ਸਦੀਆਂ ਤੋਂ ਮਜ਼ਬੂਰ ਰਿਹਾ ਹਾਂ।
ਕਿਸਮਤ ਦਾ ਮਜ਼ਦੂਰ ਰਿਹਾ ਹਾਂ।
ਮੇਰੇ ਮੁੜ੍ਹਕੇ ਵਿੱਚ ਨਸ਼ਾ ਹੈ
ਇਸ ਦੇ ਵਿੱਚ ਹੀ ਚੂਰ ਰਿਹਾ ਹਾਂ।
ਮਿਹਨਤ ਮੇਰੀ ਮਹਿਬੂਬਾ ਹੈ
ਇਸਨੂੰ ਮੰਨਦਾ ਹੂਰ ਰਿਹਾ ਹਾਂ।
ਚਾਹੇ ਹੱਥਾਂ ਵਿੱਚ ਹੁਨਰ ਹੈ
ਫਿਰ ਵੀ ਕਦ ਮਗ਼ਰੂਰ ਰਿਹਾ ਹਾਂ।
ਦੁੱਖਾਂ ਦੇ ਨਾਲ ਯਾਰੀ ਪੱਕੀ
ਖੁਸ਼ੀਆਂ ਤੋਂ ਮੈਂ ਦੂਰ ਰਿਹਾ ਹਾਂ।
ਜਦ ਵੀ ਮਿਹਨਤ ਦਾ ਮੁੱਲ ਮੰਗਿਆ
ਲਗਦਾ ਤਦ ਨਾਸੂਰ ਰਿਹਾ ਹਾਂ।
ਜਿਉਂਦਾ ਦਿਲ ਤੋਂ ਰਾਜਾ ਬਣਕੇ
ਭਾਂਵੇਂ ਮੈਂ ਮਜ਼ਦੂਰ ਰਿਹਾ ਹਾਂ।
ਸ਼ੋਸ਼ਣ ਕਰਤਾ ਕਦ ਡਰਦਾ ਹੈ
ਵੱਟਦਾ ਭਾਂਵੇ ਘੂਰ ਰਿਹਾ ਹਾਂ।