ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਕਿ ਮੀਡੀਆ ਦੀ ਜ਼ਿੰਮੇਵਾਰੀ ਸਿੱਖਿਆ, ਸੂਚਨਾ ਤੇ ਮਨੋਰੰਜਨ ਮਹੱਈਆ ਕਰਨਾ ਹੈ। ਇਸ ਵਿਚ ਕੋਈ ਸ਼ੱਕ ਨਹੀ ਕਿ ਮੀਡੀਆ ਦਾ ਸਮਾਜ ʼਤੇ ਵੱਡਾ ਸਮਾਜਕ ਤੇ ਸਭਿਆਚਾਰਕ ਪ੍ਰਭਾਵ ਹੈ। ਪਰ ਸਮਾਂ ਤੇ ਸਮਾਜ, ਦੇਸ਼ ਤੇ ਦੁਨੀਆਂ ਬੜੀ ਤੇਜ਼ੀ ਨਾਲ ਬਦਲ ਰਹੇ ਹਨ। ਏਸ਼ੀਆ ਦੀ ਸਥਿਤੀ ਅੱਜ ਉਹ ਨਹੀਂ ਹੈ ਜੋ ਦੋ ਦਹਾਕੇ ਪਹਿਲਾਂ ਸੀ। ਮੀਡੀਆ ਅੱਜ ਉਹ ਨਹੀਂ ਹੈ ਜੋ ਪੰਦਰਾਂ ਵਰ੍ਹੇ ਪਹਿਲਾਂ ਸੀ। ਲੋਕ-ਮਾਨਸਿਕਤਾ ਅੱਜ ਉਹ ਨਹੀਂ ਹੈ ਜੋ ਵੀਹ ਸਾਲ ਪਹਿਲਾਂ ਸੀ। ਫਿਰ ਮੀਡੀਆ ਕੇਵਲ ਸਿੱਖਿਆ, ਸੂਚਨਾ ਤੇ ਮਨੋਰੰਜਨ ਤੱਕ ਸੀਮਤ ਕਿਵੇਂ ਰਹਿ ਸਕਦਾ ਹੈ?
ਇਕ ਪਾਸੇ ਮੀਡੀਆ ਨਵੇਂ ਰਾਹ-ਰਸਤੇ ਤਲਾਸ਼ ਰਿਹਾ ਹੈ ਦੂਸਰੇ ਪਾਸੇ ਮੀਡੀਆ ਦੀਆਂ ਆਪਣੀਆਂ ਮੁਸ਼ਕਲਾਂ ਵਿਚ ਢੇਰ ਵਾਧਾ ਹੋ ਗਿਆ ਹੈ। ਇਕੋ ਵੇਲੇ ਉਸ ਨੂੰ ਕਈ ਮੁਹਾਜ਼ ʼਤੇ ਲੜ੍ਹਾਈ ਲੜ੍ਹਨੀ ਪੈ ਰਹੀ ਹੈ। ਪਹਿਲਾਂ ਪਹਿਲ ਕਾਗਜ਼ ਮਹਿੰਗਾ ਹੋ ਜਾਂਦਾ ਸੀ, ਸਿਆਹੀ ਮਹਿੰਗੀ ਹੋ ਜਾਂਦੀ ਸੀ ਤਾਂ ਅਖ਼ਬਾਰ ਦੀ ਕੀਮਤ ਥੋੜ੍ਹੀ ਵਧਾ ਕੇ ਇਸ਼ਤਿਹਾਰ ਦੇ ਰੇਟ ਤਬਦੀਲ ਕਰਕੇ ਮਸਲਾ ਹੱਲ ਹੋ ਜਾਂਦਾ ਸੀ। ਟੈਲੀਵਿਜ਼ਨ ਚਲਾਉਣ ਦੇ ਖਰਚੇ ਵਧ ਜਾਂਦੇ ਸਨ ਤਾਂ ਉਹ ਵੀ ਇਸ਼ਤਿਹਾਰ ਰੇਟ ਵਧਾ ਕੇ ਸਥਿਤੀ ਸਾਵੀਂ ਕਰ ਲੈਂਦੇ ਸਨ। ਅੱਜ ਸਮੱਸਿਆਵਾਂ ਐਨੀਆਂ ਸਿੱਧੀਆਂ ਤੇ ਸਰਲ ਨਹੀਂ ਹਨ। ਸਮੱਸਿਆਵਾਂ ਗੁੰਝਲਦਾਰ, ਪੇਚੀਦਾ ਤੇ ਟੇਢੀਆਂ ਮੇਢੀਆਂ ਹਨ ਤਾਂ ਉਨ੍ਹਾਂ ਦੇ ਹੱਲ ਅਤੇ ਉਨ੍ਹਾਂ ਚੋਂ ਨਿਕਲਣ ਦੇ ਰਾਹ-ਰਸਤੇ ਵੀ ਇੰਝ ਦੇ ਹੀ ਹਨ।
ਨਿੱਤ ਨਵੀਂ ਕਿਸਮ ਦੇ ਮੀਡੀਆ ਦਾ ਉਭਾਰ ਹੋ ਰਿਹਾ ਹੈ। ਨਿੱਤ ਨਵੀਂ ਤਕਨੀਕ ਆ ਰਹੀ ਹੈ। ਨਿੱਤ ਸਰੋਤੇ, ਦਰਸ਼ਕ, ਪਾਠਕ ਬਦਲ ਰਹੇ ਹਨ। ਪੁਰਾਣੇ ਤੇ ਨਵੇਂ ਮੀਡੀਆ ਨੂੰ ਇਕੱਠਾ ਕਰਨਾ, ਤਾਲਮੇਲ ਬਠਾਉਣਾ ਮੁਸ਼ਕਲ ਹੋ ਗਿਆ ਹੈ। ਸਿਆਸਤ ਅਤੇ ਚੋਣਾਵੀਂ ਜਿੱਤ ਹਾਰ ਮੀਡੀਆ ਨੂੰ ਪ੍ਰਭਾਵਤ ਕਰ ਰਹੀ ਹੈ। ਇਸ਼ਤਿਹਾਰਬਾਜ਼ੀ ਦੀ ਦਿਸ਼ਾ ਅਤੇ ਢੰਗ-ਤਰੀਕਿਆਂ ਵਿਚ ਵੱਡੇ ਬਦਲਾਅ ਵਾਪਰ ਰਹੇ ਹਨ।
ਜਾਅਲੀ ਖ਼ਬਰਾਂ ਪਾਠਕਾਂ ਤੇ ਦਰਸ਼ਕਾਂ ਦੇ ਨਾਲ ਨਾਲ ਮੁਖ ਧਾਰਾ ਮੀਡੀਆ ਲਈ ਵੀ ਚੁਣੌਤੀ ਬਣ ਗਈਆਂ ਹਨ। ਭਰੋਸੇਯੋਗਤਾ ਅਤੇ ਮਿਆਰ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਸਿਹਤ ਸਬੰਧੀ ਗ਼ੈਰ-ਮਿਆਰੀ ਜਾਣਕਾਰੀ ਦਾ ਹੜ੍ਹ ਆਇਆ ਹੋਇਆ ਹੈ। ਗ਼ਲਤ ਜਾਣਕਾਰੀ ʼਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ। ਇਹ ਸੋਸ਼ਲ ਮੀਡੀਆ ʼਤੇ ਅੱਗੇ ਤੋਂ ਅੱਗੇ ਫੈਲਦੀ ਜਾਂਦੀ ਹੈ।
ਮੀਡਆ ʼਤੇ ਕਈ ਤਰ੍ਹਾਂ ਨਾਲ ਹਮਲੇ ਹੋ ਰਹੇ ਹਨ। ਕਈ ਤਰ੍ਹਾਂ ਦੇ ਦਬਾਅ ਹੇਠ ਕੰਮ ਕਰਨਾ ਪੈ ਰਿਹਾ ਹੈ। ਦੁਨੀਆਂ ਦੇ, ਏਸ਼ੀਆ ਦੇ ਅੰਕੜੇ ਵੇਖ ਕੇ ਹੈਰਾਨੀ ਹੁੰਦੀ ਹੈ।
ਪਾਰਦਰਸ਼ਤਾ ਦੀ ਘਾਟ ਦਾ, ਨਿਯਮ-ਕਾਨੂੰਨ ਦੀ ਉਲੰਘਣਾ ਦਾ, ਡਾਟਾ ਦੀ ਨਿੱਜਤਾ ਦਾ, ਵਿੱਤੀ ਮਦਦ ਦੀ ਕਮੀ ਦਾ, ਮੀਡੀਆ ਦੇ ਵੱਕਾਰ ਦਾ ਅਨੇਕਾਂ ਮੁੱਦੇ ਮਸਲੇ ਹਨ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਮੁਸ਼ਕਲਾਂ ਤੇ ਚੁਣੌਤੀਆਂ ਦਾ ਸਾਹਮਣਾ ਟੈਲੀਵਿਜ਼ਨ, ਰੇਡੀਓ, ਪ੍ਰਿੰਟ ਮੀਡੀਆ, ਸਿਨੇਮਾ, ਡਿਜ਼ੀਟਲ ਮੀਡੀਆ, ਸੋਸ਼ਲ ਮੀਡੀਆ ਨੂੰ ਸਮੁੱਚੇ ਤੌਰ ʼਤੇ ਅਤੇ ਇਕੱਲੇ ਤੌਰ ʼਤੇ ਕਰਨਾ ਪੈ ਰਿਹਾ ਹੈ। ਨਵੀਨਤਮ ਤਕਨੀਕ ਦੇ ਇਸ ਯੁਗ ਵਿਚ ਲੋਕਾਂ ਨੇ ਇਕ ਨਵੀਂ ਤਰ੍ਹਾਂ ਦੀ ਜੀਵਨ-ਸ਼ੈਲੀ ਨੂੰ ਅਪਣਾ ਲਿਆ ਹੈ। ਉਸ ਜੀਵਨ-ਸ਼ੈਲੀ ਨੇ ਜਿੱਥੇ ਮਨੁੱਖਾ ਜੀਵਨ, ਮਨੁੱਖੀ ਸਿਹਤ ਅਤੇ ਸਮਾਜ ਨੂੰ ਪ੍ਰਭਾਵਤ ਕੀਤਾ ਹੈ ਉਥੇ ਸਿੱਧੇ ਅਸਿੱਧੇ ਤੌਰ ʼਤੇ ਮੀਡੀਆ ਵੀ ਇਸਤੋਂ ਨਹੀਂ ਬਚਿਆ। ਰਿਵਾਇਤੀ ਮੀਡੀਆ ਨੂੰ ਆਪਣੇ ਵਿਰਾਸਤੀ ਤੱਤਾਂ ਨੂੰ ਕਾਇਮ ਰੱਖਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਪਭੋਗਤਾ ਨੂੰ ਰੁਝਾਉਣ ਦੇ ਨਵੇਂ ਨਵੇਂ ਢੰਗ-ਤਰੀਕੇ ਖੋਜਣੇ ਅਪਨਾਉਣੇ ਪੈ ਰਹੇ ਹਨ।
ਰਿਵਾਇਤੀ ਮੀਡੀਆ ਨੂੰ ਡਿਜ਼ੀਟਲ ਯੁਗ ਵਿਚ ਦਰਸ਼ਕਾਂ, ਸਰੋਤਿਆਂ, ਪਾਠਕਾਂ ਦੇ ਬਦਲਦੇ ਵਿਵਹਾਰ ਦਾ, ਡਿਜ਼ੀਟਲ ਮੰਚਾਂ ਨਾਲ ਮੁਕਾਬਲੇ ਦਾ, ਨਿੱਤ ਨਵੀਆਂ ਤਕਨੀਕਾਂ ਅਤੇ ਬਦਲਦੇ ਕਾਰੋਬਾਰੀ ਮਾਡਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੋਟੇ ਅਦਾਰਿਆਂ ਨੂੰ ਸੀਮਤ ਸਾਧਨਾਂ ਅਤੇ ਸੀਮਤ ਬੱਜਟ ਨਾਲ ਕੰਮ ਕਰਦਿਆਂ ਹੋਰ ਵੀ ਵੱਡੀਆਂ ਚੁਣੌਤੀਆਂ ਵਿਚੋਂ ਲੰਘਣਾ ਪੈ ਰਿਹਾ ਹੈ। ਇੰਟਰਨੈਟ ਨੇ ਮੀਡੀਆ ਨੂੰ ਬੇਹੱਦ ਪ੍ਰਭਾਵਤ ਕੀਤਾ ਹੈ। ਇਸਦੀ ਪਹੁੰਚ ਵਿਸ਼ਾਲ ਹੈ ਪਰੰਤੂ ਇਸਦੇ ਨੁਕਸਾਨ ਵੀ ਹਨ। ਜਾਣਕਾਰੀ ਦਾ ਹੜ੍ਹ ਆ ਗਿਆ ਹੈ ਅਤੇ ਭਰੋਸੇਯੋਗਤਾ ਦਾ ਸੰਕਟ ਪੈਦਾ ਹੋ ਗਿਆ ਹੈ। ਨਿੱਜਤਾ ਅਤੇ ਸਰੱਖਿਆ ਦਾ ਭੈਅ ਬਣਿਆ ਰਹਿੰਦਾ ਹੈ ਅਤੇ ਇਸਦੀ ਉਮਰ ਬੜ੍ਹੀ ਥੋੜ੍ਹੀ ਹੈ।
ਨਵੀਂ ਤਕਨੀਕ, ਨਵੇਂ ਸਾਧਨ, ਨਵੀਂ ਭਰਤੀ ਕਾਰਨ ਇਸਦੀ ਲਾਗਤ ਵਧੇਰੇ ਹੈ। ਹਰ ਪਲ ਅਪ-ਡੇਟ ਦੀ ਚੁਣੌਤੀ ਬਣੀ ਰਹਿੰਦੀ ਹੈ। ਕਾਹਲ ਵਿਚ ਸਥਾਨਕ, ਕੌਮੀ ਤੇ ਕੌਮਾਂਤਰੀ ਖ਼ਬਰਾਂ ਦੇ ਵੱਖ ਵੱਖ ਰੰਗ ਰੂਪ ਵੇਖਣ, ਸੁਣਨ, ਪੜ੍ਹਨ ਨੂੰ ਮਿਲ ਰਹੇ ਹਨ। ਇਹ ਅਜੋਕੇ ਮੀਡੀਆ ਦਾ ਸੱਚ ਹੈ। ਇਹ ਸੱਚ ਵੀ ਤਾਂ ਇਕ ਚੁਣੌਤੀ ਹੈ।