ਵਾਸਿੰਗਟਨ – ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਲੀਬੀਆ ਦੇ ਰਾਜ ਪ੍ਰਬੰਧ ਤੇ ਲਗਾਏ ਗਏ ਪ੍ਰਤੀਬੰਧ ਕਰਕੇ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਗਦਾਫ਼ੀ ਨੂੰ ਜਲਦ ਤੋਂ ਜਲਦ ਦੇਸ਼ ਅਤੇ ਸਤਾ ਛੱਡਣ ਲਈ ਕਿਹਾ ਹੈ। ਹਿਲਰੀ ਨੇ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਮਾਨਵਅਧਿਕਾਰ ਪ੍ਰੀਸ਼ਦ ਦੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਕਿਹਾ ਕਿ ਗਦਾਫ਼ੀ ਨੂੰ ਬਿਨਾਂ ਖੂਨਖਰਾਬੇ ਅਤੇ ਹਿੰਸਾ ਦੇ ਚਲੇ ਜਾਣਾ ਚਾਹੀਦਾ ਹੈ।
ਵਿਦੇਸ਼ ਮੰਤਰੀ ਹਿਲਰੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਈ ਵਾਰ ਇਹ ਗਦਾਫ਼ੀ ਤੱਕ ਪਹੁੰਚ ਕਰ ਕੇ ਇਹ ਸੁਨੇਹਾ ਪਹੁੰਚਾ ਚੁੱਕੇ ਹਾਂ ਕਿ ਉਹ ਆਪਣੇ ਲੋਕਾਂ ਦੇ ਖੂਨ ਨਾਲ ਹੋਲੀ ਨਾਂ ਖੇਡੇ ਅਤੇ ਜਲਦੀ ਤੋਂ ਜਲਦੀ ਆਪਣਾ ਅਹੁਦਾ ਛੱਡ ਦੇਵੇ। ਇਹ ਹੁਣ ਗਦਾਫ਼ੀ ਅਤੇ ਉਸ ਦੇ ਪਰੀਵਾਰ ਤੇ ਨਿਰਭਰ ਕਰਦਾ ਹੈ ਕਿ ੳਹ ਕੀ ਫੈਸਲਾ ਲੈਂਦੇ ਹਨ। ਸਾਡਾ ਮੁੱਖ ਮਕਸਦ ਇਹੀ ਹੈ ਕਿ ਬਿਨਾਂ ਰਕਤਪਾਤ ਦੇ ਗਦਾਫ਼ੀ ਰਾਜ ਦਾ ਅੰਤ ਹੋ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਗਦਾਫ਼ੀ ਦੇ ਨਜ਼ਦੀਕੀ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦੀ ਹਾਂ ਕਿ ਉਹ ਆਪਣੇ ਲੋਕਾਂ ਦੇ ਖਿਲਾਫ਼ ਜੋ ਜੁਲਮ ਕਰ ਰਹੇ ਹਨ ਉਸ ਲਈ ਉਨ੍ਹਾਂ ਨੂੰ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ।