ਕੁਦਰਤ ਦੇ ਰੰਗ ਨਿਅਰੇ ਹਨ । ਅਮੀਰਾਂ ਦੇ ਕੁੱਤਿਆਂ ਨੂੰ ਆਉਣ ਜਾਣ ਲਈ ਕਾਰਾਂ, ਖਾਣ ਲਈ ਚੰਗਾ ਭੋਜਨ, ਸੌਣ ਲਈ ਸਾਫ ਸੁਥਰੀ ਜਗ੍ਹਾ, ਬਿਮਾਰੀ ਦੇ ਸਮੇਂ ਮੈਡੀਕਲ ਸਹਾਇਤਾ ਵੀ ਮਿਲ ਜਾਂਦੀ ਹੈ । ਪਰ ਗਰੀਬ ਇੱਕ ਇਨਸਾਨ ਹੁੰਦਿਆਂ ਵੀ ਭੁੱਖੇ ਪੇਟ ਧਰਤੀ ਤੇ ਸੌਣ ਲਈ ਮਜਬੂਰ ਹੈ ਡਾਕਟਰੀ ਸਹਾਇਤਾ ਤਾਂ ਦੂਰ ਦੀ ਗੱਲ ਹੈ । ਇਹੀ ਕਹਾਣੀ ਹੈ ਇਕ ਦਿਮਾਗੀ ਤੌਰ ਤੇ ਬਿਮਾਰ ਪ੍ਰਦੇਸੀ ਗੁਲਾਬ ਲਾਲ ਗੁਹਾਟੀ (ਅਸਾਮ) ਨਿਵਾਸੀ ਦੀ । ਤਕਰੀਬਨ ਅੱਠ ਮਹੀਨੇ ਪਹਿਲਾਂ ਮਾਡਲ ਟਾਊਨ ਐਕਸਟੈਂਸ਼ਨ (ਲੁਧਿਆਣਾ) ਵਿੱਚ ਨਹਿਰ ਦੇ ਨਾਲ-ਨਾਲ ਜਾ ਰਹੀ ਸੜਕ ਤੇ ਕਿਸੇ ਵਾਹਨ ਦੀ ਫੇਟ ਲੱਗਣ ਕਾਰਨ ਗੁਲਾਬ ਲਾਲ ਦੇ ਪੱਟਾਂ ਦੀਆਂ ਹੱਡੀਆਂ ਟੁੱਟ ਗਈਆਂ । ਦਿਮਾਗੀ ਤੌਰ ਤੇ ਬਿਮਾਰ ਹੋਣ ਕਾਰਨ ਉਸ ਦਿਨ ਤੋਂ ਉੱਥੇ ਹੀ ਗਰਮੀ, ਸਰਦੀ, ਮੀਂਹ, ਹਨੇਰੀ ਵਿੱਚ ਸੜਕ ਦੇ ਕਿਨਾਰੇ ਪਿਆ ਰਿਹਾ । ਜੇ ਕੋਈ ਰਾਹਗੀਰ ਕੁੱਝ ਖਾਣ ਲਈ ਦੇ ਦਿੰਦਾ ਤਾਂ ਖਾ ਲੈਂਦਾ ਨਹੀਂ ਤਾਂ ਭੁੱਖਾ ਹੀ ਲੰਮਾ ਪਿਆ ਰਹਿੰਦਾ । ਮਲ-ਮੂਤਰ ਦੋ ਰਿਕਸ਼ਿਆਂ ਵਾਲੇ ਕਦੇ ਕਦਾਈਂ ਸਾਫ ਕਰਦੇ ਰਹੇ । ਮਹੀਨਿਆਂ ਬੱਧੀ ਪਿਆ ਰਹਿਣ ਕਾਰਨ ਅਖੀਰ ਸਰੀਰ ਤੇ ਜਖਮ ਹੋ ਗਏ, ਲੱਤਾਂ ਇਕੱਠੀਆਂ ਹੋ ਕੇ ਜੁੜ ਗਈਆਂ ਅਤੇ ਸਰੀਰ ਵਿੱਚੋਂ ਬਦਬੂ ਆਉਣ ਲਗ ਪਈ।
ਕੰਬਲ ਵਿੱਚ ਲਿਪਟੇ ਅਰਧ ਨੰਗੇ ਲੰਮੇ ਪਏ ਇਸ ਹੱਡੀਆਂ ਦੇ ਪਿੰਜਰ ਨੂੰ ਉਸ ਸਮੇਂ ਆਸ ਦੀ ਕਿਰਨ ਦਿਖਾਈ ਦਿੱਤੀ ਜਦੋਂ “ਗੁਰੁ ਅਮਰਦਾਸ ਅਪਾਹਜ ਆਸ਼ਰਮ” ਦੇ ਸੇਵਾਦਰ ਡਾ. ਨੌਰੰਗ ਸਿੰਘ ਮਾਂਗਟ ਨੇ ਇਸ ਦੀ ਬਦਬੂ ਮਾਰ ਰਹੀ ਝੁੱਗੀ ਵਿੱਚ ਜਾ ਕੇ ਇਸ ਦਾ ਹਾਲ-ਚਾਲ ਪਤਾ ਕਰਨ ਦੀ ਲੋਸ਼ਿਸ਼ ਕੀਤੀ । ਪਰ ਬੋਲਣ ਤੋਂ ਵੀ ਅਸਮਰਥ ਗੁਲਾਬ ਲਾਲ ਬਹੁਤਾ ਕੁੱਝ ਨਾ ਦੱਸ ਸਕਿਆਂ। ਡਾ. ਨੌਰੰਗ ਸਿੰਘ ਮਾਂਗਟ ਨੇ ਇਸ ਦੀ ਅਤੀ ਨਾਜ਼ੁਕ ਹਾਲਤ ਦੇਖ ਕੇ ਕੁਝ ਹੋਰ ਸੱਜਣਾਂ ਦੀ ਮੱਦਦ ਨਾਲ ਇਸ ਨੂੰ ਰਿਕਸ਼ੇ-ਰੇਹੜੇ ਉੱਤੇ ਪਾ ਕੇ ਲੁਧਿਆਣਾ ਦੇ ਦੀਪ ਹਸਪਤਾਲ ਵਿਚ ਦਾਖਲ ਕਰਵਾਇਆ। ਇਲਾਜ ਦਾ ਸਾਰਾ ਖਰਚਾ “ਗੁਰੂ ਅਮਰਦਾਸ ਅਪਾਹਜ ਆਸ਼ਰਮ (ਰਜਿ:)” ਸੰਸਥਾ ਵੱਲੋਂ ਦਿਤਾ ਜਾ ਰਿਹਾ ਹੈ । ਇਸ ਦੇ ਠੀਕ ਹੋਣ ਵਾਰੇ ਭਾਵੇਂ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਗੁਲਾਬ ਲਾਲ ਨੂੰ ਹੁਣ ਆਸ ਦੀ ਕਿਰਨ ਦਿਖਾਈ ਜਰੂਰ ਦੇ ਰਹੀ ਹੈ।
ਡਾ. ਮਾਂਗਟ ਨੇ ਪਿਛਲੇ 6 ਸਾਲਾਂ ਤੋਂ ਸਾਈਕਲ ਤੇ ਫਿਰਕੇ ਲੁਧਿਆਣਾ ਵਿੱਚ ਕੋੜ੍ਹੀਆਂ, ਅਪਾਹਜਾਂ, ਯਤੀਮਾਂ, ਬਿਮਾਰੀਆਂ ਨਾਲ ਪੀੜਤ ਗਰੀਬ ਲੋਕਾਂ ਦੀ ਸੇਵਾ ਵੀ ਕੀਤੀ ਅਤੇ ਅਜਿਹੇ ਲੋਕਾਂ ਦੀ ਸੰਭਾਲ ਵਾਸਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਰਾਭਾ-ਸਹੌਲੀ-ਅੱਬੂਵਾਲ ਪਿੰਡਾਂ ਦੇ ਵਿਚਕਾਰ ਆਸ਼ਰਮ ਦੀ ਪਹਿਲੀ ਮੰਜਲ ਤਿਆਰ ਕਰਵਾਈ । ਇਸ ਸੰਸਥਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 20-25 ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚਾ, ਅਪਾਹਜਾਂ ਨੂੰ ਵੀਲ ਚੇਅਰ, ਟ੍ਰਾਈਸਾਈਕਲ, ਫਹੁੜੀਆਂ ਅਤੇ ਲੋੜਵੰਦਾਂ ਨੂੰ ਕਪੜੇ ਆਦਿ ਵੀ ਦਿੱਤੇ ਜਾਂਦੇ ਹਨ। ਕੀਰਤਨ ਸਿਖਣ ਵਾਲਿਆਂ ਨੂੰ ਪੁਸ਼ਾਕਾਂ, ਗੁਟਕੇ, ਆਦਿ ਮੁਫ਼ਤ ਦਿੱਤੇ ਜਾਂਦੇ ਹਨ ਅਤੇ ਕੀਰਤਨ ਵੀ ਡਾ. ਮਾਂਗਟ ਖੁਦ ਹੀ ਸਿਖਾਉਂਦੇ ਹਨ।
ਡਾ. ਨੌਰੰਗ ਸਿੰਘ ਮਾਂਗਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ (ਕੈਨੇਡਾ) ਅਤੇ ਮੌਰੀਸਨ ਸਾਇੰਟਿਫਿਕ ਰੀਸਰਚ ਕੰਪਨੀ ਕੈਲਗਰੀ (ਕੈਨੇਡਾ) ਦੇ ਸਾਬਕਾ ਸਾਇੰਸਦਾਨ, ਰਾਇਲ ਸਟੈਟਿਸਟੀਕਲ ਸੋਸਾਇਟੀ ਲੰਡਨ (ਇੰਗਲੈਂਡ) ਦੇ ਸਾਬਕਾ ਫੈਲੋ, ਅਤੇ 70 ਦੇ ਕਰੀਬ ਖੋਜ ਪੱਤ੍ਰਾਂ ਤੋਂ ਇਲਾਵਾ ਉਹ ਨੀਦਰਲੈਂਡ, ਲੰਡਨ ਅਤੇ ਅਮਰੀਕਾ ਤੋਂ ਕਲੂਵਰ ਐਕਡੈਮਿਕ ਅਤੇ ਸਪਰਿੰਗਰ-ਵੈਰਲਾਗ ਪਬਲਿਸ਼ਰਜ਼ ਵੱਲੋਂ ਛੱਪ ਚੁੱਕੀ ਕਿਤਾਬ “ਐਲੀਮੈਂਟਸ ਆਫ਼ ਸਰਵੇ ਸੈਂਪਲਿੰਗ” ਦੇ ਲੇਖਕ ਵੀ ਹਨ।
ਸੰਸਥਾ ਦੀ ਆਮਦਨ ਦਾ ਸਾਧਨ ਸਿਰਫ ਗੁਰੁ ਦੀ ਸੰਗਤ ਵੱਲੋ ਦਿੱਤਾ ਦਾਨ ਹੀ ਹੈ। ਸੰਪਰਕ:95018-42505.