ਨਵੀਂ ਦਿੱਲੀ- ਵਿੱਤ ਮੰਤਰੀ ਪ੍ਰਣਬ ਮੁਖਰਜੀ ਦੇ 2011-12 ਦੇ ਬਜਟ ਵਿੱਚ ਆਮ ਆਦਮੀ ਲਈ ਕੁਝ ਵੀ ਖਾਸ ਨਹੀਂ ਹੈ। ਵਿੱਤਮੰਤਰੀ ਨੇ ਇਨਕਮ ਟੈਕਸ ਦੇਣ ਵਾਲਿਆਂ ਨੂੰ ਕੁਝ ਸਹੂਲਤਾਂ ਦਿੱਤੀਆਂ ਹਨ। ਜਿਹੜੇ ਵੇਤਨਭੋਗੀਆਂ ਨੂੰ ਕਿਸੇ ਹੋਰ ਸਰੋਤ ਤੋਂ ਕਮਾਈ ਨਹੀਂ ਹੈ। ਉਨ੍ਹਾਂ ਦਾ ਟੈਕਸ ਰਿਟਰਨ ਕੰਪਨੀ ਹੀ ਭਰੇਗੀ। ਇਨਕਮ ਟੈਕਸ ਵਿੱਚ ਛੋਟ ਦੀ ਸੀਮਾ 1,60,000 ਰੁਪੈ ਤੋਂ ਵਧਾ ਕੇ 1,80,000 ਰੁਪੈ ਕਰ ਦਿੱਤੀ ਹੈ।
ਪ੍ਰਣਬ ਦੇ ਬਜਟ ਵਿੱਚ ਕੁਝ ਵਸਤੂਆਂ ਮਹਿੰਗੀਆਂ ਹੋ ਗਈਆਂ ਹਨ ਅਤੇ ਕੁਝ ਤੇ ਟੈਕਸ ਵਿੱਚ ਰਿਆਇਤ ਦਿੱਤੀ ਗਈ ਹੈ। ਐਲਈਡੀ ਤੇ ਸੀਮਾ ਕਰ 10 ਫੀਸਦੀ ਤੋਂ ਘੱਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ। ਲਘੂ ਸਿੰਚਾਈ ਸੰਦਾਂ ਤੇ ਸੀਮਾ ਕਰ ਘੱਟ ਕਰ ਦਿੱਤਾ ਗਿਆ ਹੈ। ਸਟੇਨਲੈਸ ਸਟੀਲ ਸਕਰੈਪ ਤੇ ਕਸਟਮ ਡਿਊਟੀ ਖਤਮ ਕਰ ਦਿੱਤੀ ਗਈ ਹੈ।ਸੀਮਿੰਟ ਉਦਯੋਗ ਲਈ ਜਰੂਰੀ ਸਮਾਨ ਤੇ ਟੈਕਸ ਅੱਧਾ ਕਰ ਦਿੱਤਾ ਹੈ ਅਤੇ ਲੋਹੇ ਦੇ ਨਿਰਯਾਤ ਤੇ ਕਰ ਵਧਾ ਦਿੱਤਾ ਹੈ। ਘਰੇਲੂ ਹਵਾਈ ਯਾਤਰਾ ਵੀ ਮਹਿੰਗੀ ਹੋ ਗਈ ਹੈ। ਬਰਾਂਡਿਡ ਗਹਿਣੇ, ਬਰਾਂਡਿਡ ਕਪੜੇ, ਵੱਡੇ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ, ਏਸੀ ਹੋਟਲਾਂ ਵਿੱਚ ਠਹਿਰਨਾ ਹੋਰ ਮਹਿੰਗਾ ਹੋ ਜਾਵੇਗਾ। ਨਵੇਂ ਬਜਟ ਅਨੁਸਾਰ ਕੁਝ ਸਮਾਨ ਸਸਤਾ ਵੀ ਹੋ ਜਾਵੇਗਾ। ਰੈਫਰੀਜਰੇਟਰ, ਸਟੀਲ ਦਾ ਸਮਾਨ, ਕੱਚਾ ਰੇਸ਼ਮ,ਸਿਲਕ, ਸੀਮਿੰਟ, ਪ੍ਰਿੰਟਰ, ਗੱਡੀਆਂ ਦੇ ਪੁਰਜੇ ਕਾਗਜ, ਹੋਮਿਓਪੈਥਿਕ ਦਵਾਈਆਂ ਅਤੇ ਬੱਚਿਆਂ ਦੇ ਡਾਈਪਰ ਸਸਤੇ ਹੋਣਗੇ।