ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਬਿਨਾਂ ਸਬੂਤਾਂ ਦੇ ‘ਚੋਰ’ ਕਹਿਣ ਦੇ ਮਾਮਲੇ ਵਿਚ “ਟੀਮ ਸਿਰਸਾ” ਦੀਆਂ ਮੁਸਕਲਾਂ ਵਿਚ ਵਾਧਾ ਹੋ ਗਿਆ ਹੈ। ਦਿੱਲੀ ਹਾਈਕੋਰਟ ਨੇ ਅੱਜ “ਟੀਮ ਸਿਰਸਾ” ਨੂੰ ਵੱਡਾ ਝਟਕਾ ਦਿੰਦੇ ਹੋਏ ਆਪਣੇ ਖਿਲਾਫ ਮਾਨਹਾਨੀ ਮਾਮਲੇ ਦੀ ਸੁਣਵਾਈ ਰੋਕਣ ਦੀ ਇਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਨਜੀਤ ਸਿੰਘ ਜੀਕੇ ਵੱਲੋਂ ਦਾਇਰ ਮਾਨਹਾਨੀ ਮਾਮਲੇ ਵਿਚ “ਟੀਮ ਸਿਰਸਾ” ਦੇ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਦੀ ਹਾਈਕੋਰਟ ਤੋਂ ਤੀਜੀ ਅਤੇ ਹੇਠਲੀ ਕੋਰਟ ਤੋਂ ਇਹ ਦੂਜੀ ਨਮੋਸ਼ੀ ਮਿਲੀ ਹੈਂ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮਾਨਹਾਨੀ ਦੀ ਕਾਰਵਾਈ ਤੋਂ ਬੱਚਣ ਲਈ ਸੀਨੀਅਰ ਵਕੀਲਾਂ ਨੂੰ ਖੜ੍ਹੇ ਕਰਨ ਦੇ ਬਾਵਜੂਦ “ਟੀਮ ਸਿਰਸਾ” ਦੀ ਕਾਨੂੰਨੀ ਚਾਰਾਜੋਈ ਦੀ ਇਹ ਲਗਾਤਾਰ ਪੰਜਵੀਂ ਹਾਰ ਹੈਂ। ਹੁਣ ਮਾਨਹਾਨੀ ਕਰਨ ਵਾਲੇ “ਟੀਮ ਸਿਰਸਾ” ਦੇ ਇਨ੍ਹਾਂ ਤਿੰਨਾਂ ਆਰੋਪਿਆਂ ਨੂੰ ਰਾਊਜ ਐਵਨਉ ਕੋਰਟ ਦੀ ਮਜਿਸਟਰੇਟ ਅਦਾਲਤ ਵਿਚ ਪੇਸ਼ ਹੋ ਕੇ ਜ਼ਮਾਨਤ ਲੈਣੀ ਪਵੇਗੀ ਅਤੇ ਆਪਣੇ ਵੱਲੋਂ ਮਨਜੀਤ ਸਿੰਘ ਜੀਕੇ ਖਿਲਾਫ ਲਾਏ ਝੂਠੇ ਆਰੋਪਾਂ ਦੇ ਸਬੂਤ ਪੇਸ਼ ਕਰਨੇ ਪੈਣਗੇ। ਜਿਕਰਯੋਗ ਹੈ ਕਿ ਮਨਜੀਤ ਸਿੰਘ ਜੀਕੇ ਤੇ ਗੋਲਕ ਚੋਰ ਦੇ ਇਲਜਾਮ ਲਗਾਏ ਗਏ ਸਨ ਜਿਸ ਉਪਰੰਤ ਉਨ੍ਹਾਂ ਨੇ ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਤੋਂ ਇਸਤੀਫ਼ਾ ਦੇ ਦਿੱਤਾ ਸੀ ਤੇ ਇਲਜਾਮ ਲਗਾਉਣ ਵਾਲਿਆਂ ਨੂੰ ਅਦਾਲਤ ਅੰਦਰ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿੱਤੀ ਹੋਈ ਹੈ ।
ਮਨਜੀਤ ਸਿੰਘ ਜੀਕੇ ਨੂੰ ਬਿਨਾਂ ਸਬੂਤਾਂ ਦੇ ਗੋਲਕ ਚੋਰ ਕਹਿਣ ਵਾਲੀ ਟੀਮ ਸਿਰਸਾ ਦੀ ਅਦਾਲਤ ਵਲੋਂ ਮੁੜ ਅਪੀਲ ਖਾਰਿਜ਼
This entry was posted in ਭਾਰਤ.