ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬਰਤਾਨੀਆ ਪਾਰਲੀਮੈਂਟ ਦੇ ਸਲੋਹ ਹਲਕੇ ਤੋਂ ਲੇਬਰ ਪਾਰਟੀ ਦੇ ਇਕਲੌਤੇ ਸਿੱਖ ਐਮ ਪੀ ਤਨਮਨਜੀਤ ਸਿੰਘ ਢੇਸੀ ਨੂੰ ਮੁੜ ਤੋਂ ਪਾਰਲੀਮੈਂਟ ਦੀਆਂ ਪੌੜੀਆਂ ਚੜਨ ਲਈ ਭਾਰੀ ਮੁਸ਼ਕਲਾਂ ਵਿੱਚ ਲੰਘਣਾ ਪੈ ਰਿਹਾ ਹੈ ਜਿਸ ਦੇ ਚੱਲਦਿਆਂ ਤਨ ਢੇਸੀ ਨੇ ਪਾਰਟੀ ਵਿਰੋਧੀਆਂ ਨੂੰ ਨਕਾਰਨ ਲਈ ਵੱਡਾ ਸ਼ਕਤੀ ਪ੍ਰਦਰਸਨ ਕਰਕੇ ਹਲਕੇ ਵਿੱਚ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ।
ਸਥਾਨਕ ਲੇਬਰ ਪਾਰਟੀ ਦੇ 7 ਸੀਨੀਅਰ ਮੋਜੂਦਾ ਕੌਂਸਲਰਾਂ ਵੱਲੋਂ ਗਾਂਜਾ, ਫਲਸਤੀਨ ਵਿੱਚ ਇਜਰਾਇਲ ਵੱਲੋ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਤੇ ਨਸਲਕੁਸ਼ੀ ਹੋਣ ਕਾਰਨ ਐਮਪੀ ਦੀ ਚੁੱਪ ਤੋਂ ਨਰਾਜ਼ ਹੋ ਕੇ ਪਾਰਟੀ ਦੀਆਂ ਨੀਤੀਆਂ ਖਿਲਾਫ ਬਗਾਵਤ ਦਾ ਝੰਡਾ ਚੁੱਕ ਵੱਖਰੇ ਹੋ ਗਏ ਹਨ।
ਬੀਤੇ ਦਿਨੀਂ ਸਲੋਹ ਦੇ ਵੇਕਸਹੈਮ ਰੋਡ, ਸਥਿਤ ਵੱਡੇ ਹਾਲ ਵਿੱਚ ਲੇਬਰ ਪਾਰਟੀ ਦੇ ਸਮਾਗਮ ਵਿੱਚ ਤਨ ਢੇਸੀ ਦੀ ਜਿੱਤ ਯਕੀਨੀ ਬਣਾਉਣ ਲਈ ਲੇਬਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਲੰਡਨ ਦੇ ਮੇਅਰ ਸਦੀਕ ਖਾਨ, ਐਮ ਪੀ ਸੀਮਾ ਮਲਹੋਤਰਾ, ਐਮ ਪੀ ਜੌਨ ਮੈਕਡੋਨਲ, ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਗੁਰਦਵਾਰਿਆਂ, ਪੰਥਕ ਜਥੇਬੰਦੀਆਂ ਦੇ ਆਗੂਆਂ, ਸਾਬਕਾ ਕੌਂਸਲਰਾਂ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਵੋਟਰਾਂ ਨੇ ਢੇਸੀ ਦੇ ਹੱਕ ਵਿੱਚ ਸ਼ਮੂਲੀਅਤ ਕਰਕੇ ਹਮਾਇਤ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਤਨ ਢੇਸੀ ਨੇ ਕਿਹਾ ਕਿ 14 ਸਾਲਾਂ ਤੋਂ ਕੰਜਰਵੇਟਿਵ ਪਾਰਟੀ ਨੇ ਦੇਸ਼ ਦਾ ਵੱਡਾ ਨੁਕਸਾਨ ਕੀਤਾ ਹੈ ਬਰਤਾਨੀਆ ਦੇ ਵੋਟਰ ਦੇਸ਼ ਵਿੱਚ ਬਦਲਾਅ ਲਿਆਉਣ ਨੂੰ ਕਾਹਲ਼ੇ ਹਨ ਤੇ ਬਰਤਾਨੀਆ ਵਿੱਚ ਲੇਬਰ ਸਰਕਾਰ ਬਣੇਗੀ। ਇੱਕ ਭੇਂਟ ਵਾਰਤਾ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਆਪਣੇ ਵੋਟਰਾਂ ਦੀ ਪਾਰਲੀਮੈਂਟ ਵਿੱਚ ਅਵਾਜ਼ ਬੁਲੰਦ ਕੀਤੀ ਹੈ। ਇਸ ਮੌਕੇ ਲੰਡਨ ਬਾਰੋ ਦੇ ਮੇਅਰ ਸਦੀਕ ਖਾਨ ਵੱਲੋਂ ਢੇਸੀ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਐਲਾਨ ਕਰ ਸਮੀਕਰਨ ਬਦਲ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਇੰਗਲੈਂਡ ਵਿੱਚ ਜਨਰਲ ਚੋਣਾਂ 4 ਜੁਲਾਈ ਨੂੰ ਹੋਣ ਜਾ ਰਹੀਆਂ ਹਨ ਜਿਸ ਵਿੱਚ ਰਿਸ਼ੀ ਸੁਨਕ ਸਰਕਾਰ ਨੂੰ ਸੀਟਾਂ ਦੀ ਵੱਡੀ ਖੜੋਤ ਆਉਣ ਦੀ ਉਮੀਦ ਹੈ।