ਲੁਧਿਆਣਾ:- ਇੰਗਲੈਂਡ ਵਸਦੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਮਲਕੀਤ ਸਿੰਘ ਗੋਲਡਨ ਸਟਾਰ, ਕੈਨੇਡਾ ਵਸਦੇ ਪ੍ਰਸਿੱਧ ਪੰਜਾਬੀ ਲੇਖਕ ਅਤੇ ਮੀਡੀਆ ਕਰਮੀ ਸ਼੍ਰੀ ਇਕਬਾਲ ਮਾਹਲ ਅਤੇ ਪੰਜਾਬੀ ਗਾਇਕ ਜੀਤ ਜਗਜੀਤ ਨਾਲ ਸਾਂਝੀ ਮੀਟਿੰਗ ਦੌਰਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਜਿਸ ਤੇਜ਼ੀ ਨਾਲ ਪਿਛਲੇ ਦਹਾਕੇ ਦੌਰਾਨ ਪੰਜਾਬੀ ਲੋਕ ਸੰਗੀਤ ਵਿੱਚ ਅਸ਼ਲੀਲਤਾ ਅਤੇ ਹਿੰਸਾ ਦਾ ਵਰਤਾਰਾ ਫੈਲਿਆ ਹੈ ਉਸ ਦੇ ਖਿਲਾਫ ਜੇਕਰ ਲੋਕ ਲਾਮਬੰਦੀ ਨਾ ਕੀਤੀ ਗਈ ਤਾਂ ਪੰਜਾਬ ਵਿੱਚ ਕਿਸੇ ਵੀ ਰਿਸ਼ਤੇ ਦੀ ਕੋਈ ਪਾਕੀਜ਼ਗੀ ਕਾਇਮ ਨਹੀਂ ਰਹੇਗੀ। ਉਨ੍ਹਾਂ ਆਖਿਆ ਕਿ ਜੇਕਰ ਪੈਸੇ ਦੀ ਅੰਨ੍ਹੀ ਖਿੱਚ ਕਾਰਨ ਸਾਡੇ ਗਾਇਕ ਅਤੇ ਕੱਚ ਘਰੜ ਗੀਤਕਾਰ ਨਾ ਸੰਭਲੇ ਤਾਂ ਇਨ੍ਹਾਂ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ ਕਿਉਂਕਿ ਸਮਾਜਿਕ ਵਾਤਾਵਰਨ ਦਾ ਪ੍ਰਦੂਸ਼ਣ ਰੋਕਣਾ ਵੀ ਸੁਚੇਤ ਲੇਖਕਾਂ ਅਤੇ ਸਭਿਆਚਾਰਕ ਕਾਮਿਆਂ ਦੀ ਜਿੰਮੇਂਵਾਰੀ ਬਣਦੀ ਹੈ।
ਸ: ਮਲਕੀਤ ਸਿੰਘ ਨੇ ਇਸ ਮੌਕੇ ਵਿਸ਼ਵਾਸ਼ ਦਿਵਾਉਂਦਿਆਂ ਆਖਿਆ ਕਿ ਉਹ ਇਸ ਲਹਿਰ ਵਿੱਚ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਸ਼ਾਮਿਲ ਹੋਣ ਦੀ ਪ੍ਰੇਰਨਾ ਕਰਨਗੇ ਤਾਂ ਜੋ ਨਸ਼ੇ ਦੀ ਮਹਿਮਾ ਹਿੰਸਕ ਪ੍ਰਵਿਰਤੀਆਂ ਲਈ ਹਥਿਆਰਾਂ ਦਾ ਗੁਣਗਾਨ ਅਤੇ ਅਸ਼ਲੀਲ ਹਰਕਤਾਂ ਵਾਲੇ ਫਿਲਮਾਂਕਣ ਨੂੰ ਰੋਕਿਆ ਜਾ ਸਕੇ। ਉਨ੍ਹਾਂ ਗਾਇਕ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਹੀ ਜੇਕਰ ਭੈੜੇ ਗੀਤਾਂ ਕਾਰਨ ਜਿਊਣ ਯੋਗ ਨਾ ਰਿਹਾ ਤਾਂ ਭਵਿੱਖ ਉਨ੍ਹਾਂ ਨੂੰ ਮੁਆਫ ਨਹੀਂ ਕਰੇਗਾ। ਉਨ੍ਹਾਂ ਆਖਿਆ ਕਿ ਮੈਂ ਸਮਾਜਿਕ ਰਿਸ਼ਤਿਆਂ ਦੀ ਪਵਿੱਤਰਤਾ ਵਾਲੇ ਗੀਤਾਂ ਨੂੰ ਹਮੇਸ਼ਾਂ ਪਹਿਲ ਦਿੱਤੀ ਹੈ ਅਤੇ ਜਿਥੇ ਕਿਤੇ ਮੈਂ ਆਪਣੇ ਸਮਕਾਲੀ ਗਾਇਕ ਦੀ ਕੋਈ ਪੇਸ਼ਕਾਰੀ ਇਤਰਾਜ਼ਯੋਗ ਸਮਝੀ ਹੈ, ਉਸ ਨੂੰ ਸਮਝਾਇਆ ਵੀ ਹੈ। ਟੋਰਾਂਟੋ ਤੋਂ ਕੱਲ੍ਹ ਹੀ ਭਾਰਤ ਆਏ ਪੰਜਾਬੀ ਲੇਖਕ ਅਤੇ ਮੀਡੀਆ ਕਰਮੀ ਇਕਬਾਲ ਮਾਹਲ ਨੇ ਮਿਸਾਲਾਂ ਦੇ ਕੇ ਆਖਿਆ ਕਿ ਜੇਕਰ ਸਤਿੰਦਰ ਸਰਤਾਜ , ਡਾ: ਮਮਤਾ ਜੋਸ਼ੀ, ਜੀਤ ਜਗਜੀਤ ਵਰਗੇ ਨਵੇਂ ਨਵੇਲੇ ਗਾਇਕ ਸੂਫੀ ਅਤੇ ਲੋਕ ਰੰਗ ਦੀ ਸ਼ਾਇਰੀ ਗਾ ਕੇ ਆਪਣੀ ਪਛਾਣ ਵਿਸ਼ਵ ਪੱਧਰ ਤੇ ਬਣਾ ਸਕਦੇ ਹਨ ਤਾਂ ਹਲਕੇ ਪੱਧਰ ਦੇ ਬਾਜ਼ਾਰੂ ਗੀਤ ਗਾਉਣਾ ਸਾਡੇ ਗਾਇਕਾਂ ਦੀ ਮਜ਼ਬੂਰੀ ਕਿਉਂ ਬਣਦੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਹਿੰਸਾ ਦੀ ਪ੍ਰਵਿਰਤੀ ਪ੍ਰਚਾਰਨ ਵਾਲੇ ਗੀਤਕਾਰਾਂ, ਗਾਇਕਾਂ, ਕੈਸਿਟ ਕੰਪਨੀਆਂ ਅਤੇ ਟੀ ਵੀ ਚੈਨਲਾਂ ਖਿਲਾਫ ਗੁੰਡਾਗਰਦੀ ਐਕਟ ਦੀ ਵਰਤੋਂ ਕਰ ਸਕਦੇ ਹਨ ਕਿਉਂਕਿ ਇਹ ਕਾਰਜ ਇਸੇ ਧਾਰਾ ਅਧੀਨ ਆਉਂਦੇ ਹਨ। ਉਨ੍ਹਾਂ ਆਖਿਆ ਕਿ ਵੰਨ-ਸੁਵੰਨੇ ਨਸ਼ਿਆਂ ਦੀ ਮਹਿਮਾ ਵਾਲੇ ਗੀਤ ਵੀ ਪੰਜਾਬ ਦੀ ਤਬਾਹੀ ਯਕੀਨੀ ਬਣਾ ਰਹੇ ਹਨ। ਇਸ ਲਈ ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਸਿੱਖਿਆ ਅਦਾਰਿਆਂ, ਮੀਡੀਆ ਦੇ ਵੱਖ-ਵੱਖ ਵਰਗਾਂ ਨੂੰ ਅਜਿਹੇ ਕਲਾਕਾਰਾਂ ਦੀ ਹਕੀਕਤ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ ਤਾਂ ਜੋ ਇਹ ਲੋਕ ਨਾਇਕ ਵਾਂਗ ਨਹੀਂ ਸਗੋਂ ਖਲਨਾਇਕ ਵਾਂਗ ਪਛਾਣੇ ਜਾਣ। ਪੰਜਾਬੀ ਗਜ਼ਲਗੋ ਤਰਲੋਚਨ ਲੋਚੀ, ਮਨਜਿੰਦਰ ਧਨੋਆ, ਪੰਜਾਬੀ ਗਾਇਕ ਜੀਤ ਜਗਜੀਤ ਅਤੇ ਬਲਵਿੰਦਰ ਗਿੱਲ ਨੇ ਵੀ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ। ਦੋਹਾਂ ਦਾ ਵਿਚਾਰ ਸੀ ਕਿ ਇਸ ਕੰਮ ਵਿੱਚ ਸੈਂਸਰ ਦੀ ਥਾਂ ਕਿਸੇ ਸਲਾਹਕਾਰ ਬੋਰਡ ਦੀ ਸਥਾਪਨਾ ਕਰਨ ਲਈ ਸਰਕਾਰ ਨੂੰ ਤੁਰੰਤ ਕਦਮ ਪੁੱਟਣਾ ਚਾਹੀਦਾ ਹੈ ਤਾਂ ਜੋ ਇਹ ਵਰਤਾਰਾ ਰੋਕਿਆ ਜਾ ਸਕੇ।