ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਕੈਨੇਡਾ ਵਿਖੇ ਸ਼ਹੀਦੀ ਅਸਥਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ, ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਖੇ ਸ. ਕਰਮਜੀਤ ਸਿੰਘ ਸਿੱਖਾਂਵਾਲਾ ਵੱਲੋਂ ਲਿਖੀ ਗਈ ਅਤੇ ਭਾਈ ਕੰਵਰਜੀਤ ਸਿੰਘ ਵਾਸ਼ਿਗਟਨ ਵੱਲੋਂ ਸੰਪਾਦਕ ਕੀਤੀ ਗਈ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਰਿਲੀਜ਼ ਕੀਤੀ ਗਈ । ਸਰੀ ਗੁਰੂ ਘਰ ਦੇ ਮੁੱਖ ਗ੍ਰੰਥੀ ਸਾਹਿਬਾਨ ਅਤੇ ਪ੍ਰਬੰਧਕ ਸੇਵਾਦਾਰ, ਜਥੇਦਾਰ ਅਜੈਬ ਸਿੰਘ ਬਾਗੜੀ, ਜਥੇਦਾਰ ਸੰਤੋਖ ਸਿੰਘ ਖੇਲਾ ਮੌਂਟਰੀਅਲ ਵਾਲੇ, ਭਾਈ ਗੁਰਦੇਵ ਸਿੰਘ ਮਿਸ਼ੀਗਨ (ਟੀਵੀ 84 ) ਅਮਰੀਕਾ, ਬੀਬੀ ਜਸਮੀਤ ਕੌਰ ਛੀਨਾ ਧਰਮਪਤਨੀ ਸ਼ਹੀਦ ਜਥੇਦਾਰ ਸਤਨਾਮ ਸਿੰਘ ਛੀਨਾ, ਭਾਈ ਸੁਨੀਲ ਕੁਮਾਰ (ਸਿੱਖ ਫਾਰ ਬਲੱਡ ਡੁਨੇਸ਼ਨ), ਭਾਈ ਕਮਲਜੀਤ ਸਿੰਘ (ਪੰਜਾਬ ਗਾਰਡੀਅਨ) ਆਦਿ ਪੰਥ ਦਰਦੀ ਗੁਰਸਿੱਖਾਂ ਵੱਲੋ ਮੇਨ ਹਾਲ ਵਿੱਚ ਗੁਰੂ ਮਹਾਂਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਇਹ ਕਿਤਾਬ ਜਾਰੀ ਕੀਤੀ ਗਈ । ਕਿਤਾਬ ਅੰਦਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਦੇਸ਼ ਵਿਦੇਸ਼ ਦੀਆਂ ਨਾਮਵਰ ਪੰਥਕ ਸ਼ਖਸ਼ੀਅਤਾਂ ਵੱਲੋ ਦੋ ਹਰਫੀ ਵੱਡਮੁੱਲੀ ਸ਼ਬਦਾਵਲੀ ਲਿਖੀ ਗਈ ਹੈ। ਜਿੱਥੇ ਇਹ ਵੱਡ ਅਕਾਰੀ ਪੁਸਤਕ ਵਿੱਚ ਪੰਜਾਬ ਦੀ ਧਰਤੀ ਤੇ ਵੱਸਦੇ ਸਮੂਹ ਦੇ ਹੱਕਾਂ ਲਈ ਅਤੇ ਸਰਬੱਤ ਦੇ ਭਲੇ ਦਾ ਖਾਲਸਾ ਰਾਜ ਦੀ ਕਾਇਮੀ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਯੋਧਿਆਂ ਦੀ ਗਾਥਾ ਬਹੁਤ ਹੀ ਤੱਥਾਂ ਅਧਾਰਤ ਜਾਣਕਾਰੀ ਨਾਲ ਲਿਖੀ ਗਈ ਹੈ ਉੱਥੇ ਇਹ ਕਿਤਾਬ ਉਹਨਾਂ ਅਣਖੀ ਯੋਧਿਆਂ ਨੂੰ ਜਿਹਨਾਂ ਨੇ ਸਿੱਖ ਕੌਮ ਦੀ ਆਜ਼ਾਦੀ ਲਈ ਧਰਮ ਦੀਆਂ ਲੀਹਾਂ ਤੇ ਚੱਲਦਿਆਂ ਕੱਟੜਪੰਥੀ ਹਿੰਦੂ ਰਜੀਮ ਨਾਲ ਟੱਕਰ ਲਈ ਅਤੇ ਸੰਘਰਸ਼ ਕਰਦਿਆਂ ਪੁਲਿਸ ਹੱਥ ਲੱਗਣ ਉਪਰੰਤ ਅਨੇਕਾਂ ਤਸੀਹੇ ਝੱਲੇ ਬੰਦ ਬੰਦ ਕਟਵਾਏ ਪਰਿਵਾਰ ਤੇ ਘਰ ਬਾਰ ਸਭ ਕੁਝ ਲੁਟਾ ਦਿੱਤਾ, ਇੱਕ ਵਾਰ ਘਰੋਂ ਗਏ ਕਦੇ ਵੀ ਵਾਪਿਸ ਨਾਂ ਪਰਤੇ ਅਤੇ ਆਪਣੇ ਮੁੱਖ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਰੱਖੇ, ਹੱਸ ਹੱਸ ਕੇ ਸ਼ਹੀਦੀਆਂ ਪਾ ਗਏ ਅਤੇ ਰਹਿੰਦੇ ਕਾਰਜ ਨੂੰ ਸਾਡੇ ਜਿੰਮੇ ਲਾ ਗਏ ਉਹਨਾਂ ਅਣਖੀ ਵੀਰਾਂ ਨੂੰ ਇਹ ਕਿਤਾਬਚਾ ਸਮਰਪਿਤ ਕੀਤਾ ਗਿਆ ਹੈ ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼
This entry was posted in ਸਰਗਰਮੀਆਂ.