ਚਿੱਠੀ ਲਿਖਣ ਲੱਗੀ ਨੂੰ ਪੈੱਨ ਪੁੱਛਦਾ,
ਚਿੱਠੀ ਕਿਹੜੇ ਸੱਜਣ ਨੂੰ ਪਾਉਣ ਲੱਗੀ
ਕੀ ਉਹ ਵੀ ਹੈ ਤੈਨੂੰ ਯਾਦ ਕਰਦਾ?
ਜਾਂ ਤੂੰ ਆਪਣਾ ਹੀ ਵਕਤ ਗੁਆਉਣ ਲੱਗੀ…?
ਪੈੱਨ ਪੁੱਛ ਕੇ ਗੱਲ ਨੂੰ ਪਰ੍ਹੇ ਹੋਇਆ,
ਫ਼ੇਰ ਵਰਕੇ ਆਣ ਸੁਆਲ ਕੀਤਾ
ਕੀ ਤੇਰੇ ਪਿੱਛੇ ਵੀ ‘ਉਹ’ ਹੋਇਆ ਝੱਲਾ,
ਜਾਂ ਤੂੰ ਆਪਣਾ ਹੀ ਬੁਰਾ ਹਾਲ ਕੀਤਾ…?
ਫ਼ੇਰ ਸਿਆਹੀ ਵੀ ਮੇਰੇ ਨਾਲ ਆਣ ਬੋਲੀ,
ਮੇਰੇ ਨੇੜੇ ਹੋ ਕੇ ਉਹ ਬਹਿ ਗਈ ਏ
ਜੇਕਰ ਤੈਨੂੰ ‘ਬੇਵਫ਼ਾ’ ਨਹੀਂ ਯਾਦ ਕਰਦਾ,
ਤੂੰ ਉਹਦੇ ਹੀ ਜੋਗੀ ਕਿਉਂ ਰਹਿ ਗਈ ਏਂ…?
ਯਾਦਾਂ ਯਾਰ ਦੀਆਂ ਸੀਨੇਂ ਦੇ ਵਿਚ ਰੱਖੇਂ,
ਲਿਖੇਂ ਮੁਬਾਰਕਾਂ ਕਿਉਂ ਹਰ ਸਾਲ ਉਹਨੂੰ?
ਸੱਚੇ ਪਿਆਰ ਵਿਚ ਵੱਸਦਾ ਰੱਬ ਭਲੀਏ,
ਏਨੀ ਗੱਲ ਦਾ ਨਹੀਂ ਖਿ਼ਆਲ ਉਹਨੂੰ…?
‘ਧਾਲੀਵਾਲ’ ਨਹੀਂ ਤੈਨੂੰ ਜੇ ਯਾਦ ਕਰਦਾ,
ਤੂੰ ਕਿਉਂ ਦੁਹਾਈਆਂ ਪਾਉਣ ਲੱਗੀ?
‘ਸੈਦੋ’ ਪਿੰਡ ‘ਚ ਮਾਣਦਾ ਉਹ ਰੰਗਰਲ਼ੀਆਂ,
ਤੂੰ ਕਿਉਂ ਆਪਣਾ ਦਿਲ ਦੁਖਾਉਣ ਲੱਗੀ…?
ਕਾਹਨੂੰ ਆਪਣਾ ਆਪ ਖਪਾਉਣ ਲੱਗੀ…?
ਉਹਦੇ ਪਿਆਰ ‘ਚ ਹੋਸ਼ ਗਵਾਉਣ ਲੱਗੀ…?