ਅੰਮ੍ਰਿਤਸਰ -ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਸਿੰਘ ਸਭਾ (ਰਜਿ:) ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ।
ਸੁਨਹਿਰੀ ਪਾਲਕੀ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੱੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਚੌਰ ਦੀ ਸੇਵਾ ਨਿਭਾ ਰਹੇ ਸਨ। ਨਗਰ ਕੀਰਤਨ ’ਚ ਗਤਕਾ ਪਾਰਟੀਆਂ ਗਤਕੇ ਦੇ ਜੌਹਰ ਅਤੇ ਅਨੇਕਾਂ ਹੀ ਬੈਂਡ ਪਾਰਟੀਆਂ ਵੱਖ-ਵੱਖ ਸ਼ਬਦਾਂ ਦੀਆਂ ਮਧੁਰ ਧੁੰਨਾਂ ਵਜਾਉਂਦੇ ਤੇ ਵੱਖ-ਵੱਖ ਸ਼ਬਦੀ ਜਥੇ ਸ਼ਾਮਿਲ ਸਨ। ਗੁਰੂ ਕੀ ਇਸ ਨਗਰੀ ਦੀਆਂ ਸਮੂੰਹ ਸਭਾ ਸੁਸਾਇਟੀਆਂ, ਜਥੇਬੰਦੀਆਂ, ਵਿੱਦਿਅਕ ਸੰਸਥਾਵਾਂ ਦੇ ਸਟਾਫ਼ ਤੇ ਵਿਦਿਆਰਥੀ ਵੱਖ-ਵੱਖ ਸੁੰਦਰ ਵਰਦੀਆਂ ਪਾ ਕੇ ਹੱਥਾਂ ਵਿਚ ਗੁਰਬਾਣੀ ਤੁਕਾਂ ਦੇ ਬੈਨਰ ਅਤੇ ਵੱਖ-ਵੱਖ ਸਮਾਜਿਕ ਬੁਰਾਈਆਂ ਸਬੰਧੀ ਚੇਤਨਤਾ ਪੈਦਾ ਕਰਦੇ ਬੈਨਰ ਫੜੀ ਅਤੇ ਇਲਾਕੇ ਦੀਆਂ ਪ੍ਰਤਿਸ਼ਟ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਸ਼ਰਧਾ ਤੇ ਸਤਿਕਾਰ ਸਹਿਤ ਸ਼ਾਮਿਲ ਹੋਈਆਂ।
ਨਗਰ ਕੀਰਤਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਉਂਕਾਰ ਸਿੰਘ ਸ਼ਰੀਫਪੁਰਾ, ਸਕੱਤਰ ਸ. ਦਲਮੇਘ ਸਿੰਘ ਤੇ ਸ. ਜੋਗਿੰਦਰ ਸਿੰਘ, ਐਡੀ: ਸਕੱਤਰ ਸ. ਤਰਲਚੋਨ ਸਿੰਘ ਤੇ ਸ. ਗੁਰਦਰਸ਼ਨ ਸਿੰਘ, ਮੀਤ ਸਕੱਤਰ ਸ. ਮਹਿੰਦਰ ਸਿੰਘ, ਸ. ਉਂਕਾਰ ਸਿੰਘ ਤੇ ਸ. ਦਿਲਬਾਗ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਭਜਨ ਸਿੰਘ, ਐਡੀ: ਮੈਨੇਜਰ ਸ. ਬਲਵਿੰਦਰ ਸਿੰਘ (ਭਿੰਡਰ) ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਦੇ ਪਤਵੰਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਟਾਫ ਮੌਜੂਦ ਸੀ।
ਸੁਨਹਿਰੀ ਪਾਲਕੀ ’ਚ ਸੁਸ਼ੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਇਹ ਨਗਰ ਕੀਰਤਨ ਅੱਜ ਦੁਪਹਿਰ 12 ਵਜੇ ਸ੍ਰੀ ਗੁਰੂ ਰਾਮਦਾਸ ਸਰਾਂ ਤੋਂ ਆਰੰਭ ਹੋ ਕੇ ਬ੍ਰਹਮ ਬੂਟਾ ਮਾਰਕੀਟ, ਮਾਹਣਾ ਸਿੰਘ ਰੋਡ, ਚੌਕ ਘੰਟਾ ਘਰ, ਬਜ਼ਾਰ ਮਾਈ ਸੇਵਾਂ, ਬਜ਼ਾਰ ਕਾਠੀਆਂ, ਬਜ਼ਾਰ ਪਾਪੜਾਂ, ਮਿਸ਼ਰੀ ਬਜ਼ਾਰ, ਚੌਂਕ ਮੱਲ੍ਹਾ ਸਿੰਘ, ਦਾਲ ਮੰਡੀ, ਸਵਾਂਕ ਮੰਡੀ, ਚਾਵਲ ਮੱੰਡੀ, ਚੌਂਕ ਛੱਤੀ ਖੂਹੀ, ਬਜ਼ਾਰ ਹੰਸਲੀ ਵਾਲਾ, ਚੌਂਕ ਢਾਬ ਬਸਤੀ ਰਾਮ, ਬਜ਼ਾਰ ਢਾਬ ਬਸਤੀ ਰਾਮ, ਚੌਂਕ ਚਿੰਤਪੁਰਣੀ, ਬਜ਼ਾਰ ਜੌੜਾ ਪਿਪਲ, ਚੌਂਕ ਚਬੂਤਰਾ, ਜੈ ਸਿੰਘ ਚੌਂਕ, ਹਵੇਲੀ ਅਬਲਵਾਈਆਂ, ਚੌਂਕ ਮੋਨੀ, ਚੌਂਕ ਕਰੋੜੀ, ਚੌਂਕ ਬਾਬਾ ਸਾਹਿਬ ਅਤੇ ਪਰਾਗਦਾਸ ਚੌਂਕ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਰਾਮਦਾਸ ਨਿਵਾਸ ਵਿਖੇ ਸੰਪੰਨ ਹੋਇਆ।
ਪੰਜ ਜਨਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਦਿਨ ਦੇ 10 ਵਜੇ ਤੋਂ 12 ਵਜੇ ਤੀਕ ਸੰਗਤਾਂ ਦੇ ਦਰਸ਼ਨਾਂ ਲਈ ਜਲੌ ਸੱਜਣਗੇ। ਇਸੇ ਦਿਨ ਸ਼ਾਮ ਨੂੰ ਦੀਪਮਾਲਾ ਤੇ ਰਹਿਰਾਸ ਦੇ ਭੋਗ ਉਪਰੰਤ ਆਤਿਸ਼ਬਾਜ਼ੀ ਵੀ ਹੋਵੇਗੀ।