ਨਰਪਾਲ ਸਿੰਘ ਸ਼ੇਰਗਿੱਲ ਪਿਛਲੇ 58 ਸਾਲਾਂ ਤੋਂ ਸਿੱਖ ਵਿਚਾਰਧਾਰਾ ‘ਤੇ ਪਹਿਰਾ ਦਿੰਦਾ ਹੋਇਆ ਲਗਾਤਾਰ ਸੰਸਾਰ ਦੇ ਗੁਰਦੁਆਰਾ ਸਾਹਿਬਾਨ ਦੀ ਪਰਕਰਮਾ ਕਰਦਾ ਆ ਰਿਹਾ ਹੈ। ਉਹ ਸਿੱਖ ਜਗਤ ਦੀ ਸੋਚ ਦਾ ਮੁੱਦਈ ਬਣਕੇ ਸਮੁੱਚੇ ਸੰਸਾਰ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਯਤਨਸ਼ੀਲ ਹੈ। ਜਿਸ ਦੇਸ਼ ਵਿੱਚ ਵੀ ਪੰਜਾਬੀ/ਸਿੱਖ ਵਸ ਰਹੇ ਹਨ, ਨਰਪਾਲ ਸਿੰਘ ਸ਼ੇਰਗਿੱਲ ਸਿੱਖ ਧਰਮ ਦਾ ਪੈਰੋਕਾਰ ਹੋਣ ਕਰਕੇ ਉਥੇ ਪਹੁੰਚਕੇ ਪੰਜਾਬੀਆਂ/ਸਿੱਖਾਂ ਨੂੰ ਭਵਿਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਪ੍ਰਸਥਿਤੀਆਂ ਬਾਰੇ ਸੁਚੇਤ ਰਹਿਣ ਲਈ ਆਗਾਹ ਕਰਦਾ ਹੈ। ਸਿੱਖ ਹਿੱਤਾਂ ਦਾ ਪਹਿਰੇਦਾਰ ਹੋਣ ਕਰਕੇ ਹਮੇਸ਼ਾ ਸਿੱਖੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਵਸਦੇ ਇਕੱਲੇ ਸਿੱਖ ਜਗਤ ਨੂੰ ਹੀ ਨਹੀਂ ਸਗੋਂ ਸੰਸਾਰ ਦੇ ਹਰ ਵਿਅਕਤੀ ਨੂੰ ਭਾਵੇਂ ਉਹ ਕਿਸੇ ਵੀ ਸਮੁਦਾਇ ਨਾਲ ਸੰਬੰਧਤ ਹੋਵੇ ਉਸਨੂੰ ਸਿੱਖ ਵਿਚਾਰਧਾਰਾ ਨਾਲ ਜੋੜਨ ਲਈ ਤੱਤਪਰ ਰਹਿੰਦਾ ਹੈ। ਸਿੱਖ ਸੰਕਲਪ ਦੀ ਪਹਿਰੇਦਾਰੀ ਦੀਆਂ ਯੋਜਨਾਵਾਂ ਉਸ ਦੇ ਮਨ ਦੇ ਚਿਤਰਪੱਟ ਵਿੱਚ ਉਸਲਵੱਟੇ ਲੈਂਦੀਆਂ ਰਹਿੰਦੀਆਂ ਹਨ। ਸਮਰੱਥ ਅਤੇ ਸੂਝਵਾਨ ਅੰਤਰਰਾਸ਼ਟਰੀ ਪੱਤਰਕਾਰ ਹੋਣ ਕਰਕੇ ਸਿੱਖੀ ਸੋਚ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀਆਂ ਹਰਕਤਾਂ ਦੀ ਉਸ ਨੂੰ ਪਹਿਲਾਂ ਹੀ ਸੂਹ ਮਿਲ ਜਾਂਦੀ ਹੈ, ਜਿਸ ਕਰਕੇ ਉਹ ਹਮੇਸ਼ਾ ਅਜਿਹੀਆਂ ਸਥਿਤੀਆਂ ਨਾਲ ਨਿਪਟਣ ਲਈ ਚੇਤੰਨ ਅਤੇ ਉਦਮਸ਼ੀਲ ਰਹਿੰਦਾ ਹੈ। ਵਰਤਮਾਨ ਪ੍ਰਸਿਥਿਤੀਆਂ ਤੋਂ ਉਸ ਨੂੰ ਭਵਿਖ ਦੀਆਂ ਵੰਗਾਰਾਂ ਦੀ ਅਗਾਊਂ ਜਾਣਕਾਰੀ ਮਹਿਸੂਸ ਹੋ ਜਾਂਦੀ ਹੈ। ਫਿਰ ਉਹ ਟਿਕ ਕੇ ਨਹੀਂ ਬਹਿ ਸਕਦਾ ਤੇ ਸੰਸਾਰ ਦੀ ਪਰਕਰਮਾ ਕਰਨ ਲਈ ਤਤਪਰ ਹੋ ਜਾਂਦਾ ਹੈ। ਇਕੱਲਾ ਇਕੱਹਿਰਾ ਵਿਅਕਤੀ ਹੀ ਉਹ ਸਿੱਖੀ ਦਾ ਹੋਕਾ ਦੇਣ ਲਈ ਸਰਗਰਮ ਰਹਿੰਦਾ ਹੋਇਆ ਆਪਣਾ ਝੋਲਾ ਚੁੱਕਕੇ ਦੇਸ਼ ਵਿਦੇਸ਼ ਦੀ ਪਰਕਰਮਾ ਕਰਨ ਲਈ ਜਹਾਜੇ ਜਾ ਚੜ੍ਹਦਾ ਹੈ। ਉਸ ਦਾ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਹੜੇ ਦੇਸ਼ ਦੇ ਕਿਸ ਸ਼ਹਿਰ ਵਿੱਚ ਸਿੱਖੀ ਦੀ ਅਲਖ ਜਗਾਈ ਬੈਠਾ ਹੁੰਦਾ ਹੈ। ਸਵੇਰੇ ਬਰੇਕ ਫਾਸਟ ਕਿਤੇ ਦਪਹਿਰੇ ਕਿਤੇ ਅਤੇ ਸ਼ਾਮ ਨੂੰ ਕਿਸੇ ਹੋਰ ਠਿਕਾਣੇ ‘ਤੇ ਵਿਚਾਰ ਚਰਚਾ ਕਰ ਰਿਹਾ ਹੁੰਦਾ ਹੈ। ਉਸ ਨੂੰ ਕਈ ਵਾਰ ਕਿਹਾ ਕਿ ਸਿੱਖ ਧਰਮ ਦੀ ਹੋਂਦ ਤੋਂ ਲੋਕ ਅਵੇਸਲੇ ਹੋਏ ਬੈਠੇ ਹਨ, ਆਪੋ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਰਹਿੰਦੇ ਹਨ, ਤੁਸੀਂ ਮਸਤ ਰਹੋ। ਅੱਗੋਂ ਉਸ ਦਾ ਜਵਾਬ ਹੁੰਦਾ ਹੈ, ਮੈਂ ਆਪਣਾ ਯੋਗਦਾ ਪਾਉਂਦਾ ਰਹਾਂਗਾ ਅੱਗੇ ਲੋਕਾਂ ਦੀ ਮਰਜ਼ੀ ਹੈ, ਜਿਤਨੀ ਦੇਰ ਵਾਗਿੁਰੂ ਨੇ ਸਮਰੱਥਾ ਦਿੱਤੀ, ਉਤਨੀ ਦੇਰ ਮੈਂ ਸਿੱਖ ਧਰਮ ਦਾ ਪ੍ਰਚਾਰਕ ਬਣਕੇ ਵਿਚਰਦਾ ਰਹਾਂਗਾ।
ਉਹ ਆਪਣੇ ਕੰਮ ਦੀ ਸਿੱਖ ਸੰਸਥਾਵਾਂ ਨਾਲ ਤੁਲਨਾ ਨਹੀਂ ਕਰਦਾ ਪ੍ਰੰਤੂ ਉਸ ਦਾ ਕੰਮ ਸਿੱਖ ਸੰਸਥਾਵਾਂ ਦੇ ਅਮਲੇ ਫੈਲੇ ਨਾਲੋਂ ਕਿਤੇ ਵਧੇਰੇ ਹੈ। ਹਾਂ ਉਸ ਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੈ ਕਿ ਸਿੱਖ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਜ਼ਰੂਰ ਹੋ ਰਹੀਆਂ ਹਨ। ਸਿੱਖ ਲੀਡਰਸ਼ਿਪ ਦੀ ਆਪਣੇ ਧਰਮ ਪ੍ਰਤੀ ਵਰਤੀ ਜਾ ਰਹੀ ਲਾਪ੍ਰਵਾਹੀ ਉਸ ਨੂੰ ਚਿੰਤਾ ਵਿੱਚ ਡੋਬ ਦਿੰਦੀ ਹੈ। ਸਿੱਖੀ ਦੀ ਪ੍ਰਫੁਲਤਾ ਦੇ ਸੁਨਹਿਰੇ ਭਵਿਖ ਦੇ ਸਪਨੇ ਸਿਰਜਕੇ ਉਹ ਜਿਥੇ ਵੀ ਕਿਤੇ ਉਸ ਨੂੰ ਸਿੱਖੀ ਦੀ ਜੋਤ ਜਗਦੀ ਨਜ਼ਰ ਆਉਂਦੀ ਹੈ, ਉਹ ਤੁਰੰਤ ਉਥੇ ਪਹੁੰਚਕੇ ਆਪਣਾ ਯੋਗਦਾਨ ਪਾਉੁਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਉਹ ਪੰਜਾਬੀ/ਸਿੱਖ ਸਭਿਆਚਾਰ, ਵਿਰਾਸਤ ਅਤੇ ਧਰਮ ਦੀਆਂ ਧਰੋਹਰਾਂ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਵਿੱਚ ਜੁਟਿਆ ਰਹਿੰਦਾ ਹੈ। ਉਸ ਦਾ ਮੁੱਖ ਮੰਤਵ ਸਿੱਖ ਧਰਮ ਦੀ ਵਿਚਾਰਧਾਰਾ ਦੀ ਮਹਿਕ ਨੂੰ ਸੰਸਾਰ ਵਿੱਚ ਫੈਲਾਉਣਾ ਹੈ। ਸਿੱਖ ਵਿਚਾਰਧਾਰਾ ਦੀ ਪ੍ਰਫ਼ੁੱਲਤਾ ਲਈ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਕੁਝ ਵਿਅਕਤੀ ਨਿੱਜੀ ਤੌਰ ‘ਤੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਨਰਪਾਲ ਸਿੰਘ ਸ਼ੇਰਗਿੱਲ ਉਨ੍ਹਾਂ ਵਿੱਚ ਮੋਢੀ ਦੇ ਰੂਪ ਵਿੱਚ ਸ਼ਾਮਲ ਹੈ, ਜਿਨ੍ਹਾਂ ਦੇ ਸਦਕਾ ਸਮੁੱਚੇ ਸੰਸਾਰ ਵਿੱਚ ਸਿੱਖੀ ਦਾ ਬੋਲ ਬਾਲਾ ਹੋ ਰਿਹਾ ਹੈ। ਨਰਪਾਲ ਸਿੰਘ ਸ਼ੇਰਗਿੱਲ ਦਾ ਸਿੱਖੀ ਸੋਚ ਨੂੰ ਸੰਗਠਤ ਰੂਪ ਵਿੱਚ ਉਦਮ ਕਰਕੇ ਨਿਵੇਕਲੇ ਢੰਗ ਨਾਲ ਇਤਿਹਾਸ ਦਾ ਹਿੱਸਾ ਬਣਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਉਸ ਇਕੱਲੇ ਇਕੱਹਿਰੇ ਵਿਅਕਤੀ ਦਾ ਯੋਗਦਾਨ ਉਨ੍ਹਾਂ ਸੰਸਥਾਵਾਂ ਨਾਲੋਂ ਵੱਖਰਾ ਅਤੇ ਵਧੇਰੇ ਸਾਰਥਿਕ ਹੈ। ਵਰਤਮਾਨ ਇੰਟਰਨੈਟ ਅਤੇ ਸ਼ੋਸ਼ਲ ਮੀਡੀਆ ਦੇ ਯੁਗ ਵਿੱਚ ਨਰਪਾਲ ਸਿੰਘ ਸ਼ੇਰਗਿੱਲ ਦਾ ਪ੍ਰਿੰਟ ਮੀਡੀਆ ਰਾਹੀਂ ਯੋਗਦਾਨ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਪ੍ਰਿੰਟ ਹੋਈ ਚੀਜ਼ ਇਤਿਹਾਸ ਦਾ ਸਥਾਈ ਹਿੱਸਾ ਬਣ ਜਾਂਦੀ ਹੈ। ਸਿੱਖ ਜਗਤ ਭਾਵੇਂ ਕਈ ਖੇਤਰਾਂ ਵਿੱਚ ਸੰਸਾਰ ਵਿੱਚ ਨਾਮਣਾ ਖੱਟ ਰਿਹਾ ਹੈ ਪ੍ਰੰਤੂ ਅਜੇ ਤੱਕ ਵੀ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਸਿੱਖੀ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਵਿੱਚ ਅਸਫਲ ਰਿਹਾ ਹੈ, ਜਿਸ ਕਰਕੇ ਸਿੱਖਾਂ ਨਾਲ ਪ੍ਰਵਾਸ ਵਿੱਚ ਨਸਲੀ ਵਿਤਕਰੇ ਵਰਗੀਆਂ ਘਟਨਾਵਾਂ ਹੋ ਰਹੀਆਂ ਹਨ। ਇਸ ਲਈ ਵਰਤਮਾਨ ਸਮੇਂ ਵਿੱਚ ਸਿੱਖ ਜਗਤ ਦੀ ਮੁੱਢਲੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਸਿੱਖ ਧਰਮ ਦੀ ਵਿਚਾਰਧਾਰਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਈਆਂ ਬਾਰੇ ਸਾਰੇ ਸੰਸਾਰ ਨੂੰ ਜਾਣੂੰ ਕਰਵਾਉਣ। ਵੈਸੇ ਤਾਂ ਨਰਪਾਲ ਸਿੰਘ ਸ਼ੇਰਗਿੱਲ ਇਸ ਪਾਸੇ ਪਿਛਲੇ 58 ਸਾਲਾਂ ਤੋਂ ਕੰਮ ਕਰ ਰਿਹਾ ਹੈ ਪ੍ਰੰਤੂ ਉਸ ਦਾ ‘ਸਿੱਖ ਸੰਸਾਰ-2024’ ਇਸ ਮੰਤਵ ਲਈ ਨਿਵੇਕਲਾ ਉਦਮ ਹੈ। ਉਸ ਨੇ ਆਪਣੀ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਕੀਤੀ ਇਸ ਪੁਸਤਕ ਵਿੱਚ ਸਿੱਖ ਧਰਮ ਦੀ ਸਥਾਪਨਾ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ, ਪੰਜਾਂ ਤਖ਼ਤਾਂ, ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈ। ਸ਼ੋਸ਼ਲ ਮੀਡੀਆ ਕਰਕੇ ਅੱਜ ਕਲ੍ਹ ਲੋਕ ਬਹੁਤੀਆਂ ਲੰਬੀਆਂ ਚੌੜੀਆਂ ਪੁਸਤਕਾਂ ਪੜ੍ਹਨ ਵਿੱਚ ਦਿਲਚਸਪੀ ਨਹੀਂ ਰੱਖਦੇ, ਇਸ ਲਈ ਨਰਪਾਲ ਸਿੰਘ ਸ਼ੇਰਗਿੱਲ ਨੇ ‘ਸਿੱਖ ਸੰਸਾਰ-2024’ ਵਿੱਚ ਸੰਖੇਪ ਪ੍ਰੰਤੂ ਬਹੁਤ ਹੀ ਸਾਰਥਿਕ ਜਾਣਕਾਰੀ ਮੁਹੱਈਆ ਕਰਵਾਈ ਹੈ ਤਾਂ ਜੋ ਸੰਸਾਰ ਦੇ ਲੋਕ ਸਿੱਖ ਧਰਮ ਦੀਆਂ ਹੋਰ ਧਰਮਾਂ ਨਾਲੋਂ ਵਿਲੱਖਣਤਾਵਾਂ ਬਾਰੇ ਜਾਣੂੰ ਹੋ ਸਕਣ। ‘‘ਇੰਟਰਨੈਸ਼ਨਲ ਡਾਇਰੈਕਟਰੀ ਆਫ਼ ਗੁਰਦੁਆਰਜ਼ ਐਂਡ ਸਿੱਖ ਆਰਗਨਾਈਜੇਸ਼ਨਜ਼ 2024’’ ਪੁਸਤਕ ਦੇ ਦਿਲਕਸ਼ ਮੁੱਖ ਕਵਰ ਉਪਰ ਸ੍ਰੀ ਹਰਿਮੰਦਰ ਸਾਹਿਬ ਦੀ ਰੰਗਦਾਰ ਤਸਵੀਰ ਪ੍ਰਕਾਸ਼ਤ ਕੀਤੀ ਗਈ ਹੈ। ਪੁਸਤਕ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਦੀ ਕੋਈ ਭੂਮਿਕਾ ਨਹੀਂ ਲਿਖੀ ਗਈ ਸਗੋਂ ਸਿੱਧਾ ਹੀ ਪੁਸਤਕ ਦੇ ਪਹਿਲੇ ਪੰਨੇ ‘ਤੇ ਦਸ ਗੁਰੂ ਸਾਹਿਬਾਨ ਦੀਆਂ ਰੰਗਦਾਰ ਤਸਵੀਰਾਂ ਅਤੇ ਨਾਲ ਹੀ ਸਿੱਖ ਧਰਮ ਦੇ ਸ਼ੁਰੂ ਹੋਣ ਦਾ ਸਮਾਂ ਅਤੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਹੈ। ਉਸ ਤੋਂ ਬਾਅਦ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਕੇ ਦਸ ਗੁਰੂ ਸਾਹਿਬਾਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਦੇ ਕੇ ਉਸ ਨੂੰ ਗੁਰੂ ਦੇ ਤੌਰ ‘ਤੇ ਮੰਨਣ ਲਈ ਕਿਹਾ ਗਿਆ ਹੈ। ਅਗਲੇ ਭਾਗ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਰੰਗਦਾਰ ਤਸਵੀਰ ਦੇ ਨਾਲ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਦੋਂ ਉਸਾਰਿਆ ਗਿਆ ਅਤੇ ਇਸ ਦੀ ਉਸਾਰੀ ਵਿੱਚ ਕਿਸਦਾ ਕੀ ਯੋਗਦਾਨ ਸੀ? ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤਸਾਜ਼ੀ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ ਹੈ। ਇਸ ਤੋਂ ਬਾਅਦ ਸਿੱਖ ਧਰਮ ਦੇ ਪੰਜਾਂ ਤਖ਼ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਰੰਗਦਾਰ ਤਸਵੀਰ, ਇਸ ਦੀ ਸਥਾਪਨਾ ਦਾ ਮੰਤਵ ਅਤੇ ਭਗਤੀ ਤੇ ਸ਼ਕਤੀ ਦੇ ਸਿੰਬਲ ਦੇ ਤੌਰ ‘ਤੇ ਦਰਸਾਇਆ ਗਿਆ ਹੈ, ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ ਬਠਿੰਡਾ), ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਆਨੰਦਪੁਰ ਸਾਹਿਬ), ਤਖ਼ਤ ਸ੍ਰੀ ਹਰਿਮੰਦਰ ਹੀ (ਸ੍ਰੀ ਪਟਨਾ ਸਾਹਿਬ) ਅਤੇ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਪੁਸਤਕ ਅੰਗਰੇਜ਼ੀ ਵਿੱਚ ਇਸ ਕਰਕੇ ਪ੍ਰਕਾਸ਼ਤ ਕਰਵਾਈ ਹੈ ਤਾਂ ਸੰਾਸਰ ਵਿੱਚ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਪੁਸਤਕ ਦਾ ਨਾਮ ਅੰਗਰੇਜ਼ੀ ਵਿੱਚ ‘ਇੰਟਰਨੈਸ਼ਨਲ ਡਾਇਰੈਕਟਰੀ ਆਫ਼ ਗੁਰਦਵਾਰਾਜ ਐਂਡ ਸਿੱਖ ਆਰਗੇਨਾਈਜੇਸ਼ਨਜ਼ 2024 ਰੱਖਿਆ ਗਿਆ ਹੈ। ਇਸ ਪੁਸਤਕ ਨੂੰ ਨਰਪਾਲ ਸਿੰਘ ਸ਼ੇਰਗਿੱਲ ‘ਸਿੱਖ ਸੰਸਾਰ-2024’ ਇਸ ਲਈ ਕਹਿੰਦਾ ਹੈ ਕਿਉਂਕਿ ਇਸ ਪੁਸਤਕ ਵਿੱਚ ਸਿੱਖ ਧਰੋਹਰਾਂ ਅਤੇ ਸੰਸਾਰ ਦੇ ਮਹੱਤਵਪੂਰਨ ਗੁਰੂ ਘਰਾਂ ਦੀ ਜਾਣਕਾਰੀ ਦਿੱਤੀ ਗਈ ਹੈ। ਸੰਸਾਰ ਦੇ 43 ਦੇਸ਼ਾਂ ਅਤੇ ਭਾਰਤ ਦੇ 2238 ਮਹੱਤਵ ਪੂਰਨ ਗੁਰਦੁਆਰਾ ਸਾਹਿਬਾਨ ਦੇ ਅਲਫਾਬੈਟਿਕਲੀ ਨਾਮ, ਪਤੇ, ਟੈਲੀਫ਼ੋਨ ਅਤੇ ਈ.ਮੇਲ ਐਡਰੈਸ ਦਿੱਤੇ ਗਏ ਹਨ। ਇਨ੍ਹਾਂ ਵਿੱਚ 580 ਗੁਰਦੁਆਰਾ ਸਾਹਿਬ ਸੰਸਾਰ ਦੇ 43 ਦੇਸ਼ਾਂ, ਭਾਰਤ ਦੇ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ 1378 ਗੁਰੂ ਘਰ ਸਥਾਪਤ ਹਨ। ਪੰਜਾਬ ਤੇ ਚੰਡੀਗੜ੍ਹ ਦੇ 290 ਗੁਰੂ ਘਰਾਂ ਦੇ ਬਾਰੇ ਵੀ ਦੱਸਿਆ ਗਿਆ ਹੈ। ਪੰਜਾਬ ਦੇ ਬਾਕੀ ਗੁਰੂ ਘਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਨਰਪਾਲ ਸਿੰਘ ਸ਼ੇਰਗਿੱਲ ਨੇ ‘ਸਿੱਖ ਸੰਸਾਰ-2024’ ਇੱਕ ਅਜਿਹਾ ਦਸਤਾਵੇਜ ਬਣਾ ਦਿੱਤਾ ਹੈ, ਜਿਸ ਤੋਂ ਸੰਸਾਰ ਦੇ ਗੁਰੂ ਘਰਾਂ ਦੀ ਸੰਪੂਰਨ ਜਾਣਕਾਰੀ ਉਪਲਭਧ ਹੋਵੇਗੀ। ਵਾਹਿਗੁਰੂ ਉਸ ਨੂੰ ਲੰਬੀ ਤੇ ਸਿਹਤਮੰਦ ਉਮਰ ਬਖ਼ਸ਼ੇ ਤਾਂ ਜੋ ਉਹ ਸਿੱਖ ਵਿਚਾਰਧਾਰਾ ਨੂੰ ਸਮੁੱਚੇ ਸੰਸਾਰ ਵਿੱਚ ਪਹੁੰਚਾਉਣ ਦੇ ਕਾਰਜ ਵਿੱਚ ਸਫਲਤਾ ਪ੍ਰਾਪਤ ਕਰ ਸਕੇ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ