ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਉਣ ‘ਤੇ ਡੂੰਘੀ ਨਿਰਾਸ਼ਾ ਪ੍ਰਗਟ ਕਰਦਾ ਹੈ, ਜਿਸ ਨੇ ਪੈਰਿਸ ਓਲੰਪਿਕ ਦੇ ਕੁਸ਼ਤੀ ਮੁਕਾਬਲੇ ਵਿੱਚ ਬਹਾਦਰੀ ਨਾਲ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਸੰਯੁਕਤ ਕਿਸਾਨ ਮੋਰਚਾ ਉਸ ਨੂੰ ਚਾਂਦੀ ਦਾ ਤਗਮਾ ਪ੍ਰਦਾਨ ਕਰਨ ਦੀ ਅਪੀਲ ਦਾ ਸਮਰਥਨ ਕਰਦਾ ਹੈ ।
ਸੰਯੁਕਤ ਕਿਸਾਨ ਮੋਰਚਾ ਨੇ ਇਸ ਪੂਰੇ ਘਟਨਾਕ੍ਰਮ ਪ੍ਰਤੀ ਭਾਰਤੀ ਓਲੰਪਿਕ ਸੰਘ ਅਤੇ ਭਾਰਤ ਸਰਕਾਰ ਦੇ ਰਵੱਈਏ ਦੀ ਵੀ ਨਿੰਦਾ ਕੀਤੀ ਹੈ। ਵਿਨੇਸ਼ ਫੋਗਾਟ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ ਅਤੇ ਭਾਰਤੀ ਓਲੰਪਿਕ ਸੰਘ ਦੇ ਕਈ ਅਧਿਕਾਰੀ ਉਸ ਨੂੰ ਓਲੰਪਿਕ ‘ਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਦੇਸ਼ ਦੇ ਲੋਕ ਇਸ ਤੱਥ ਤੋਂ ਵੀ ਭਲੀ-ਭਾਂਤ ਜਾਣੂ ਹਨ ਕਿ ਕੇਂਦਰ ਸਰਕਾਰ ਦੇ ਚਹੇਤੇ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੇ ਖਿਲਾਫ ਆਵਾਜ਼ ਉਠਾਉਣ ਵਾਲੀ ਵਿਨੇਸ਼ ਫੋਗਾਟ ਪਹਿਲਾਂ ਹੀ ਮੋਦੀ ਸਰਕਾਰ ਦੀ ਅੱਖ ਦੀ ਰੜਕ ਸੀ ।
ਦੇਸ਼ ਵਿਨੇਸ਼ ਫੋਗਾਟ ਦੇ ਕੁਸ਼ਤੀ ਤੋਂ ਸੰਨਿਆਸ ਲੈਣ ਦੇ ਫੈਸਲੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਸੰਯੁਕਤ ਕਿਸਾਨ ਮੋਰਚਾ ਨੇ ਉਸ ਨੂੰ ਦੇਸ਼ ਦੀ ਮਹਾਨ ਖਿਡਾਰਨ ਦੱਸਿਆ ਅਤੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੂਰੀ ਤਰ੍ਹਾਂ ਨਾਲ ਵਿਨੇਸ਼ ਦੇ ਮੁਸ਼ਕਲ ਸਮੇਂ ਵਿੱਚ ਖੜੀ ਹੈ। ਭਾਵੇਂ ਓਲੰਪਿਕ ਸੰਘ ਨੇ ਵਿਨੇਸ਼ ਨੂੰ ਅਯੋਗ ਕਰਾਰ ਦੇ ਦਿੱਤਾ ਹੈ ਪਰ ਭਾਰਤੀ ਲੋਕਾਂ ਦੇ ਦਿਲਾਂ ‘ਚ ਓਲੰਪਿਕ ਸੋਨ ਤਮਗਾ ਜੇਤੂ ਦੇ ਤੌਰ ‘ਤੇ ਉਸ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।