ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਖਡੂਰ ਸਾਹਿਬ, ਪੰਜਾਬ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਸੀਆਈਏਸਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਬਿਆਨ ਜਾਰੀ ਕੀਤਾ ਹੈ, ਜਿਸ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਚੁਣੀ ਗਈ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਥੱਪੜ ਮਾਰਿਆ ਸੀ। ਅੰਮ੍ਰਿਤਪਾਲ ਸਿੰਘ ਨੇ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਹੈ ਅਤੇ ਕੰਗਣਾ ਨੂੰ ਥੱਪੜ ਮਾਰਨ ਲਈ ਉਸ ਨੂੰ ਬਹਾਦਰ ਦੱਸਿਆ ਹੈ। ਅੰਮ੍ਰਿਤਪਾਲ ਸਿੰਘ ਨੇ ਐਕਸ ‘ਤੇ ਇਕ ਪੋਸਟ ਪਾਈ ਹੈ, ਜਿਸ ‘ਚ ਉਨ੍ਹਾਂ ਨੇ ਲੇਡੀ ਕਾਂਸਟੇਬਲ ਕੁਲਵਿੰਦਰ ਕੌਰ ਦੀ ਤਾਰੀਫ ਕੀਤੀ ਹੈ।
ਜ਼ਿਕਰਯੋਗ ਹੈ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੇ 3 ਦਿਨ ਪਹਿਲਾਂ ਹੀ ਦਿੱਲੀ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ। ਇਸ ਦੇ ਨਾਲ ਹੀ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਸੀਆਈਐਸਐਫ ਨੇ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਖ਼ਿਲਾਫ਼ ਜਾਂਚ ਜਾਰੀ ਹੈ। ਹਾਲ ਹੀ ਵਿੱਚ ਕੁਲਵਿੰਦਰ ਕੌਰ ਦੀ ਚੰਡੀਗੜ੍ਹ ਤੋਂ ਬੰਗਲੌਰ ਬਦਲੀ ਹੋਈ ਹੈ।
ਅੰਮ੍ਰਿਤਪਾਲ ਨੇ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਅਸੀਂ ਆਪਣੀ ਭੈਣ ਕੁਲਵਿੰਦਰ ਕੌਰ ਨਾਲ ਇਕਮੁੱਠ ਹਾਂ। ਕੁਲਵਿੰਦਰ ਦੀ ਹਿੰਮਤ ਪੰਜਾਬ ਦੀਆਂ ਧੀਆਂ ਦੀ ਤਾਕਤ ਦੀ ਮਿਸਾਲ ਹੈ। ਕੰਗਨਾ ਰਣੌਤ ਨੇ ਸਿੱਖ ਕੌਮ, ਸਾਡੇ ਕਿਸਾਨਾਂ ਅਤੇ ਪੰਜਾਬ ਦੀਆਂ ਮਾਵਾਂ ਨੂੰ ਵਾਰ-ਵਾਰ ਤੰਗ-ਪ੍ਰੇਸ਼ਾਨ ਕੀਤਾ ਹੈ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਕੁਲਵਿੰਦਰ ਕੌਰ ਨੇ ਸਾਡੇ ਭਾਈਚਾਰੇ ਪ੍ਰਤੀ ਦਿਖਾਏ ਗਏ ਨਿਰਾਦਰ ਦਾ ਸਨਮਾਨ ਅਤੇ ਲਚਕੀਲੇਪਣ ਨਾਲ ਜਵਾਬ ਦਿੱਤਾ ਹੈ।