ਚੰਡੀਗੜ੍ਹ:- “ਅੱਜ ਦੇ ਅਖਬਾਰਾਂ ਵਿੱਚ ਗਵਰਨਰ ਪੰਜਾਬ ਸ਼੍ਰੀ ਸਿਵਰਾਜ ਪਾਟਿਲ ਵੱਲੋ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਕਰਦੇ ਹੋਏ ਜੋ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀਆਂ ਦੀ ਹਿਫਾਜਿਤ ਕਰਨ ਦੀ ਗੱਲ ਕਹੀ ਗਈ ਹੈ ਅਤੇ ਦੂਸਰੇ ਪਾਸੇ ਪੰਜਾਬ ਦੀ ਬਾਦਲ ਭਾਜਪਾ ਹਕੂਮਤ ਵੱਲੋ ਕੁਝ ਸਮਾਂ ਪਹਿਲੇ ਪੰਜਾਬ ਦੇ ਰੋਪੜ ਜਿਲ੍ਹੇ ਦੇ ਪਿੰਡ ਕਜੌਲੀ ਤੋਂ ਭਾਖੜਾ ਨਹਿਰ ਵਿੱਚੋ ਚੰਡੀਗੜ੍ਹ ਲਈ ਦੋ ਹੋਰ ਪਾਈਪ ਲਾਈਨਾਂ ਕੱਢ ਕੇ ਪੰਜਾਬ ਦੇ 4 ਕਰੋੜ ਗੈਲਨ ਪਾਣੀ ਨੂੰ ਦੇਣ ਦੀ ਗੱਲ ਕੀਤੀ ਗਈ ਸੀ, ਇਨ੍ਹਾ ਵਿੱਚੋ ਗਵਰਨਰ ਪੰਜਾਬ ਸਹੀ ਹਨ ਜਾਂ ਪੰਜਾਬ ਦੀ ਬਾਦਲ ਭਾਜਪਾ ਹਕੂਮਤ। ਇਸ ਸੱਚਾਈ ਤੋਂ ਪੰਜਾਬ ਨਿਵਾਸੀਆਂ ਨੂੰ ਸ਼੍ਰੀ ਸਿਵਰਾਜ ਪਾਟਿਲ ਗਵਰਨਰ ਪੰਜਾਬ ਜਨਤਕ ਤੌਰ ‘ਤੇ ਜਾਣੂ ਕਰਾਉਣ ਦੀ ਜਿਮੇਵਾਰੀ ਨਿਭਾਉਣ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਸਿਵਰਾਜ ਪਾਟਿਲ ਗਵਰਨਰ ਪੰਜਾਬ ਵੱਲੋ ਬੀਤੇ ਦਿਨੀ ਪੰਜਾਬ ਦੇ ਬਜਟ ਸ਼ੈਸਨ ਦੀ ਤਕਰੀਰ ਸਮੇ ਦਿੱਤੇ ਗਏ ਵਿਚਾਰਾਂ ਉੱਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ 4 ਪਾਈਪ ਲਾਈਨਾਂ ਰਾਹੀਂ ਪਹਿਲੋ ਹੀ ਭਾਖੜਾ ਨਹਿਰ ਵਿੱਚੋ 8 ਕਰੋੜ ਗੈਲਨ ਪਾਣੀ ਗੈਰ ਕਾਨੂੰਨੀ ਤਰੀਕੇ ਚੰਡੀਗੜ੍ਹ ਨੂੰ ਭੇਜਿਆ ਜਾ ਰਿਹਾ ਹੈ। ਪੰਜਾਬ ਦੀ ਬਾਦਲ ਹਕੂਮਤ ਵੱਲੋ ਦੋ ਪਾਈਪ ਲਾਈਨਾਂ ਹੋਰ ਪਾਉਣ ਦੀ ਜੇਕਰ ਇਹ ਸ਼ਾਜਿਸ ਕਾਮਯਾਬ ਹੋ ਗਈ ਤਾਂ ਰੋਜ਼ਾਨਾ ਹੀ 12 ਕਰੋੜ ਗੈਲਨ ਪਾਣੀ ਪੰਜਾਬ ਦਾ ਲੁੱਟਿਆ ਜਾਇਆ ਕਰੇਗਾ। ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਵੇਲੇ ਵੀ ਦੋ ਪਾਈਪ ਲਾਈਨਾਂ ਕੱਢ ਕੇ 4 ਕਰੋੜ ਗੈਲਨ ਪਾਣੀ ਪੰਜਾਬ ਦਾ ਚੰਡੀਗੜ੍ਹ ਨੂੰ ਦਿੱਤਾ ਜਾਣ ਵਾਲਾ ਸੀ ਤਾਂ ਉਸ ਸਮੇ ਵੀ ਮੈ ਇਸ ਸਬੰਧੀ ਬਾਦਲੀਲ ਰੋਸ ਪੱਤਰ ਲਿਖਦੇ ਹੋਏ ਪੰਜਾਬ ਦੇ ਕੀਮਤੀ ਪਾਣੀਆਂ ਦੀ ਰਾਖੀ ਕਰਨ ਦੀ ਗੱਲ ਕੀਤੀ ਸੀ। ਦੂਸਰਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਟਰ ਟਰਮੀਨੇਸ਼ਨ ਐਕਟ 2004 ਦੀ ਧਾਰਾ 5 ਨੂੰ ਜਿਉ ਦਾ ਤਿਉ ਕਾਇਮ ਰੱਖ ਕੇ ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ ਨੂੰ ਜਾਰੀ ਰੱਖਣ ਵਿੱਚ ਹੀ ਮਦਦ ਕੀਤੀ। ਜਦੋ ਕਿ ਇਹ ਧਾਰਾ ਵੀ ਉਸ ਸਮੇ ਹੀ ਰੱਦ ਹੋਣੀ ਚਾਹੀਦੀ ਸੀ। ਸ: ਮਾਨ ਨੇ ਪੰਜਾਬ ਨਿਵਾਸੀਆਂ ਨਾਲ ਧੋਖਾ ਕਰਨ ਵਾਲੇ ਆਗੂਆਂ ਦੇ ਅਮਲਾਂ ਤੋ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੌਜੂਦਾ ਬਾਦਲ ਹਕੂਮਤ ਹੋਦ ਵਿੱਚ ਆਉਣ ਤੋ ਪਹਿਲੇ ਬਾਦਲ ਦਲ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਨਿਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ‘ਤੇ ਕੈਪਟਨ ਅਮਰਿੰਦਰ ਸਿੰਘ ਵੱਲੋ ਉਪਰੋਕਤ ਵਾਟਰ ਟਰਮੀਨੇਸ਼ਨ ਐਕਟ ਦੀ ਧਾਰਾ 5 ਨੂੰ ਪਹਿਲ ਦੇ ਆਧਾਰ ‘ਤੇ ਸਰਕਾਰ ਬਣਦੇ ਹੀ ਰੱਦ ਕਰਾਂਗੇ। ਅੱਜ ਬਾਦਲ ਹਕੂਮਤ ਦਾ ਸਮਾ ਬਿਲਕੁੱਲ ਆਖਰੀ ਸੁਆਸਾਂ ‘ਤੇ ਹੈ ਅਤੇ ਅਜੇ ਤੱਕ ਵੀ ਬਾਦਲ ਹਕੂਮਤ ਨੇ ਆਪਣੇ ਉਪਰੋਕਤ ਵਾਅਦੇ ਨੂੰ ਪੂਰਾ ਨਹੀਂ ਕੀਤਾ। ਜਿਸ ਤੋ ਸਪੱਸ਼ਟ ਹੋ ਜਾਂਦਾ ਹੈ ਕਿ ਭਾਵੇ ਮਰਹੂਮ ਬੇਅੰਤ ਸਿੰਘ ਦੀ ਕਾਂਗਰਸ ਹਕੂਮਤ ਹੋਵੇ, ਭਾਵੇ ਸ: ਪ੍ਰਕਾਸ ਸਿੰਘ ਬਾਦਲ ਦੀ, ਕੈਪਟਨ ਅਮਰਿੰਦਰ ਸਿੰਘ ਦੀ ਜਾਂ ਗਵਰਨਰ ਪੰਜਾਬ ਦਾ ਪ੍ਰਬੰਧ ਹੋਵੇ, ਇਹ ਸਭ ਸਿਆਸੀ ਜਮਾਤਾਂ ਅਤੇ ਇਨ੍ਹਾ ਦੇ ਆਗੂ ਪੰਜਾਬ ਦੇ ਕੀਮਤੀ ਪਾਣੀਆਂ ਅਤੇ ਹੋਰ ਕੁਦਰਤੀ ਸਾਧਨਾਂ ਨੂੰ ਗੈਰ ਕਾਨੂੰਨੀ ਤਰੀਕੇ ਲੁਟਾਏ ਜਾਣ ਦੀ ਸੋਚ ਦੀ ਹੀ ਪੈਰਵੀ ਕਰਦੇ ਆ ਰਹੇ ਹਨ। ਕੇਵਲ ਅਖਬਾਰੀ ਬਿਆਨਬਾਜ਼ੀ ਕਰਕੇ ਸਮੇ ਸਮੇ ਨਾਲ ਪੰਜਾਬ ਦੇ ਬਸਿਦਿਆਂ ਨੂੰ ਗੁੰਮਰਾਹ ਕਰਨ ਦੀ ਹੀ ਅਸਫਲ ਕੌਸਿ਼ਸਾਂ ਕਰਦੇ ਹਨ ਅਤੇ ਧੋਖਾ ਦਿੰਦੇ ਹਨ। ਜਦੋ ਕਿ ਪੰਜਾਬ ਦੇ ਜਿਮੀਦਾਰ ਨੂੰ ਆਪਣੀ ਫਸਲ ਦੀ ਸਿੰਚਾਈ ਲਈ ਲੋੜੀਦਾ ਪਾਣੀ ਅਤੇ ਬਿਜਲੀ ਨਹੀਂ ਮਿਲ ਰਹੀ। ਇਹ ਸਭ ਤਾਕਤਾਂ ਅਤੇ ਹੁਕਮਰਾਨ ਅਸਲੀਅਤ ਵਿੱਚ ਪੰਜਾਬ ਅਤੇ ਸਿੱਖ ਕੌਮ ਦੇ ਦੁਸ਼ਮਣ ਹਨ। ਕਦੀ ਇਹ ਲੋਕ ਨੀਲੀਆਂ ਦਸਤਾਰਾਂ ਵਿੱਚ ਅਤੇ ਕਦੀ ਚਿੱਟੀਆਂ ਦਸਤਾਰਾਂ ਵਿੱਚ ਪੰਜਾਬੀਆਂ ਨੂੰ ਤਬਾਹ ਕਰਨ ਅਤੇ ਉਨ੍ਹਾ ਉੱਤੇ ਜ਼ਬਰ ਜੁਲਮ ਕਰਨ ਲਈ ਮੌਖੋਟੇ ਚਾੜ ਕੇ ਆ ਜਾਂਦੇ ਹਨ ਅਤੇ ਜਾਪਦਾ ਹੈ ਕਿ ਗਵਰਨਰ ਪੰਜਾਬ ਵੀ ਇਸ ਸੋਚ ਦੇ ਹੀ ਪੈਰੋਕਾਰ ਹਨ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਕਿੰਨੀ ਸ਼ਰਮਨਾਕ, ਗੈਰ ਦਲੀਲ ਤੇ ਗੈਰ ਸਮਾਜਿਕ ਅਮਲ ਹੋ ਰਿਹਾ ਹੈ ਕਿ ਖੱਬੇ ਪੱਖੀ ਅਤੇ ਭਾਜਪਾ ਦੀ ਜਮਾਤ ਦੇ ਆਗੂਆਂ ਨੇ ਪਾਰਲੀਮੈਟ ਦਾ ਪੂਰਾ ਇੱਕ ਮਹੀਨਾ ਕਾਰਵਾਈ ਨਾ ਚੱਲਣ ਦੀ ਮਨੁੱਖਤਾ ਵਿਰੋਧੀ ਗੱਲ ਕਰਕੇ ਅਤੇ ਮੁਲਕ ਨਿਵਾਸੀਆਂ ਵੱਲੋ ਬਤੌਰ ਵਿਰੋਧੀ ਜਮਾਤ ਦੀਆਂ ਜਿੰਮੇਵਾਰੀਆਂ ਨਿਭਾਉਣ ਨੂੰ ਪਿੱਠ ਦੇ ਕੇ ਸਾਡੇ ਖਜ਼ਾਨੇ ਦੇ ਕਰੋੜਾਂ-ਅਰਬਾਂ ਰੁਪਏ ਦਾ ਨੁਕਸਾਨ ਕਰਕੇ ਗੈਰ ਜਿੰਮੇਵਾਰਾਨਾ ਕਾਰਵਾਈ ਕੀਤੀ ਅਤੇ ਹੁਣ ਉਸੇ ਤਰ੍ਹਾ ਗੈਰ ਜਿਮੇਵਾਰਾਨਾ ਕਾਰਵਾਈ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਕਾਂਗਰਸੀ ਵਿਧਾਨਕਾਰ ਬਜਟ ਇਜਲਾਸ ਦਾ ਵਾਕ ਆਉਟ ਕਰਕੇ ਕਰ ਰਹੇ ਹਨ। ਜਦੋ ਕਿ ਅਜਿਹੇ ਸਮੇ ਇਜਲਾਸ ਵਿੱਚ ਬੈਠ ਕੇ ਹੁਕਮਰਾਨ ਪਾਰਟੀ ਵੱਲੋ ਕੀਤੇ ਜਾ ਰਹੇ ਗੈਰ ਕਾਨੂੰਨੀ ਕੰਮਾਂ ਨੂੰ ਬਾਦਲੀਲ ਤਰੀਕੇ ਲਾਜਵਾਬ ਕਰਨਾ ਬਣਦਾ ਹੈ ਅਤੇ ਵਿਰੋਧੀ ਪਾਰਟੀ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਫਰਜ਼ ਪੂਰਨ ਕਰਨੇ ਬਣਦੇ ਹਨ। ਅਸੀਂ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਡਾ: ਮਨਮੋਹਨ ਸਿੰਘ ਤੋ ਪੁੱਛਣਾ ਚਾਹਾਂਗੇ ਕਿ ਜੇਕਰ ਬੀਜੇਪੀ ਅਤੇ ਖੱਬੇ ਪੱਖੀਆਂ ਵੱਲੋ ਪਾਰਲੀਮੈਟ ਦੀ ਕਾਰਵਾਈ ਨਾ ਚੱਲਣ ਦੇਣ ਦੀ ਗੱਲ ਗੈਰ ਸਮਾਜਿਕ ਅਤੇ ਧੋਖਾ ਕਰਨ ਵਾਲੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀਆਂ ਵੱਲੋ ਪੰਜਾਬ ਦੇ ਬਜਟ ਸ਼ੈਸਨ ਦਾ ਵਾਕ ਆਉਟ ਕਰਨ ਦੀ ਗੱਲ ਨੂੰ ਕਿਵੇ ਸਹੀ ਠਹਿਰਾਇਆ ਜਾ ਸਕਦਾ ਹੈ? ਇਹ ਪੰਜਾਬੀਆਂ ਨੂੰ ਦੱਸਣ ਦੀ ਖੇਚਲ ਕਰਨ।