ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਨਹਿਰੀ ਪਾਣੀਆਂ ਦੇ ਮਸਲੇ ’ਤੇ ਪਟਵਾਰੀਆਂ ਤੋਂ ਧੱਕੇਸਾਹੀ ਨਾਲ ਗਲਤ ਤੱਥ ਪੇਸ਼ ਕਰਵਾਉਣ ’ਚ ਨਾਕਾਮਯਾਬ ਭਗਵੰਤ ਮਾਨ ਦੇ ਝੂਠਾਂ ਦਾ ਘੜਾ ਲੋਕਾਂ ਦੀ ਸੱਥ ਵਿਚ ਭੰਨਿਆ ਗਿਆ ਹੈ। ਹੁਣ ਸਮਾਂ ਹੈ ਕਿ ਮਾਨ ਸਰਕਾਰ ਪੰਜਾਬ ਵਿਚ ਨਹਿਰੀ ਪਾਣੀ ਦੀ ਜਰੂਰਤ ਤੇ ਭਵਿੱਖ ਬਾਰੇ ਆਪਣਾ ਪੱਖ ਜਨਤਾ ਦੀ ਕਚਹਿਰੀ ਵਿਚ ਪੇਸ਼ ਕਰੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਜਥੇਬੰਦੀ ਵੱਲੋਂ ਉਹਨਾਂ ਦੇ ਜਿਲ੍ਹਾ ਬਠਿੰਡਾ ਪ੍ਰਧਾਨ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਵਲੋਂ ਜਾਰੀ ਪ੍ਰੈਸ ਨੋਟ ਵਿਚ ਕੀਤਾ ਗਿਆ।
ਦਲ ਖ਼ਾਲਸਾ ਦੀ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਮਾਨਸਾ ਪ੍ਰਧਾਨ ਭਾਈ ਰਾਜਵਿੰਦਰ ਸਿੰਘ ਟਿੱਬੀ, ਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਭਗਵਾਨ ਸਿੰਘ ਸੰਧੂ ਖੁਰਦ ਨੇ ਕਿਹਾ ਕਿ ਅਜੋਕੇ ਵੇਲੇ ਵੀ ਪੰਜਾਬ ਦੇ ਤਿੰਨੇ ਖਿੱਤਿਆਂ ਮਾਲਵਾ, ਮਾਝਾ ਤੇ ਦੁਆਬਾ ਵਿਚ ਨਹਿਰੀ ਪਾਣੀ ਦੀ ਵੱਡੀ ਕਮੀ ਹੈ, ਇਹ ਜਮੀਨ ਵਿਚ ਲਾਉਣ ਵਾਲੇ, ਪੀਣ ਵਾਲੇ ਤੇ ਹੋਰ ਕੰਮਾਂ ਲਈ ਵਰਤਣ ਵਾਲੇ ਪਾਣੀ ਦੀ ਲਗਾਤਾਰ ਕਮੀ ਹੋ ਰਹੀ ਹੈ। ਉਹਨਾਂ ਕਿਹਾ ਕਿ ਫ਼ਸਲਾਂ ਤੇ ਰਹਿਣ ਸਹਿਣ ਦੇ ਢੰਗ ਤਰੀਕੇ ਬਦਲਣ ਨਾਲ ਪਾਣੀ ਦੀ ਜਰੂਰਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਇਸ ਦੇ ਉਲਟ ਪੰਜਾਬ ਵਿਚ ਨਹਿਰੀ ਪਾਣੀ ਤੋਂ ਵਗੈਰ ਵਾਹੁਣ ਬੰਜਰ ਹੋ ਰਹੇ ਨੇ। ਉਹਨਾਂ ਕਿਹਾ ਕਿ ਪੰਜਾਬ ਦੀ ਖੁਸਹਾਲੀ ਤੇ ਪੰਜਾਬ ਦੇ ਪਾਣੀਆਂ ’ਤੇ ਦੁਸ਼ਮਣਾਂ ਦੀ ਅੱਖ ਹੈ, ਜੋ ਇਹ ਕੀਮਤੀ ਖ਼ਜਾਨਾ ਲੁੱਟਣਾ ਚਾਹੁੰਦੇ ਹਨ ਤੇ ਪੰਜਾਬ ਅਤੇ ਸਿੱਖ ਦੀ ਬਦਕਿਸਮਤੀ ਹੈ ਕਿ ਪੰਜਾਬ ਦਾ ਰਾਜ ਕਰਤਾ ਵਰਗ ਚਾਹੇ ਉਹ ਬਾਦਲ ਦਲ, ਕਾਂਗਰਸ, ਬਦਲਾਵ ਦੇ ਨਾਂ ’ਤੇ ਆਪ ਆਦਿ ਸਭ ਧਰੋਹ ਕਮਾ ਰਹੇ ਹਨ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਪੰਜਾਬ ਨਾਲ ਅਜਿਹਾ ਧੱਕਾ ਕਰਨ ਵਾਲੇ ਚੁਰਾਸੀਂ ਤੋਂ ਚੁਰਾਨਵੇਂ ਦਾ ਦੌਰ ਯਾਦ ਕਰਨ।