ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸੰਨ 1984 ਵਿਚ ਹੋਦ ਚਿਲੜ ਵਿਖੇ ਕਤਲੇਆਮ ਦਾ ਸ਼ਿਕਾਰ ਹੋਏ 32 ਨਿਰਦੋਸ਼ ਸਿੱਖਾਂ ਅਤੇ ਹੋਰਨਾਂ ਹਜਾਰਾਂ ਸਿੱਖਾਂ ਦੇ ਕਤਲੇਆਮ ਲਈ ਜਿੰਮੇਵਾਰ ਸੱਜਣ ਕੁਮਾਰ ਅਤੇ ਟਾਇਟਲਰ ਸਮੇਤ ਸਮੂਹ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਬੰਦ ਕਰਵਾ ਕੇ ਮਿਸਾਲੀ ਸਜਾਵਾਂ ਦਿਵਾਉਣ ਤੱਕ ਆਪਣੀ ਪਾਰਟੀ ਦੇ ਹਰ ਜਮਹੂਰੀ ਅਤੇ ਨਿਆਇਕ ਮੰਚ ਤੇ ਨਿਰੰਤਰ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਦੁਹਰਾਇਆ ਹੈ। ਇਸ ਦੌਰਾਨ ਅਕਾਲੀ ਦਲ ਨੇ ਅੱਜ ਹਰਿਆਣਾ ਦੇ ਰਿਵਾੜੀ ਜਿਲ੍ਹੇ ਦੇ ਪਿੰਡ ਚਿਲੜ ਹੋਂਦ ਵਿਖੇ ਨਵੰਬਰ 1984 ਵਿੱਚ ਸਮੂਹ ਸਿੱਖ ਪਰਿਵਾਰਾਂ ਨੂੰ ਖਤਮ ਕਰਨ ਦੀ ਯੋਜਨਾਬੱਧ ਸ਼ਾਜਿਸ਼ ਅਤੇ ਫਿਰ ਉਕਤ ਮਾਮਲੇ ਨੂੰ 26 ਸਾਲ ਤਕ ਕਾਂਗਰਸ ਸਰਕਾਰ ਵਲੋਂ ਦੱਬ ਕੇ ਰੱਖੇ ਜਾਣ ਦੀ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋ ਨਿਅ ਇਕ ਜਾਂਚ ਦੀ ਬੇਨਤੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕੀਤੀ ਹੈ।
ਇਸ ਤੋਂ ਪਹਿਲਾਂ ਸ੍ਰੀ ਬਾਦਲ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਇਸ ਵਿਸ਼ੇਸ਼ ਅਰਦਾਸ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਅਤੇ ਉਨ੍ਹਾਂ 45 ਮਿੰਟ ਤਕ ਗੁਰੂ ਜਸ ਗਾਇਣ ਸਰਵਨ ਕੀਤਾ। ਇਸ ਮੌਕੇ ਗਿਆਨੀ ਦਵਿੰਦਰ ਸਿੰਘ ਨੇ ਹੋਂਦ ਚਿਲੜ ਦੇ ਸ਼ਹੀਦਾਂ ਨਮਿਤ ਅਰਦਾਸ ਕੀਤੀ।