ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ),ਹੋਂਦ ਚਿੱਲੜ – ਹਰਿਆਣਾ ਦੇ ਜ਼ਿਲਾ ਰਿਵਾੜੀ ਦੇ ਪਿੰਡ ਹੋਂਦ ਵਿਚ ਨਵੰਬਰ 1984 ਸਿਖ ਨਸਲਕੁਸ਼ੀ ਦੌਰਾਨ 32 ਸਿਖਾਂ ਨੂੰ ਜਿਊਂਦੇ ਸਾੜੇ ਦਾ 26 ਸਾਲਾਂ ਬਾਅਦ ਹੋਏ ਖੁਲਾਸੇ ਤੋਂ ਬਾਅਦ ਅੱਜ ਪਿੰਡ ਹੋਂਦ ਚਿੱਲੜ ਵਿਚ ਉਨ੍ਹਾਂ ਸ਼ਹੀਦ ਸਿਖਾਂ ਦੀ ਯਾਦ ਵਿਚ ਪਹਿਲਾ ਭੋਗ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸੇ ਦੌਰਾਨ ਸ਼ਹੀਦ ਸਿਖਾਂ ਨੂੰ ਸ਼ਰਧਾਂਜਲੀ ਦੇਣ ਲਈ ਜੁੜੇ ਹਜ਼ਾਰਾਂ ਦੀ ਗਿਣਤੀ ਵਿਚ ਸਿਖਾਂ ਦੇ ਇਕੱਠ ਦਰਮਿਆਨ ਪਿੰਡ ਹੋਂਦ ਚਿੱਲੜ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਰਹਿਨੁਮਾਈ ਹੇਠ ‘ਸਿਖ ਨਸਲਕੁਸ਼ੀ ਯਾਦਗਾਰ’ ਦਾ ਨੀਂਹ ਪੱਥਰ ਰੱਖਿਆ ਗਿਆ।
ਇਹ ਯਾਦਗਾਰ ਪਿੰਡ ਹੋਂਦ ਚਿੱਲੜ ਦੇ ਕਤਲ ਕੀਤੇ ਗਏ ਸਿਖਾਂ ਤੇ ਚੰਗੇ ਭਾਗੀ ਬਚੇ ਲੋਕਾਂ ਅਤੇ ਨਵੰਬਰ 1984 ਵਿਚ ਸਮੁੱਚੇ ਭਾਰਤ ਵਿਚ ਯੋਜਨਾ ਬੱਧ ਤੇ ਸਾਜਿਸ਼ਾਨਾ ਤਰੀਕੇ ਨਾਲ ਕਤਲ ਕੀਤੇ ਗਏ ਸਿਖਾਂ ਦੀ ਯਾਦ ਨੂੰ ਸਮਰਪਿਤ ਹੈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ ਕੀਤੀ ਜ਼ੋਰਦਾਰ ਅਪੀਲ ’ਤੇ ਅੱਜ ਇਸ ਭੋਗ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿਖ ਮਰਦ , ਔਰਤਾਂ ਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਤੇ 2 ਨਵੰਬਰ 1984 ਨੂੰ ਸਿਖ ਨਸਲਕੁਸ਼ੀ ਦੌਰਾਮ ਪਿੰਡ ਹੋਂਦ ਚਿਲੜ ਵਿਚ ਕਤਲ ਕੀਤੇ ਗਏ ਸਿਖਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਸਰਪ੍ਰਸਤੀ ਹੇਠ ਇਸ ਮੌਕੇ ਹਜ਼ਾਰਾਂ ਸਿਖਾਂ ਨੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ, ਤੇ ਇੰਜਨੀਅਰ ਮਨਵਿੰਦਰ ਸਿੰਘ ਨਾਲ ਇਸ ਮੌਕੇ ਪੇਸ਼ ਕੀਤੇ ਗਏ ਅਹਿਮ ਮਤਿਆਂ ’ਤੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ। ਪੇਸ਼ ਕੀਤੇ ਗਏ ਮਤਿਆਂ ਵਿਚ-
* ਹੋਂਦ ਚਿੱਲੜ ਸਿਖ ਨਸਲਕੁਸ਼ੀ ਯਾਦਗਾਰ ਵਜੋਂ ਸਥਾਪਿਤ ਹੋਵੇਗਾ ਜਿੱਥੇ ਬਾਕੀ ਬਚੇ ਖੰਡਹਰਾਂ ਨੂੰ ਇਕ ਯਾਦ ਵਜੋਂ ਸੰਭਾਲਣ ਦੇ ਯਤਨ ਕੀਤੇ ਜਾਣਗੇ।
* ਸਿਖ ਨਸਲਕੁਸ਼ੀ ਟਰੱਸਟ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਜੋ ਸਮੁੱਚੇ ਭਾਰਤ ਵਿਚ ਉਨ੍ਹਾਂ ਥਾਵਾਂ ਦਾ ਪਤਾ ਲਗਾਇਆ ਜਾਵੇ, ਉਨ੍ਹਾਂ ਦੀ ਸੰਭਾਲ ਕੀਤੀ ਜਾਵੇ ਤੇ ਰੱਖ ਰਖਾਅ ਕੀਤਾ ਜਾਵੇ ਜਿੱਥੇ ਨਵੰਬਰ 1984 ਦੌਰਾਨ ਬਿਲਕੁਲ ਉਸੇ ਤਰਾਂ ਸਿਖਾਂ ਦਾ ਕਤਲ ਕੀਤਾ ਗਿਆ ਸੀ ਜਿਵੇਂ ਕਿ ਹੋਂਦ ਚਿੱਲੜ ਵਿਚ ਕੀਤਾ ਗਿਆ ਸੀ।
ਅੱਜ ਭੋਗ ਸਮਾਗਮ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਿਖ ਇਨਸਾਫ ਲਹਿਰ ਤਹਿਤ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਉਨ੍ਹਾਂ ਸਾਰੇ ਰਾਜਾਂ ਵਿਚ ਵਫਦ ਤੇ ਜਾਂਚ ਟੀਮ ਭੇਜੇਗੀ ਜਿੱਥੇ ਨਵੰਬਰ 1984 ਦੌਰਾਨ ਸਿਖਾਂ ’ਤੇ ਹਮਲੇ ਕੀਤੇ ਗਏ ਸੀ ਤੇ ਹੋਂਦ ਚਿੱਲੜ ਵਰਗੀਆਂ ਥਾਂਵਾਂ ਦਾ ਪਤਾ ਲਗਾਇਆ ਜਾਵੇਗਾ ਤੇ ਨਸਲਕੁਸ਼ੀ ਦੇ ਬਚੇ ਲੋਕਾਂ ਦੀ ਮਦਦ ਕੀਤੀ ਜਾਵੇਗੀ।
ਇਸੇ ਦੌਰਾਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ 26 ਸਾਲ ਬੀਤ ਗਏ ਹਨ ਤੇ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਅਜੇ ਤਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਪਿੰਡ ਹੋਂਦ ਚਿੱਲੜ ਵਿਚ ਸਿਖ ਨਸਲਕੁਸ਼ੀ ਦਾ ਖੁਲਾਸਾ ਇਕ ਜਿਊਂਦਾ ਜਾਗਦਾ ਸਬੂਤ ਹੈ ਕਿ ਕਿਸ ਤਰਾਂ ਨਵੰਬਰ 1984 ਵਿਚ ਸਿਖਾਂ ’ਤੇ ਜੁਲਮ ਢਾਹੇ ਗਏ ਸੀ।
ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਹੋਂਦ ਚਿਲੜ ਵਰਗੇ ਹੋਰ ਪਤਾ ਨਹੀਂ ਕਿਨੀਆਂ ਥਾਵਾਂ ਹੋਣੀਆਂ ਜਿੱਥੇ ਇਸੇ ਤਰਾਂ ਕੋਹ ਕੋਹ ਕੇ ਸਿਖਾਂ ਦਾ ਕਤਲ ਕੀਤਾ ਗਿਆ ਹੈ ਜਿਨ੍ਹਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਹਰ ਹਾਲ ਵਿਚ ਸਜ਼ਾ ਦਿਵਾਉਣੀ ਚਾਹੀਦੀ ਹੈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੰਤੋਖ ਸਿੰਘ ਸਲਾਣਾ ਤੇ ਜਸਬੀਰ ਸਿੰਘ ਖਡੂਰ, ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ, ਮੱਖਣ ਸਿੰਘ, ਸਿਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਦਰਸ਼ਨ ਸਿੰਘ ਘੋਲੀਆਂ ਮੌਜੂਦ ਸਨ।
ਹਰਿਆਣਾ ਦੇ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਭਾਰੀ ਗਿਣਤੀ ਵਿਚ ਸਿਖਾਂ ਨਾਲ ਭੋਗ ਸਮਾਗਮ ਵਿਚ ਸ਼ਿਰਕਤ ਕੀਤੀ।
ਅੱਜ ਦਾ ਭੋਗ ਸਮਾਗਮ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ, ਇੰਜ ਮਨਵਿੰਦਰ ਸਿੰਘ ਗਿਆਸਪੁਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿਖ ਮੈਨੇਜਮੈਂਟ ਕਮੇਟੀ, ਦਮਦਮੀ ਟਕਸਾਲ, ਅੰਖਡ ਕੀਰਤਨੀ ਜਥਾ ਇੰਟਰਨੈਸ਼ਨਲ, ਸੰਤ ਸਮਾਜ, ਸ੍ਰੋਮਣੀ ਅਕਾਲੀ ਦਲ ਬਾਦਲ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਚ ਪ੍ਰਧਾਨੀ, ਅਕਾਲੀ ਦਲ 1920, ਅਕਾਲੀ ਲੋਂਗੋਵਾਲ, ਖਾਲਸਾ ਐਕਸ਼ਨ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਲ ਖਾਲਸਾ, ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸਮੁੱਚੇ ਅਕਾਲੀ ਦਲ, ਸਮੂਹ ਸਿਖ ਜਥੇਬੰਦੀਆਂ, ਫੇਡਰੇਸ਼ਨਾਂ , ਸਿੰਘ ਸਭਾਵਾਂ, ਯੂਥ ਵਿੰਗ, ਗੁਰੂ ਨਾਨਕ ਸੇਵਾ ਸੁਸਾਇਟੀ ਗੁੜਗਾਓਂ, ਗੁਰਦੁਆਰਾ ਸਿੰਘ ਸਭਾ ਸਬਜ਼ੀ ਮੰਡੀ ਗੁੜਗਾਓਂ, ਗੁਰਦੁਆਰਾ ਸਾਧ ਸੰਗਤ ਸਾਊਥ ਸਿਟੀ ਗੁੜਗਾਓਂ,ਗੁਰਦੁਆਰਾ ਸਿੰਘ ਸਭਾ ਪਟੌਦੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗੁੜਗਾਓਂ, ਗੁਰਦੁਆਰਾ ਸਿੰਘ ਸਭਾ ਸੈਕਟਰ 22 ਗੁੜਗਾਓਂ, ਗੁਰਦੁਆਰਾ ਸਿੰਘ ਸਭਾ ਮਦਾਨਪੁਰੀ, ਗੁਰਦੁਆਰਾ ਸਿੰਘ ਸਭਾ ਨਿਊ ਕਾਲੋਨੀ, ਗੁਰਦੁਆਰਾ ਸਿੰਘ ਸਭਾ ਡੀ ਐਲ ਐਫ ਫੈਜ਼-1, ਗੁਰਦੁਆਰਾ ਸਿੰਘ ਸਭਾ ਸੁਸ਼ਾਂਤ ਲੋਕ ਤੇ ਸਮੂਹ ਸਾਧ ਸੰਗਤ ਵਲੋਂ ਕਰਵਾਇਆ ਗਿਆ ਸੀ।