ਇਸਲਾਮਾਬਾਦ – ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸ਼ਾਹਬਾਜ਼ ਭੱਟੀ ਦੀ ਹੱਤਿਆ ਤੋਂ ਬਾਅਦ ਅਯੋਜਿਤ ਸ਼ੋਕਸੱਭਾ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇੱਥੇ ਭੱਟੀ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ। ਈਸਾਈ ਕਮਿਊਨਟੀ ਦੇ ਲੋਕਾਂ ਨੇ ਭੱਟੀ ਦੀ ਹੱਤਿਆ ਦੇ ਖਿਲਾਫ਼ ਵਿਰੋਧ ਪਰਦਰਸ਼ਨ ਕੀਤਾ ਅਤੇ ਹੱਤਿਆਰਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਈਸ਼ਨਿੰਦਾ ਕਨੂੰਨ ਦਾ ਵਿਰੋਧ ਕਰਨ ਕਰਕੇ ਤਾਲਿਬਾਨ ਅੱਤਵਾਦੀਆਂ ਨੇ ਸ਼ਾਹਬਾਜ਼ ਭੱਟੀ ਦੀ ਬੁਧਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭੱਟੀ ਗਿਲਾਨੀ ਮੰਤਰੀਮੰਡਲ ਵਿੱਚ ਇੱਕੋਇੱਕ ਈਸਾਈ ਮੰਤਰੀ ਸਨ। ਸੱਖਤ ਸੁਰੱਖਿਆ ਪ੍ਰਬੰਧਾਂ ਦੇ ਚਲਦੇ ਗਿਲਾਨੀ ਫਾਤਿਮਾ ਚਰਚ ਵਿੱਚ ਮੌਨ ਖੜੇ ਰਹੇ ਅਤੇ ਭੱਟੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾਂ ਕੀਤੀ। ਇਸ ਸ਼ਰਧਾਂਜਲੀ ਸੱਭਾ ਵਿੱਚ ਕਈ ਸੰਘੀ ਮੰਤਰੀ, ਸਾਂਸਦ, ਵਿਦੇਸ਼ੀ ਰਾਜਨਾਇਕ, ਅਮਰੀਕੀ ਰਾਜਦੂਤ ਅਤੇ ਬ੍ਰਿਟਿਸ਼ ਉਚ ਅਧਿਕਾਰੀ ਸਮੇਤ ਘੱਟ ਗਿਣਤੀ ਈਸਾਈ ਕਮਿਊਨਟੀ ਦੇ ਮੈਂਬਰ ਸ਼ਾਮਿਲ ਸਨ।
ਚਰਚ ਦੇ ਬਾਹਰ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਈਸਾਈਆਂ ਨੇ ਭੱਟੀ ਦੀ ਹੱਤਿਆ ਦੀ ਜੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਈਸਾਈ ਕਮਿਊਨਟੀ ਨੂੰ ਸ਼ਾਂਤੀਪੂਰਣ ਢੰਗ ਨਾਲ ਰੋਸ ਪਰਦਰਸ਼ਨ ਕਰਨ ਲਈ ਕਿਹਾ ਗਿਆ। ਉਨ੍ਹਾਂ ਨੇ ਸਰਕਾਰ ਤੋਂ ਹੱਤਿਆ ਦੇ ਮਾਮਲੇ ਦੀ ਜਲਦ ਜਾਂਚ ਕਰਨ ਅਤੇ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਇੱਥੇ ਇਹ ਵਰਨਣਯੋਗ ਹੈ ਕਿ ਭੱਟੀ ਦੀ ਬੁੱਧਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।