪਰ ਲੋਹੜੀ ਦੇ ਜ਼ਸ਼ਨਾਂ ਦੀ ਦੂਜੀ ਸਵੇਰ ਨੂੰ ਪਾਰੋ ਦੀਆਂ ਆਪਣੀ ਮਾਂ ਸਾਹਮਣੇ ਭੁੱਬਾਂ ਨਿਕਲ ਗਈਆਂ ਅਤੇ ਸਭ ਕੁਝ ਸੁਣਾ ਦਿੱਤਾ। ਸੁਰਜੀਤ ਨੇ ਪਾਰੋ ਨੂੰ ਖੁਦ ਤਲਾਕ ਦੇ ਦਿੱਤਾ ਸੀ ਅਤੇ ਹੁਣ ਕੌਣ ਕਿਸੇ ਵਿਆਹ ਦੀ ਉਮਰੋਂ ਲੰਘੀ ਬਾਂਝ ਕੁੜੀ ਨਾਲ ਆਪਣਾ ਰਿਸ਼ਤਾ ਲੈ ਕੇ ਆਵੇਗਾ। ਜ਼ੈਲਦਾਰ ਨੇ ਤਾਕਤ ਦੇ ਹੰਕਾਰ ਵਿਚ ਆਪਣੀ ਧੀ ਲਈ ਹੋਰ ਰਿਸ਼ਤੇ ਲੱਭਦਿਆਂ ਬਣਿਆ ਬਣਾਇਆ ਘਰ ਉਜਾੜ ਦਿੱਤਾ।
ਜਸ਼ਨਾਂ ਦੇ ਦੂਜੇ ਦਿਨ ਸਭ ਦੇ ਚਿਹਰੇ ਉਦਾਸ ਸਨ। ਪਾਰੋ ਦੀ ਜਿ਼ੰਦਗ਼ੀ ਬਰਬਾਦ ਕਰਨ ਤੇ ਸਭ ਇਕ ਦੂਜੇ ਨੂੰ ਕੋਸਣ ਲੱਗੇ। ਜ਼ੈਲਦਾਰ ਇੱਕ ਪਾਸੇ ਬੈਠਾ ਰੱਬ ਤੋਂ ਮੁਆਫ਼ੀ ਮੰਗ ਰਿਹਾ ਸੀ।
ਭੋਲੇ ਦੀ ਵਹੁਟੀ ਜੀਤੀ ਇੱਕ ਪਾਸੇ ਬੈਠੀ ਸਭ ਕੁਝ ਦੇਖ ਰਹੀ ਸੀ। ਇੱਕ ਧੀ ਦੀਆਂ ਖੁਸ਼ੀਆਂ ਨਾ ਪੂਰੀਆਂ ਹੋਣ ਤੇ ਕਿਸ ਤਰ੍ਹਾਂ ਉਸਦਾ ਪਿਉ ਤੇ ਖੁਦ ਭੋਲਾ ਦੁਖੀ ਸਨ। ਪਰ ਕੋਈ ਉਸਦੇ ਬਾਰੇ ਕਿਉਂ ਨਹੀਂ ਇਨ੍ਹਾਂ ਨਜ਼ਰਾਂ ਨਾਲ ਸੋਚਦਾ ਕਿ ਉਹ ਵੀ ਤਾਂ ਕਿਸੇ ਦੀ ਧੀ ਹੈ ਜੋ ਆਪਣੀਆਂ ਸਧਰਾਂ ਨੂੰ ਦਬਾ ਉਨ੍ਹਾਂ ਲਈ ਇੰਨਾ ਕੁਝ ਕਰ ਰਹੀ ਹੈ।
ਉਹੀ ਭੋਲਾ ਜੋ ਆਪਣੀ ਭੈਣ ਦੇ ਸੁਪਨੇ ਟੁੱਟਣ ‘ਤੇ ਇੰਨਾ ਗਲ ਵਿਚ ਹੈ ਉਹ ਮੇਰਾ ਦੁੱਖ ਕਿਉਂ ਨਹੀਂ ਸਮਝ ਸਕਦਾ? ਮੈਂ ਵੀ ਤਾਂ ਕਿਸੇ ਦੀ ਧੀ ਜਾਂ ਭੈਣ ਹਾਂ।