ਸ੍ਰੀ ਅਨੰਦਪੁਰ ਸਾਹਿਬ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪ੍ਰਬੰਧ ਅਧੀਨ ਸਮੂੰਹ ਗੁਰਦੁਆਰਾ ਸਾਹਿਬਾਨ, ਧਰਮ ਪ੍ਰਚਾਰ ਕਮੇਟੀ, ਪ੍ਰਿਟਿੰਗ ਪ੍ਰੈਸਾਂ ਅਤੇ ਸਕੂਲਾਂ/ਕਾਲਜ਼ਾਂ ਦਾ ਸਾਲ 2011-2012 ਦੇ ਬਜ਼ਟ ਦੀ ਪ੍ਰਵਾਨਗੀ ਲਈ ਜਨਰਲ ਇਜਲਾਸ 24 ਮਾਰਚ ਨੂੰ ਬਾਅਦ ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਬਲਾਉਣ ਅਤੇ ਹਰਿਆਣਾ ਸੂਬੇ ਦੇ ਰਿਵਾੜੀ ਜਿਲ੍ਹੇ ਦੇ ਪਿੰਡ ਹੋਂਦ ਚਿਲੜ ਵਿਖੇ 2 ਨਵੰਬਰ 1984 ਨੂੰ ਵਾਪਰੇ ਖੌਫਨਾਕ ਅਤੇ ਅਣਮਨੁੱਖੀ ਕਾਂਡ ਦੀ ਨਿੰਦਾ ਅਤੇ ਇਸ ਵਹਿਸ਼ੀ ਕਾਰੇ ਦੀ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਾਏ ਜਾਣ ਦੀ ਮੰਗ ਦਾ ਮਤਾ ਪਾਸ ਕੀਤਾ ਗਿਆ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸਥਾਨਕ ‘ਸ. ਬਲਦੇਵ ਸਿੰਘ ਮਾਹਿਲਪੁਰੀ ਇਕੱਤਰਤਾ ਹਾਲ’ ’ਚ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਉਨ੍ਹਾਂ ਕਿਹਾ ਕਿ ਹੋਂਦ ਦੇ ਚਿਲੜ ਕਾਂਡ ਦਰਿੰਦਗੀ ਦੀ ਅਜਿਹੀ ਖੂਨੀ ਦਾਸਤਾਨ ਹੈ ਜਿਸ ਨੂੰ ਸੁਣ ਕੇ ਮਨੁੱਖੀ ਆਤਮਾ ਕੰਬ ਉਠਦੀ ਹੈ। ਹੋਰ ਵੀ ਦੁੱਖਦਾਈ ਗੱਲ ਹੈ ਇਸ ਘਟਨਾ ਵਿਚ ਬਚੇ ਬਾਕੀ ਜੀਆਂ ਨੂੰ ਹੁਣ ਤੀਕ ਵੀ ਇਨਸਾਫ ਨਹੀਂ ਮਿਲਿਆ ਅਤੇ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਜੂਨ 1984 ’ਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਗਿਣੀ-ਮਿਥੀ ਸਾਜਿਸ਼ ਅਧੀਨ ਵੱਡੇ ਪੱਧਰ ਤੇ ਸਿੱਖਾਂ ਦੀ ਨਸ਼ਲਕੁਸ਼ੀ (ਕਤਲੇਆਮ) ਕੀਤੀ ਗਈ ਪਰ ਕਿੰਨ੍ਹੇ ਸਿਤਮ ਦੀ ਗੱਲ ਹੈ ਕਿ ਅੱਜ ਤੀਕ ਇਕ ਵੀ ਦੋਸ਼ੀ ਨਹੀਂ ਫੜਿਆ ਗਿਆ ਜੋ ਸਰਕਾਰ ਦੇ ਮੱਥੇ ’ਤੇ ਵੱਡਾ ਕਲੰਕ ਹੈ।
ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਹੋਂਦ ਚਿਲੜ ਕਾਂਡ ਨਾਲ ਸਬੰਧਤ ਕਿਸੇ ਵੀ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਕਾਰਜ ਲਈ 50 ਲੱਖ ਰੁਪਏ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਪੀੜਤ ਪ੍ਰੀਵਾਰਾਂ ਦੇ ਬੱਚੇ ਜੋ ਵਿਦਿਅਕ ਯੋਗਤਾ ਪੂਰੀ ਕਰਦੇ ਹੋਣਗੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸਰਵਿਸ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੋਂਦ ਚਿਲੜ ਖੂਨੀ ਕਾਂਡ ਚੋਂ ਬਚੇ ਹੋਏ ਪ੍ਰੀਵਾਰਾਂ ਦੇ ਲੋਕ ਦਹਿਸ਼ਤ ਸਾਏ ਹੇਠ ਆਪਣੇ ਪ੍ਰੀਵਾਰਕ ਜੀਆਂ ਦੀ ਅੰਤਿਮ ਰਸਮਾਂ ਵੀ ਪੂਰੀਆਂ ਨਹੀਂ ਕਰ ਸਕੇ ਸਨ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਕਾਂਡ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੇ ਨਮਿਤ 2 ਮਾਰਚ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਗੁਰਦੁਆਰਾ ਝੰਡਾ ਬੁੰਗਾ ਵਿਖੇ ਸ੍ਰੀ ਅਖੰਡ ਪਾਠ ਅਰੰਭ ਕਰਕੇ 4 ਮਾਰਚ ਨੂੰ ਭੋਗ ਉਪਰੰਤ ਅਰਦਾਸ ਸਮਾਗਮ ਅਯੋਜਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਜਗਤਾਰ ਸਿੰਘ ਹਵਾਰਾ ਅਤੇ ਪ੍ਰਮਜੀਤ ਸਿੰਘ ਭਿਉਰਾ ਦੀ ਤਰੀਕ ਪੇਸ਼ੀ ਸਮੇਂ ਚੰਡੀਗੜ੍ਹ ਦੀ ਜਿਲ੍ਹਾ ਅਦਾਲਤ ਦੇ ਬਾਹਰ ਨਾਅਰੇ ਲਾ ਕੇ ਭੜਕਾਹਟ ਪੈਦਾ ਕਰਨ ਤੇ ਅਦਾਲਤ ਦੀ ਤੋਹੀਨ ਕਰਨ ਵਾਲੇ ਅਨਸਰਾਂ ਵਿਰੁੱਧ ਮਾਨਹਾਨੀ ਦਾ ਪਰਚਾ ਅਤੇ ਬੀਤੇ ਦਿਨੀਂ ਫਿਰੋਜ਼ਪੁਰ ਵਿਖੇ ਕੁਝ ਡਰਾਈਵਰਾਂ ਵੱਲੋਂ ਝਗੜੇ ਦੋਰਾਨ ਇਕ ਸਰਦਾਰ ਡਰਾਈਵਰ ਦੀ ਦਸਤਾਰ ਉਤਾਰ ਕੇ ਸਾੜਨ ਦੇ ਦੋਸ਼ੀਆਂ ਵਿਰੁੱਧ ਧਾਰਾ 295 ਏ. ਦਾ ਪਰਚਾ ਦਰਜ਼ ਕੀਤੇ ਜਾਣ ਦੀ ਮੰਗ ਦਾ ਮਤਾ ਪਾਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆ ਦੇ ਪਸਾਰ ਨੂੰ ਹੋਰ ਅੱਗੇ ਵਧਾਉਣ ਲਈ ਅੱਜ ਦੀ ਇਕੱਤਰਤਾ ’ਚ ਪੰਥ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਦੀ ਯਾਦ ਨੂੰ ਸਮਰਪਿਤ ਸੰਗਰੂਰ ਜਿਲ੍ਹੇ ਵਿਚ ਉਨ੍ਹਾਂ ਦੇ ਜੱਦੀ ਪਿੰਡ ਡੇਹਲਾ ਵਿਖੇ ਪਬਲਿਕ ਸਕੂਲ, ਲੁਧਿਆਣਾ ਜਿਲ੍ਹੇ ਦੇ ਕੜਿਆਣ ਪਿੰਡ ਵਿਖੇ ਭਾਈ ਮਨੀ ਸਿੰਘ ਖਾਲਸਾ ਕਾਲਜ, ਜਗਰਾਓਂ ਵਿਖੇ ਪੋਲੀਟੈਕਨੀਕਲ ਕਾਲਜ ਅਤੇ ਸੰਗਰੂਰ ਜਿਲ੍ਹੇ ਦੇ ਪਿੰਡ ਗਾਗਾ ਵਿਖੇ ਕਾਲਜ ਖੋਲਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਅਤੇ ਗੁਰਦੁਆਰਾ ਬੀੜ ਸਾਹਿਬ ਵਿਖੇ ਕੜਾਹ ਪ੍ਰਸਾਦਿ ਦੇ ਕਾਊਂਟਰਾਂ ਲਈ 13 ਨਗ ਕੰਪਿਊਟਰ, ਬਾਬਾ ਬੁੱਢਾ ਜੀ ਪਬਲਿਕ ਸਕੂਲ ਲਈ 2 ਬੱਸਾਂ, ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ’ਚ ਸਿੱਖ ਮਿਸ਼ਨ ਸਥਾਪਤ ਕਰਨ, ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਗੁਰਦੁਆਰਾ ਸਾਹਿਬ ਦੇ ਨਾਲ ਲਗਦੀ 36 ਵਿਸਵੇ ਜ਼ਮੀਨ ਖ਼ਰੀਦ ਕੀਤੇ ਜਾਣ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਰਯਾਦਾ ਨੂੰ ਮੁਖ ਰੱਖਦਿਆਂ ਮੋਬਾਇਲ ਜੈਮਰ ਲਗਵਾਏ ਜਾਣ ਦਾ ਫ਼ੈਸਲਾ ਕੀਤਾ।
ਇਕੱਤਰਤਾ ਦੀ ਅਰੰਭਤਾ ਤੋਂ ਪਹਿਲਾਂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਰਣਧੀਰ ਸਿੰਘ ਗੁਰੂਪੁਰਾ (ਰੋਡੇ) ਦੇ ਨਮਿਤ ਮੂਲ ਮੰਤਰ ਦੇ ਪੰਜ ਪਾਠ ਕੀਤੇ। ਇਕੱਤਰਤਾ ’ਚ ਟ੍ਰਸਟ ਵਿਭਾਗ ਦੀਆਂ 27, ਸੈਕਸ਼ਨ 85 ਦੀਆਂ 55 ਅਤੇ ਸੈਕਸ਼ਨ 87 ਦੀਆਂ 7 ਮੱਦਾਂ ’ਤੇ ਵਿਚਾਰਾਂ ਕੀਤੀਆਂ ਗਈਆਂ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਰਘੂਜੀਤ ਸਿੰਘ, ਜੂਨੀਅਰ ਮੀਤ ਪ੍ਰਧਾਨ ਸ੍ਰ: ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ੍ਰ: ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰਾਨ ਸ੍ਰ: ਰਜਿੰਦਰ ਸਿੰਘ ਮਹਿਤਾ, ਸ੍ਰ: ਕਰਨੈਲ ਸਿੰਘ ਪੰਜੋਲੀ, ਸ. ਮੰਗਲ ਸਿੰਘ, ਸ. ਰਾਮਪਾਲ ਸਿੰਘ ਬਹਿਨੀਵਾਲ, ਸ. ਭਜਨ ਸਿੰਘ ਸ਼ੇਰਗਿੱਲ, ਸਕੱਤਰ ਸ. ਦਲਮੇਘ ਸਿੰਘ ਖਟੜਾ ਤੇ ਸ. ਜੋਗਿੰਦਰ ਸਿੰਘ ਅਦਲੀਵਾਲ, ਐਡੀ: ਸਕੱਤਰ ਸ. ਸਤਬੀਰ ਸਿੰਘ, ਸ. ਰੂਪ ਸਿੰਘ, ਤੇ ਸ. ਤਰਲੋਚਨ ਸਿੰਘ, ਨਿੱਜੀ ਸਹਾਇਕ ਸ. ਪ੍ਰਮਜੀਤ ਸਿੰਘ ਸਰੋਆ ਤੇ ਸ. ਮਨਜੀਤ ਸਿੰਘ, ਪਬਲੀਸਿਟੀ ਵਿਭਾਗ ਦੇ ਮੀਤ ਸਕੱਤਰ ਸ. ਰਾਮ ਸਿੰਘ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ, ਸੁਪਰਵਾਈਜ਼ਰ ਸ. ਪ੍ਰਮਦੀਪ ਸਿੰਘ, ਅਮਲਾ ਵਿਭਾਗ ਦੇ ਸੁਪਰਵਾਈਜ਼ਰ ਸ. ਸੁਖਬੀਰ ਸਿੰਘ, ਟਰਸਟ ਵਿਭਾਗ ਦੇ ਇੰਚਾਰਜ ਸ. ਸੁਖਬੀਰ ਸਿੰਘ ਮੂਲੇਚੱਕ, ਸੁਪਰਵਾਈਜ਼ਰ ਸ. ਹਰਜਿੰਦਰ ਸਿੰਘ ਤੇ ਤਜਿੰਦਰ ਸਿੰਘ, ਸੈਕਸ਼ਨ 87 ਦੇ ਸੁਪਰਵਾਈਜ਼ਰ ਸ. ਗੁਰਚਰਨ ਸਿੰਘ, ਸ. ਇਕਬਾਲ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਜਵਾਹਰ ਸਿੰਘ ਆਦਿ ਮੌਜੂਦ ਸਨ।