ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਹਲਕੇ ਦੇ ਪਿੰਡ ਕੁੱਸਾ ਦੇ ‘ਸ਼ਾਰਪ ਛੂਟਰ’ ਮਨਪ੍ਰੀਤ ਮਾਨੂੰ ਉਰਫ਼ “ਮਾਨੂੰ ਕੁੱਸਾ” ਦਾ ਨਾਂ ਆਉਣ ‘ਤੇ ਪਿੰਡ ਕੁੱਸਾ ਇੱਕ ਵਾਰ ਫਿਰ ਸੰਸਾਰ ਦੇ ਲੋਕਾਂ ਦੀ ਨਜ਼ਰ ਵਿੱਚ ਆ ਗਿਆ ਹੈ। ਇਸ ਤੋਂ ਪਹਿਲਾਂ ਇਸ ਪਿੰਡ ਦੇ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਸੁਖਪ੍ਰੀਤ ਬੁੱਡਾ ਨੇ ਵੀ ਕਈ ਸਾਲ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੀ ਪੁਲਸ ਦੀ ਨੀਂਦ ਉਡਾਈ ਰੱਖੀ, ਜੋ ਕਿ ਅੱਜ ਕੱਲ੍ਹ ਜੇਲ੍ਹ ਵਿੱਚ ਬੰਦ ਹੈ।
ਪਿੰਡ ਕੁੱਸਾ ਪੰਜਾਬ ਦੇ ਨਕਸ਼ੇ ‘ਤੇ ਅੰਕਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦਾ ਅਹਿਮ ਪਿੰਡ ਹੈ। ਇਹ ਪਿੰਡ ਸਾਹਿਤਕਾਰਾਂ, ਕਵੀਸ਼ਰਾਂ, ਢਾਡੀਆਂ ਦੇ ਪਿੰਡ ਵਜੋਂ ਦੇਸ਼-ਵਿਦੇਸ਼ ਦੇ ਨਕਸ਼ੇ ‘ਤੇ ਅੰਕਿਤ ਹੈ, ਕਿਉਂਕਿ ਇਸ ਪਿੰਡ ਵਿੱਚ ਵਿਸ਼ਵ-ਪ੍ਰਸਿੱਧ ਲੇਖਕ, ਸਾਹਿਤਕਾਰ, ਢਾਡੀ ਅਤੇ ਕਵੀਸ਼ਰ ਪੈਦਾ ਹੋਏ। ਵਿਸ਼ਵ-ਪ੍ਰਸਿੱਧ ਢਾਡੀ, ਮਰਹੂਮ ਗੁਰਬਖਸ਼ ਸਿੰਘ ਅਲਬੇਲਾ, ਅਮਰ ਸਿੰਘ ਸ਼ੌਂਕੀ, ਸੰਸਾਰ-ਪ੍ਰਸਿੱਧ ਨਾਵਲਕਾਰ ਅਤੇ ਫਿ਼ਲਮਕਾਰ ਸਿ਼ਵਚਰਨ ਜੱਗੀ ਕੁੱਸਾ (ਇੰਗਲੈਂਡ), ਕਰਮਜੀਤ ਸਿੰਘ ਕੁੱਸਾ, ਗਾਇਕ ਗੁਰਦੀਪ ਧਾਲੀਵਾਲ, ਗਾਇਕ ਗੁਰਮੀਤ ਕੁੱਸਾ ਕੈਨੇਡਾ, ਕਿੱਸਾਕਾਰ ਛੋਟਾ ਸਿੰਘ ਧਾਲੀਵਾਲ, ਕਵੀਸ਼ਰ ਧਰਮ ਸਿੰਘ ਧਾਲੀਵਾਲ, ਗੀਤਕਾਰ ਸਿ਼ੰਦਰ ਸਿੰਘ ਅਤੇ ਇਨਕਲਾਬੀ ਕਵੀ ਮਰਹੂਮ ਓਮ ਪ੍ਰਕਾਸ਼ ਕੁੱਸਾ.. ਆਦਿ ਉੱਚ-ਕੋਟੀ ਦੇ ਬੰਦੇ ਇਸੇ ਪਿੰਡ ਨੇ ਹੀ ਪੰਜਾਬੀਆਂ ਨੂੰ ਦਿੱਤੇ, ਜਿੰਨ੍ਹਾਂ ਨੇ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਦਿਨ ਰਾਤ ‘ਇੱਕ’ ਕੀਤਾ। ਇੱਥੇ ਹੀ ਨਹੀਂ, ਪਿੰਡ ਦਾ ਇੱਕ ਨੌਜਵਾਨ ਆਤਮਾ ਸਿੰਘ 1965 ਦੀ ਜੰਗ ਦਾ ਅਮਰ ਸ਼ਹੀਦ ਹੈ, ਜਿਸ ਨੇ ਦੇਸ਼ ਦੀ ਏਕਤਾ ਅਤੇ ਆਖੰਡਤਾ ਲਈ ਆਪਣਾ ਬਲੀਦਾਨ ਦਿੱਤਾ। ਇਹ ਪਿੰਡ ‘ਘੋਲਾਂ’ ਵਜੋਂ ਜਾਣਿਆਂ ਜਾਂਦਾ ਹੈ। ਕਿਸਾਨ-ਮਜਦੂਰ-ਵਿਦਿਆਰਥੀ ਸੰਘਰਸ਼ ਦੇ ਵੱਡੇ ਘੋਲ ਇਸ ਪਿੰਡ ਦੀ ਧਰਤੀ ਤੋਂ ਸ਼ੁਰੂ ਹੋਏ ਅਤੇ ਬੜੀ ਸਿ਼ੱਦਤ ਨਾਲ ਲੜੇ ਗਏ। ਇਥੇ ਜਿ਼ਕਰਯੋਗ ਹੈ ਕਿ ਵਿਸ਼ਵ-ਪ੍ਰਸਿੱਧ ਨਾਵਲਕਾਰ ਅਤੇ ਫਿ਼ਲਮ ਮੇਕਰ ਸਿ਼ਵਚਰਨ ਜੱਗੀ ਕੁੱਸਾ ਦਾ ਨਾਂ ਸਿਖ਼ਰ ‘ਤੇ ਹੈ, ਜਿਸ ਨੇ ਆਪਣੇ ਨਾਵਲਾਂ ਸਦਕਾ ਆਪਣੇ ਪਿੰਡ ਕੁੱਸਾ ਦਾ ਨਾਂ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਅਤੇ ਬੇਹੱਦ ਪ੍ਰਸਿੱਧੀ ਖੱਟੀ।
ਪਰ ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਇਸ ਪਿੰਡ ਦੇ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਆਪਣੇ ਪਿੰਡ ਦਾ ਸ਼ਾਨਾਮੱਤੀ ਇਤਿਹਾਸ ਭੁਲਾ ਕੇ ਅਪਰਾਧ ਦੀ ਦੁਨੀਆਂ ਵਿੱਚ ਸ਼ਾਮਲ ਹੋ ਰਹੇ ਹਨ। ਵਿਸ਼ਵ ਪੱਧਰ ‘ਤੇ ਚਰਚਿਤ ਹੋਏ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਤਾਰ ਵੀ ਇਸ ਪਿੰਡ ਦੇ ਨੌਜਵਾਨ ਨਾਲ ਜੁੜਨ ਕਰ ਕੇ ਪਿੰਡ ਇੱਕ ਵਾਰ ਮੁੜ ਸੰਸਾਰ ਪੱਧਰ ’ਤੇ ਚਰਚਾ ਵਿੱਚ ਆਇਆ। ਦਿੱਲੀ ਪੁਲੀਸ ਵੱਲੋਂ ਕੀਤੇ ਖ਼ੁਲਾਸੇ ਵਿੱਚ ਜਿਸ ਨੌਜਵਾਨ ‘ਸ਼ਾਰਪ ਛੁਟਰ’ ਮਨਪ੍ਰੀਤ ਮਾਨੂੰ ਦਾ ਜਿ਼ਕਰ ਆਇਆ ਹੈ, ਜਿਸ ਨੇ ਸਿੱਧੂ ਮੂਸੇਵਾਲਾ ‘ਤੇ ਏ.ਕੇ. 47 ਨਾਲ ਹਮਲਾ ਕਰ ਕੇ ਉਸ ਨੂੰ ਕਤਲ ਕੀਤਾ, ਉਹ ਨੌਜਵਾਨ ਇਸੇ ਪਿੰਡ ਕੁੱਸਾ ਦਾ ਹੀ ਜੰਮਪਲ ਅਤੇ ਵਸਨੀਕ ਸੀ।
ਬੀਤੇ ਦਿਨੀ ਪੰਜਾਬੀ ਦੇ ਸੁਪਰ ਸਟਾਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਫੜੇ ਗਏ ਮੋਗਾ ਜਿਲ੍ਹੇ ਦੇ ਪਿੰਡ ਕੁੱਸਾ ਦੇ ਗੈਂਗਸਟਰ ਮਨਪ੍ਰੀਤ ਮਾਨੂੰ ਬਾਰੇ ਜਾਣਕਾਰੀ ਇਕੱਤਰ ਕਰਨ ‘ਤੇ ਪਤਾ ਲੱਗਿਆ ਹੈ ਕਿ ਮਨਪ੍ਰੀਤ ਮਾਨੂੰ ਪਹਿਲਾਂ ਲੱਕੜ ਦਾ ਮਿਸਤਰੀ ਸੀ ਅਤੇ ਆਪਣੇ ਦੋ ਭਰਾਵਾਂ ਨਾਲ਼ ‘ਕਾਰਪੇਂਟਰ’ ਦੀ ਦੁਕਾਨ ਚਲਾਉਂਦਾ ਸੀ। ਪਿੰਡ ‘ਰੰਗੀਆਂ’ ਦਾ ਇੱਕ ਵਿਅਕਤੀ ਉਸ ‘ਤੇ ਹਮਲਾ ਕਰਨ ਦੇ ਇਰਾਦੇ ਨਾਲ ਉਸ ਦੇ ਘਰ ਆਇਆ ਤਾਂ ਮਨਪ੍ਰੀਤ ਮਾਨੂੰ ਤੋਂ ਆਪਣੇ ਬਚਾਓ ਲਈ ਉਸ ਵਿਅਕਤੀ ‘ਤੇ ਕੀਤੇ ਗਏ ਵਾਰ ਨਾਲ ਉਸ ਵਿਅਕਤੀ ਦੀ ਮੌਤ ਹੋ ਗਈ। ਕਤਲ ਦੇ ਮੁਕੱਦਮੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ। ਜੇਲ੍ਹ ਜਾਣ ਤੋਂ ਬਾਅਦ ਮਨਪ੍ਰੀਤ ਮਾਨੂੰ ਲਗਾਤਾਰ ਅਪਰਾਧ ਜਗਤ ਦੀ ਦੁਨੀਆਂ ਵਿੱਚ ਧਸਦਾ ਗਿਆ।
ਜੇਲ੍ਹ ਤੋਂ ਛੁੱਟੀ ਆਉਣ ਉਪਰੰਤ ਮਾਨੂੰ ਨੇ ਆਪਣੇ ਛੋਟੇ ਭਾਈ ਗੁਰਦੀਪ ਸਿੰਘ ਗੋਰਾ ਨਾਲ ਰਲ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਮਨਪ੍ਰੀਤ ਮਾਨੂੰ ਆਪਣੇ ਭਰਾ ਨਾਲ਼ ਜੇਲ੍ਹ ਚਲਾ ਗਿਆ। ਸਮਝਿਆ ਜਾਂਦਾ ਹੈ ਕਿ ਜੇਲ੍ਹ ‘ਚੋਂ ਹੀ ਇੰਨ੍ਹਾਂ ਦੋ ਭਰਾਵਾਂ ਦੇ ਸਬੰਧ ਬਿਸ਼ਨੋਈ ਗਰੁੱਪ ਨਾਲ ਬਣੇ। ਜਾਣਕਾਰੀ ਮੁਤਾਬਿਕ ਮਨਪ੍ਰੀਤ ਮਾਨੂੰ ‘ਤੇ ਕੁੱਲ 14 ਅਪਰਾਧਿਕ ਮਾਮਲੇ ਦਰਜ਼ ਹਨ, ਜਿੰਨ੍ਹਾਂ ਵਿੱਚ 4 ਕਤਲ ਦੇ ਮਾਮਲੇ ਹਨ। ਥਾਣਾ ਬੱਧਨੀ ਕਲਾਂ ਵਿਖੇ ਮਨਪ੍ਰੀਤ ਮਾਨੂੰ ਉਪਰ 5 ਵੱਖੋ-ਵੱਖਰੇ ਮੁਕੱਦਮੇ ਦਰਜ਼ ਹਨ। ਮਜ੍ਹਬੀ ਸਿੱਖ ਮਜਦੂਰ ਪ੍ਰੀਵਾਰ ਨਾਲ ਸਬੰਧਿਤ ਮਨਪ੍ਰੀਤ ਮਾਨੂੰ ਦਾ ਪਿੰਡ ਕੁੱਸਾ ਵਿਚਲਾ ਘਰ ਬੰਦ ਵੇਖਿਆ ਗਿਆ, ਕਿਉਂਕਿ ਉਸ ਦੇ ਦੂਸਰੇ ਭਰਾ ਗੁਰਦੀਪ ਸਿੰਘ ਗੋਰਾ ਅਤੇ ਸ਼ਮਸ਼ੇਰ ਸਿੰਘ ਵੀ ਫ਼ਰੀਦਕੋਟ ਦੀ ਜੇਲ੍ਹ ਵਿੱਚ ਅਪਰਾਧਿਕ ਮਾਮਲਿਆਂ ਵਿੱਚ ਬੰਦ ਹਨ। ਉਸ ਦੇ ਮਾਤਾ ਪਿਤਾ ਘਰ ਵਿੱਚ ਨਹੀਂ ਸਨ। ਉਸ ਦੇ ਘਰ ਅੱਗੇ ਪੁਲੀਸ ਵੱਲੋਂ ਇੱਕ ਨੋਟਿਸ ਵੀ ਲਗਾਇਆ ਗਿਆ ਸੀ।
ਬਾਅਦ ਵਿੱਚ, 20 ਜੁਲਾਈ 2022 ਨੂੰ ਪਾਕਿਸਤਾਨ ਦੇ ਬਾਰਡਰ ਏਰੀਏ ਦੇ ਪਿੰਡ ਭਕਨਾ, ਜਿਲ੍ਹਾ ਅੰਮ੍ਰਿਤਸਰ ਵਿੱਚ ਮੁਕਾਬਲੇ ਵਿੱਚ ਮਾਰੇ ਗਏ ਮਨਪ੍ਰੀਤ ਮਾਨੂੰ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ‘ਮੁੱਖ ਛੂਟਰ’ ਮੰਨਿਆਂ ਗਿਆ ਸੀ। ਇਸ ਤੋਂ ਪਹਿਲਾਂ ਚਰਚਾ ਵਿੱਚ ਆਏ ਪਿੰਡ ਕੁੱਸਾ ਦੇ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਸੁਖਪ੍ਰੀਤ ਬੁੱਡਾ ਵੀ ਇੱਕ ਸਫ਼ਲ ਕਿਸਾਨ ਅਤੇ ਗੱਡੀਆਂ ਦਾ ਮਕੈਨਿਕ ਸੀ। ਉਸ ਦੀ ਕਹਾਣੀ ਵੀ ਮਨਪ੍ਰੀਤ ਮਾਨੂੰ ਨਾਲ ਮਿਲਦੀ ਜੁਲਦੀ ਹੈ। ਆਪਣੇ ਦੋਸਤ ਨਾਲ ਹੋਈ ਤਕਰਾਰ ਵਿੱਚ ਸੁਖਪ੍ਰੀਤ ਬੁੱਡਾ ਤੋਂ ਆਪਣੇ ਦੋਸਤ ਦੀ ਮੌਤ ਹੋ ਗਈ, ਜਿਸ ਦੇ ਦੋਸ਼ ਵਿੱਚ ਉਸ ਖਿ਼ਲਾਫ਼ ਕਤਲ ਦਾ ਮੁਕੱਦਮਾਂ ਥਾਣਾ ਬੱਧਨੀ ਕਲਾਂ ਵਿਖੇ ਦਰਜ਼ ਹੋ ਗਿਆ, ਜਿਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਬੋਲ ਗਈ। ਜੇਲ੍ਹ ਵਿੱਚ ਹੀ ਉਸ ਦੇ ਸਬੰਧ ਦਵਿੰਦਰ ਬੰਬੀਹਾ ਦੇ ਗਰੁੱਪ ਨਾਲ ਬਣੇ। ਜੇਲ੍ਹ ਵਿੱਚੋਂ ‘ਪੈਰੋਲ’ ‘ਤੇ ਬਾਹਰ ਆਉਣ ਤੋਂ ਬਾਅਦ ਉਹ ਭਗੌੜਾ ਹੋ ਗਿਆ ਅਤੇ ਦਵਿੰਦਰ ਬੰਬੀਹਾ ਦੇ ਗਰੱੁਪ ਵਿੱਚ ਸ਼ਾਮਲ ਹੋ ਗਿਆ। ਇੱਥੇ ਹੀ ਉਸ ਦਾ ਦਹਿਸ਼ਤ ਦੀ ਦੁਨੀਆਂ ਵਿੱਚ ਸਫ਼ਰ ਸ਼ੁਰੂ ਹੋ ਗਿਆ। ਉਸ ‘ਤੇ ਵੀ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ਵਿੱਚ ਕਤਲ ਅਤੇ ਅਪਰਾਧਿਕ ਮਾਮਲੇ ਦਰਜ਼ ਹਨ ਅਤੇ ਉਹ ਵੀ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ।
ਇਸੇ ਹੀ ਪਿੰਡ ਦਾ ਇੱਕ ਨੌਜਵਾਨ ਹੈ ਪਰਬਤ ਸਿੰਘ ਕੁੱਸਾ। ਇਹ ਮਾੜੀ ਮੁਸਤਫ਼ਾ ਪਿੰਡ ਦੇ ਗੈਂਗਸਟਰ ਹਰਜੀਤ ਸਿੰਘ ਪੈਂਟਾ ਨੂੰ ਕਤਲ ਕਰਨ ਦੇ ਜ਼ੁਰਮ ਵਿੱਚ ਜੇਲ੍ਹ ਭੁਗਤ ਰਿਹਾ ਹੈ। ਇਹ ਵੀ ਬਿਸ਼ਨੋਈ ਗਰੁੱਪ ਨਾਲ ਸਬੰਧ ਰੱਖਦਾ ਸੀ ਅਤੇ ਮਾਨੂੰ ਕੁੱਸਾ ਦਾ ਹੀ ਸਾਥੀ ਰਿਹਾ ਹੈ। ਹੁਣ ਲੋਕ ਸਰਕਾਰ ‘ਤੇ ਇਹ ਸੁਆਲ ਉਠਾ ਰਹੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ‘ਸੁਧਾਰ ਘਰ’ ਹਨ? ਜਾਂ ਨੌਜਵਾਨਾਂ ਨੂੰ ਅਪਰਾਧ ਜਗਤ ਵੱਲ ਧੱਕਣ ਦਾ ਸਥਾਨ?? ਕਿਉਂਕਿ ਜੇਲ੍ਹ ਵਿੱਚ ਜਾਣ ਤੋਂ ਬਾਅਦ ਹੀ ਪਿੰਡ ਕੁੱਸਾ ਦੇ ਇਹ ਨੌਜਵਾਨ ਅਪਰਾਧ ਜਗਤ ਵੱਲ ਧੱਕੇ ਗਏ। ਇੱਥੇ ਹੀ ਨਹੀਂ, ਹੋਰ ਨੌਜਵਾਨ ਵੀ ਜੇਲ੍ਹ ਜਾਣ ਤੋਂ ਬਾਅਦ ਚੰਗੇ ਨਾਗਰਿਕ ਬਣਨ ਦੀ ਵਜਾਇ, ਅਪਰਾਧਿਕ ਜਿ਼ੰਦਗੀ ਜਿਉਂ ਰਹੇ ਹਨ, ਜੋ ਕਿ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਬਹੁਤ ਵੱਡੇ ਪ੍ਰਸ਼ਨ ਚਿੰਨ੍ਹ ਹਨ!