ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ, ਸ. ਪਰਮਜੀਤ ਸਿੰਘ ਸਰਨਾ ਨੇ ਇਥੇ ਦੱਸਿਆ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼ ਦੇ ਨਾਗਪੁਰ, ਇੰਦੌਰ, ਗਵਾਲੀਅਰ, ਗੂਨਾਂ ਅਤੇ ਭਾਰਤ ਦੇ ਦੂਸਰੇ ਹਿੱਸਿਆਂ ਵਿਚ ਭੁੱਲੇ-ਵਿਸਾਰੇ ਵਣਜਾਰੇ, ਸਿਕਲੀਗਰ, ਸਤਨਾਮੀਏ, ਨਾਨਕਪੰਥੀ ਆਦਿ ਸਿੱਖ ਵੱਡੀ ਗਿਣਤੀ ਵਿਚ ਵਸਦੇ ਹਨ, ਜੋ ਆਰਥਕ ਮੰਦਹਾਲੀ ਵਿਚ ਜੀਵਨ ਬਸਰ ਕਰਦਿਆਂ ਹੋਇਆਂ ਵੀ ਸਿੱਖ ਧਰਮ ਦੇ ਮੌਢੀ ਗੁਰੂ ਨਾਨਕ ਦੇਵ ਜੀ ਅਤੇ ਖਾਲਸਾ ਪੰਥ ਦੇ ਬਾਨੀ ਦਸਮ ਪਿਤਾ ਵਲੋਂ ਬਖਸ਼ਸ਼ ਕੀਤੇ ਹੋਏ ਸਿੱਖੀ-ਸਰੂਪ ਵਿਚ ਪੂਰੀ ਤਰ੍ਹਾਂ ਪਰਪੱਕ ਹਨ ਅਤੇ ਆਪਣੇ ਨਿਤਾ-ਪ੍ਰਤੀ ਦੇ ਜੀਵਨ, ਕਾਰ-ਵਿਹਾਰ ਅਤੇ ਖੁਸ਼ੀ-ਗ਼ਮੀ ਦੇ ਮੌਕਿਆਂ ਤੇ ਦਸਮ ਪਿਤਾ ਵਲੋਂ ਦਰਸਾਈ ਮਰਿਆਦਾ ਦੀ ਪਾਲਣਾ ਕਰਦੇ ਚਲੇ ਆ ਰਹੇ ਹਨ। ਉਨ੍ਹਾਂ ਨੂੰ ਕਈ ਕਿਸਮ ਦੇ ਡਰਾਵੇ, ਲਾਲਚ ਅਤੇ ਜ਼ਿੰਦਗੀ ਦੀਆਂ ਤੰਗੀਆਂ-ਤਰੁਸ਼ੀਆਂ ਵੀ ਗੁਰੂ ਨਾਨਕ ਦੇਵ ਜੀ ਅਤੇ ਦਸਮ ਪਿਤਾ ਦੀ ਸਿੱਖੀ ਦੇ ਮਾਰਗ ਤੋਂ ਭਟਕਾ ਨਹੀਂ ਸਕੀਆਂ। ਸ. ਸਰਨਾ ਨੇ ਦੱਸਿਆ ਕਿ ਉਨ੍ਹਾਂ ਦੀ ਬਾਂਹ ਫੜ ਕੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਹਿਤ ਉਨ੍ਹਾਂ ਇਲਾਕਿਆਂ ਵਿਚ ਗੁਰੂ-ਘਰ ਬਣਾਉਣ ਅਤੇ ਇਨ੍ਹਾਂ ਦੀ ਆਰਥਕ ਦਸ਼ਾ ਸੁਧਾਰਨ ਲਈ, ਵਿੱਦਿਅਕ ਕੇਂਦਰ ਸਥਾਪਤ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਵਧੀਆ ਤਾਲੀਮ ਦੇਣ ਦਾ ਪ੍ਰਬੰਧ ਕਰਨ ਲਈ ਬ੍ਰਿਟਿਸ਼ ਸਿੱਖ ਕੌਂਸਲ ਯੂ. ਕੇ., ਜੋ ਪਹਿਲਾਂ ਵੀ ਇਨ੍ਹਾਂ ਇਲਾਕਿਆਂ ਵਿਚ ਪੰਜ ਗੁਰੂ-ਘਰਾਂ ਅਤੇ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਕਰ ਚੁੱਕੀ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਯਤਨਾਂ ਨਾਲ ‘ਭਲਾਈ ਪ੍ਰੋਜੈਕਟ’ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰੋਜੈਕਟ ਤਿਆਰ ਕਰਨ ਹਿਤ ਸੰਬੰਧਤ ਇਲਾਕਿਆਂ ਅਤੇ ਉਥੇ ਰਹਿ ਰਹੇ ਸਿੱਖਾਂ ਦਾ ਸਰਵੇ ਕਰਨ ਲਈ ਬ੍ਰਿਟਿਸ਼ ਸਿੱਖ ਕੌਂਸਲ ਦੇ ਜਨਰਲ ਸਕੱਤਰ ਸ. ਤਰਸੇਮ ਸਿੰਘ ਦਿਉਲ ਯੂ. ਕੇ. ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਕ ਸਲਾਹਕਾਰ ਸ. ਪ੍ਰਿਥੀਪਾਲ ਸਿੰਘ ਸੰਧੂ ਪੁਰ ਅਧਾਰਤ ਸਰਵੇ ਟੀਮ ਭੇਜੀ ਗਈ ਸੀ। ਜਿਸ ਨੇ ਵਾਪਸ ਆ ਕੇ ਆਪਣੀ ਰਿਪੋਰਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਦੇ ਅਧਾਰ ਤੇ ਇਨ੍ਹਾਂ ਸਿੱਖਾਂ ਲਈ ਆਰਥਕ ਅਤੇ ਵਿੱਦਿਅਕ ਯੋਜਨਾਵਾਂ ਉਲੀਕ ਕੇ ਤੁਰੰਤ ਹੀ ‘ਭਲਾਈ ਪ੍ਰੋਜੈਕਟ’ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਜਾਇਗਾ।
ਅਣਗੌਲੇ ਸਿੱਖਾਂ ਦੀ ਸਾਰ ਲੈਣ ਪ੍ਰਤੀ ਬ੍ਰਿਟਿਸ਼ ਸਿੱਖ ਕੌਂਸਲ ਯੂ. ਕੇ. ਅਤੇ ਦਿੱਲੀ ਗੁਰਦੁਆਰਾ ਕਮੇਟੀ ਵਚਨਬੱਧ
This entry was posted in ਭਾਰਤ.