ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਝਾਰਖੰਡ ਹਾਈ ਕੋਰਟ ਨੇ ਪਟੀਸ਼ਨਰ ਸਤਨਾਮ ਸਿੰਘ ਗੰਭੀਰ ਨੂੰ ਹਦਾਇਤ ਕੀਤੀ ਸੀ ਕਿ ਉਹ ਜ਼ਿਲ੍ਹੇ ਦੇ ਹਿਸਾਬ ਨਾਲ ਦੱਸਣ ਕਿ ਕਿੰਨੇ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ। ਅਦਾਲਤ ਨੇ ਬਿਨੈਕਾਰ ਸਤਨਾਮ ਸਿੰਘ ਗੰਭੀਰ ਨੂੰ ਮੁਆਵਜ਼ਾ ਨਾ ਮਿਲਣ ਵਾਲੇ ਪੀੜਤਾਂ ਦੀ ਸੂਚੀ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਹਾਈਕੋਰਟ ਦੀਆਂ ਹਦਾਇਤਾਂ ‘ਤੇ ਸਤਨਾਮ ਸਿੰਘ ਗੰਭੀਰ ਮੰਗਲਵਾਰ ਨੂੰ ਡਾਲਟਨਗੰਜ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਪੁੱਜੇ ਤਾਂ ਡਾਲਟਨਗੰਜ ਦੇ ਸਿੱਖ ਕਤਲੇਆਮ ਪੀੜਤਾਂ ਦੀ ਅਗਵਾਈ ਕਰ ਰਹੇ ਇੰਦਰਜੀਤ ਸਿੰਘ ਡਿੰਪਲ ਅਤੇ ਚੰਨਪ੍ਰੀਤ ਸਿੰਘ ਜੌਨੀ ਨੇ ਸਾਥੀਆਂ ਸਮੇਤ ਉਨ੍ਹਾਂ ਦਾ ਸਵਾਗਤ ਕੀਤਾ ।
ਜਮਸ਼ੇਦਪੁਰ ਤੋਂ ਭਾਈ ਚਰਨਪ੍ਰੀਤ ਸਿੰਘ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੀੜਤ ਪਰਿਵਾਰ ਸ੍ਰੀ ਗੁਰੂ ਸਿੰਘ ਸਭਾ ਦੇ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਹੋਏ ਸਨ। ਇੰਦਰਜੀਤ ਸਿੰਘ ਡਿੰਪਲ ਅਤੇ ਚੰਨਪ੍ਰੀਤ ਸਿੰਘ ਜੌਨੀ ਨੇ ਸਾਂਝੇ ਤੌਰ ‘ਤੇ 1984 ਦੇ ਸਿੱਖ ਕਤਲੇਆਮ ਦੇ 33 ਪੀੜਤਾਂ ਦੀ ਸੂਚੀ, ਜਿਨ੍ਹਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਈਸਟ ਇੰਡੀਆ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੂੰ ਸੌਂਪੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਈਸਟ ਇੰਡੀਆ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਕ ਵੀ ਪੀੜਤ ਪਰਿਵਾਰ ਮੁਆਵਜ਼ੇ ਤੋਂ ਵਾਂਝਾ ਨਾ ਰਹੇ।
ਦੱਸ ਦੇਈਏ ਕਿ ਸਤਨਾਮ ਸਿੰਘ ਗੰਭੀਰ ਸਿੱਖ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਝਾਰਖੰਡ ਦਾ ਦੌਰਾ ਕਰ ਰਹੇ ਹਨ। ਸਤਨਾਮ ਸਿੰਘ ਗੰਭੀਰ ਨੇ ਕਿਹਾ ਕਿ ਸਿੱਖ ਕਤਲੇਆਮ ਦੇ 40 ਸਾਲ ਬੀਤ ਜਾਨ ਬਾਅਦ ਵੀ ਇਨਸਾਫ਼ ਨਾ ਮਿਲਣਾ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਆਖਰੀ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਇੰਦਰਜੀਤ ਸਿੰਘ ਡਿੰਪਲ, ਚੰਨਪ੍ਰੀਤ ਸਿੰਘ ਜੌਨੀ, ਮਨਮੀਤ ਲੂਥਰਾ, ਹਰਪ੍ਰੀਤ ਕੌਰ, ਤ੍ਰਿਲੋਕ ਸਿੰਘ, ਗੁਰਦੇਵ ਸਿੰਘ, ਭੁਪਿੰਦਰ ਸਿੰਘ, ਰਣਜੀਤ ਕੌਰ, ਮਦਨਮੋਹਨ ਸਿੰਘ, ਪ੍ਰਤਾਪ ਸਿੰਘ, ਜਸਪ੍ਰੀਤ ਸਿੰਘ, ਮਨਜੀਤ ਸਿੰਘ, ਜਸਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੀੜਤ ਪਰਿਵਾਰ ਹਾਜ਼ਰ ਸਨ।