ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- 2019 ਵਿਚ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ‘ਚ ਘਿਰੇ ਹੋਣ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਣ ਵਾਲੇ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਨੇ ਅੱਜ ਅਪਣੀ ਰਿਹਾਇਸ਼ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਇਹ ਕਹਿੰਦੇ ਹੋਏ ਕਿ ਅੱਜ ਸਿੱਖਾਂ ਦੇ ਮਸਲਿਆਂ ‘ਤੇ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਮੈਂ ਬਿਨਾਂ ਕਿਸੇ ਸ਼ਰਤ ਵਾਪਸੀ ਕਰ ਰਿਹਾ ਹਾਂ, ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਦਿੱਲੀ ਕਮੇਟੀ ਦੇ ਕਈ ਸੀਨੀਅਰ ਆਗੂਆਂ ਨੇ ਵੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਐਸਏਡੀ ਵਿਚ ਵਾਪਸੀ ਕਰਣ ਉਪਰੰਤ ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ ਕਿਉਂਕਿ ਕੌਮ ਦੇ ਹਿੱਤ ਸਾਡੇ ਲਈ ਸੱਭ ਤੋਂ ਉੱਪਰ ਹਨ।” ਉਨ੍ਹਾਂ ਐਸਏਡੀ ਤੋਂ ਨਿਕਲੇ ਸਮੂਹ ਅਕਾਲੀਆਂ ਅਤੇ ਵਰਕਰਾਂ ਨੂੰ ਮੁੜ ਪਾਰਟੀ ਅੰਦਰ ਸ਼ਾਮਿਲ ਹੋਣ ਬਾਰੇ ਕਿਹਾ ਕਿ ਦੇਸ਼ ਭਰ ਵਿਚ ਜਿਹੋ ਜਿਹੇ ਹਾਲਾਤ ਬਣ ਚੁੱਕੇ ਹਨ, ਜਿਵੇਂ ਸਮੇਂ ਦੀਆਂ ਸਰਕਾਰਾਂ ਗੱਲ ਨਹੀਂ ਸੁਣ ਰਹੀਆਂ, ਜੇਕਰ ਅਜ ਅਸੀਂ ਇੱਕਠੇ ਨਹੀਂ ਹੋਏ ਤਾਂ ਸਰਕਾਰਾਂ ਨੇ ਸਾਨੂੰ ਟਕੇ ਸਿਰ ਵੀ ਨਹੀਂ ਪੁੱਛਣਾ, ਇਸ ਸੱਭ ਦੇ ਚੱਲਦਿਆਂ ਸਾਰੀਆਂ ਪੰਥਕ ਧਿਰਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਇਸ ਦੇ ਮੱਜੇਨਜ਼ਰ ਅਸੀਂ ਪੰਥ ਦੀ ਤਾਕਤ, ਕੌਮ ਦੀ ਤਾਕਤ ਅਤੇ ਮਸਲਿਆਂ ਦੀ ਲੜਾਈ ਲਈ ਅਕਾਲੀ ਦਲ ਵਿਚ ਮੁੜ ਜਾਣ ਦਾ ਫ਼ੈਸਲਾ ਲਿਆ ਹੈ। ਅਸੀਂ ਇਕ ਤਾਕਤ ਬਣ ਕੇ ਕੌਮ ਦੇ ਮਸਲੇ ਹੱਲ ਕਰਵਾਵਾਂਗੇ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਲਈ ਕੌਮ ਸੱਭ ਤੋਂ ਉੱਪਰ ਹੈ। ਇਸ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਹੁਣ ਤਿੰਨ ਪੰਥਕ ਪਾਰਟੀਆਂ ਇਕ ਹੋ ਗਈਆਂ ਹਨ, ਪੰਜਾਬ ਵਿਚ ਵੀ ਸੱਭ ਇਕੱਠੇ ਹੋ ਰਹੇ ਹਨ। ਇਸ ਤਾਕਤ ਨੂੰ ਦੇਖ ਕੇ ਹੀ ਵਿਰੋਧੀ ਝੁਕਣਗੇ ਅਤੇ ਕੌਮ ਦੇ ਮਸਲੇ ਹੱਲ ਹੋ ਸਕਣਗੇ।
ਇਸ ਤੋਂ ਪਹਿਲਾਂ ਮਨਜੀਤ ਸਿੰਘ ਜੀਕੇ ਨੇ ਕਿਹਾ ਸੀ ਕਿ ਅਸੀਂ ਜਾਗੋ ਪਾਰਟੀ ਦਾ ਢਾਂਚਾ ਭੰਗ ਕਰ ਰਹੇ ਹਾਂ, ਉਨ੍ਹਾਂ ਸਮੇਤ ਦਿੱਲੀ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਹੋਰ ਕਈ ਆਗੂ ਮੁੜ ਤੋਂ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਅੰਦਰ ਪਾਰਟੀ ਵਿਚ ਸ਼ਾਮਲ ਹੋਣਗੇ। ਜੀਕੇ ਨੇ ਕਿਹਾ ਕਿ ਸਾਡੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਸਰਨਾ ਜੀ, ਚੰਦੂਮਾਜਰਾ ਜੀ ਰਾਹੀਂ ਮੁੜ ਪਾਰਟੀ ਵਿਚ ਸ਼ਾਮਿਲ ਹੋਣ ਦੀ ਵਿਚਾਰਾਂ ਚਲ ਰਹੀਆਂ ਸਨ, ਜਿਸ ਨੂੰ ਅਜ ਹੁੰਗਾਰਾ ਮਿਲਦਿਆ ਅਸੀਂ ਪਾਰਟੀ ਅੰਦਰ ਸ਼ਾਮਿਲ ਹੋ ਗਏ ਹਾਂ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸਾਬਕਾ ਐਮਪੀ ਪ੍ਰੇਮ ਸਿੰਘ ਚੰਦੂਮਾਜਰਾ, ਸਤਨਾਮ ਸਿੰਘ ਖਾਲਸਾ ਅਤੇ ਹੋਰ ਬਹੁਤ ਸਾਰੇ ਨੇਤਾ ਮੌਜੂਦ ਸਨ ।