ਅੱਜ ਦਫਤਰੋਂ ਬੱਸ ਫੜਕੇ ਘਰ ਜਾਣਾ ਪੈਣਾ ਸੀ, ਬਰਾਂਚ ਦੇ ਸੇਵਾਦਾਰ ਨੂੰ ਕਿਹਾ ਕਿ ਮੈਨੂੰ ਬੱਸ ਸਟੈਂਡ ਤੱਕ ਛੱਡ ਆਵੀਂ। ਬੱਸ ਸਟੈਂਡ ਆਇਆ ਤਾਂ ਵੇਖ ਹੈਰਾਨੀ ਹੋਈ ਕਿ ਸਭ ਘਰਾਂ ਵਿੱਚ ਆਵਾਜਾਈ ਦੇ ਬਥੇਰੇ ਸਾਧਨ ਹੋਣ ਦੇ ਬਾਵਜੂਦ ਵੀ ਕਾਫੀ ਲੋਕ ਬੱਸ ਦੀ ਉਡੀਕ ਵਿੱਚ ਸਨ ਸ਼ਾਇਦ ਔਰਤਾਂ ਦੇ ਅਧਾਰ ਕਾਰਡ ਤੇ ਮੁਫਤ ਸਫਰ ਵਾਲੀ ਸਕੀਮ ਵਾਲੀਆਂ ਸਵਾਰੀਆਂ ਜਿਆਦਾ ਗਿਣਤੀ ਵਿੱਚ ਹੋਣ ਕਾਰਨ ਭੀੜ ਵੱਧ ਲੱਗੀ। ਚਲੋ ਬੱਸ ਆਈ ਧੱਕਾ ਮੁੱਕੀ ਹੋਣੀ ਲਾਜਮੀ ਸੀ, ਔਖੇ ਸੌਖੇ ਇਕ ਨੁੱਕਰੀ ਸੀਟ ਮਿਲ ਹੀ ਗਈ। ਗਰਮੀਂ ਪਸੀਨੇ ਤੇ ਹੁੰਮਸ ਦੇ ਕਾਰਨ ਬੱਸ ਬੱਦ ਹਵਾਸੀ ਤੇ ਪਰੇਸ਼ਾਨੀ ਦੇ ਆਲਮ ਵਾਲੀ ਹਾਲਤ ਸੀ। ਹੈਰਾਨਗੀ ਤੇ ਤਰਸ ਵੀ ਆ ਰਿਹਾ ਸੀ ਕਿ ਅਜੇ ਵੀ ਸਾਡੇ ਸਿਸਟਮ ਵਿੱਚ ਸੁਧਾਰ ਦੀ ਲੋੜ ਸੀ ਜੋ ਕਿ ਵਿੰਗਾ-ਟੇਡਾ ਜਿਹਾ ਸੁਪਨਾ ਹੈ। ਚਲੋ ਇੱਕ ਬੇਸੁਰੇ ਤੇ ਬੇਮੌਕੇ-ਮੇਲ ਜਿਹਾ, ਸਿਰ ਖਾਣ ਵਾਲਾ ਗਾਣਾ ਵੀ ਸ਼ੁਰੂ ਹੋ ਗਿਆ ਸੀ। ਲੋਕ ਹਰ ਅੱਡੇ ਤੇ ਖਾਲੀ ਹੋਣ ਵਾਲੀ ਸੀਟ ਨੂੰ ਬੜੀ ਸ਼ਿੱਦਤ ਨਾਲ ਤੱਕ ਰਹੇ ਤੇ ਕਾਹਲੀ ਕਾਹਲੀ ਮੱਲ ਰਹੇ ਸਨ।
ਛੋਟੇ ਅੱਡਿਆਂ ਤੋ ਬਾਦ ਬੱਸ ਸ਼ਹਿਰ ਦੇ ਬਾਹਰ ਵਾਲੀ ਸੜਕ ਰਾਹੀਂ ਆਈਲਟਸ ਸੈਂਟਰਾਂ ਮੂਹਰਿਓ ਗੁਜਰੀ ਤਾਂ ਅਨੇਕਾਂ ਨੌਜਵਾਨ ਮੁੰਡੇ ਕੁੜੀਆਂ ਦਿਖੇ ਜੋ ਕੁਝ ਤਾਂ ਅੰਦਰ ਲੰਘ ਆਏ ਤੇ ਬਹੁਤੇ ਬੱਸ ਦੀਆਂ ਬਾਰੀਆਂ ਰਾਹੀਂ ਬਾਹਰ ਹੀ ਲਮਕ ਗਏ ਸਨ। ਦੋ ਲੜਕੇ ਮੇਰੀ ਸੀਟ ਦੇ ਨਜਦੀਕ ਆ ਖੜ ਗਏ। ਮੈਂ ਪੁੱਛਿਆ, ” ਕਾਕੇ, ਕਿਹੜੀ ਕਲਾਸ ਵਿੱਚ ਪੜਦੇ ਹੋ ?”
” ਸਰ, ਅਸੀ ਪਲਸ ਟੂ ਕਰੀ ਹੈ ਜੀ, ਹੁਣ ਆਈਲੈਟਸ ਕਰ ਰਹੇ ਹਾਂ। “ ” ਅੱਛਾ, ਬਾਹਰ ਜਾਣੈ ਫਿਰ ਤੁਸੀਂ ? ”
” ਹਾਂਜੀ ਸਰ, ਬਾਹਰ ਜਾਣੈ ਐ ਜੀ, ਏਥੇ ਰੱਖਿਆ ਵੀ ਕੀ ਹੈ ? ਏਥੇ ਕੀਹਨੇ ਰਹਿਣੈ ਹੈ..ਜੀ ?”
ਮੈਂ ਉਸ ਲੜਕੇ ਦਾ ਜੁਆਬ ਸੁਣ ਕੇ ਬੜਾ ਹੈਰਾਨ ਹੋ ਰਿਹਾ ਸੀ ਭਾਵੇਂ ਕਿ ਇਹ ਮਸਲਾ ਤੇ ਵਿਚਾਰ ਹੈਰਾਨਗੀ ਵਾਲਾ ਬਹੁਤਾ ਹੈ ਨਹੀਂ ਸੀ, ਸ਼ਾਇਦ ਉਹ ਲੜਕੇ ਉਨਾਂ ਦੀ ਸੋਚ ਮੁਤਾਬਕ ਕਾਫੀ ਹੱਦ ਤੱਕ ਠੀਕ ਸਨ। ਪਰ ਫੇਰ ਵੀ ਇੰਨੀ ਜਿਆਦਾ ਲਾਲਸਾ ਤੇ ਪਲਾਇਨਵਾਦੀ ਰੁਚੀ ਤੇ ਆਪਣੀ ਜੰਮਣ ਭੌਂ ਨਾਲ ਏਨੀ ਬੇਰੁਖੀ ਕਿਉਂ ਸੀ। ਫੇਰ ਵੀ ਮੈਂ ਉਹਨਾ ਨੂੰ ਹੋਰ ਟੋਹਣ ਲਈ ਪੁੱਛਣਾ ਚਾਹਿਆ, ” ਪਰ, ਕਾਕਾ ਏਥੇ ਕਿਸ ਚੀਜ ਦੀ ਕਮੀ ਹੈ, ਸਭ ਕੁਝ ਤਾਂ ਹੈ ਏਥੇ। ”
ਦੂਜਾ ਮੁੰਡਾ ਬੋਲਿਆ, ” ਕਿੱਥੇ ਸਰ, ਕੀ ਕਹਿਣੈ ਪਏ ਓ ਤੁਸੀਂ, ਏਥੇ ਕੰਮ ਹੈਨੀ ਜੀ, ਨੌਕਰੀਆਂ ਕਿੱਥੇ ਨੇ, ਪ੍ਰਾਈਵੇਟ ਪੰਜ-ਛੇ ਹਜਾਰ ਤੋਂ ਵੱਧ ਕੋਈ ਪੈਸਾ ਨਹੀਂ ਭਰਦਾ, ਏਨਾ ਪੜ ਕੇ ਏਥੇ ਰੁਲਣ ਦਾ ਕੀ ਫਾਇਦਾ, ਵਾਤਾਵਰਨ ਏਥੇ ਖਰਾਬ, ਬਿਮਾਰੀਆਂ, ਮਿਲਾਵਟਾਂ ਏਥੇ, ਸਰਕਾਰੇ ਦਰਬਾਰੇ ਕਿਸੇ ਦੇ ਕੋਈ ਕੰਮ ਨਹੀਂ ਹੁੰਦੇ, ਕਿਸੇ ਵੀ ਦਫਤਰ ਚਲੇ ਜਾਓ, ਗੇੜੇ ਤੇ ਗੇੜੇ ਲਵਾਉਂਦੇ ਨੇ, ਰਿਸ਼ਵਤ ਭਾਵੇਂ ਬੰਦ ਹੋ ਗਈ ਹੈ ਪਰ ਕੰਮ ਅਜੇ ਵੀ ਕਿਸੇ ਦੇ ਨਹੀਂ ਹੁੰਦੇ, ਮਹਿੰਗਾਈ ਏਥੇ ਵਧਦੀ ਜਾ ਰਹੀ ਹੈ, ਪਾਣੀ ਧਰਤੀ ਦੇ ਮੁੱਕ ਰਹੇ, ਖੇਤੀ ਵੀ ਘਾਟੇ ਦੀ ਹੋ ਗਈ ਹੈ, ਹਰ ਥਾਂ ਧਰਨੇ, ਹਰ ਥਾਂ ਲੁੱਟ ਖੋਹ ਤੇ ਕਤਲੇਆਮ ਹੋ ਰਹੇ ਨੇ। ”
ਮੈਂ ਫੇਰ ਕਿਹਾ, ” ਕਾਕਾ, ਪਰ ਤੁਹਾਡੇ ਮਾਂ ਪਿਓ ਕੌਣ ਸਾਂਭੂ ਤੇ ਖੇਤ ਕੌਣ ਦੇਖੂਗਾ। ”
“ਸਰ ਜੀ, ਖੇਤਾਂ ਚ ਕੌਣ ਸਿਰ ਮਾਰੇ, ਹੁਣ ਨੀ ਹੁੰਦੀ ਖੇਤੀ, ਖੇਤੀ ਤਾਂ ਅਜਕਲ ਠੇਕੇ ਤੇ ਦੇ ਦਈਦੀ ਹੈ ਤੇ ਸਾਡੇ ਵਿੱਚ ਇਕ ਭਰਾ ਮਾਂ ਪਿਓ ਕੋਲ ਰਹੂੰਗਾ ਤੇ ਇੱਕ ਕਮਾਈ ਲਈ ਬਾਹਰ ਜਾਊਗਾ ਤੇ ਜਦ ਪੱਕੇ ਹੋ ਗਏ, ਸੈਟ ਹੋ ਗਏ ਤਾਂ ਮਾਂ ਪਿਓ ਨੂੰ ਵੀ ਨਾਲ ਲੈ ਜਾਵਾਂਗੇ। ਸਾਡੇ ਲਗਭਗ ਸਾਰੇ ਰਿਸ਼ਤੇਦਾਰ ਬਾਹਰ ਹੀ ਨੇ, ਰਹਿਣ ਦਾ ਜੁਗਾੜ ਹੋ ਹੀ ਜਾਣਾ ਤੇ ਕੰਮ ਦਾ ਵੀ ਤੇ ਨਾਲੇ ਸਰ ਦੋ ਸਾਲ ਟਿਕ ਕੇ ਲਾ ਲਊ ਏਥੇ ਦੇ ਦਸ ਸਾਲ ਜਿੰਨੀ ਕਮਾਈ ਕਰ ਲਈਦੀ ਹੈ। ਤੁਹਾਨੂੰ ਪਤੈ ਸਾਡੇ ਨਾਲਦੇ ਦੋ ਮੁੰਡੇ ਪਿਛਲੇ ਦੋ ਸਾਲ ਪਹਿਲਾਂ ਸਟੱਡੀ ਤੇ ਗਏ ਨੇ, ਕਨੇਡਾ ਤੋਂ ਅਮਰੀਕਾ ਟਰਾਲਾ ਚਲਾਉਂਦੇ ਨੇ ਬਾਹਲੇ ਨਹੀਂ ਤਾਂ ਤਿੰਨ ਚਾਰ ਲੱਖ ਮਹੀਨੇ ਦਾ ਅਰਾਮ ਨਾਲ ਕਮਾ ਲੈਂਦੇ ਨੇ, ਹੁਣ ਤਾਂ ਉਨਾਂ ਨੇ ਬੀ.ਐਮ.ਡਬਲਯੂ ਵੀ ਲੈ ਲਈ ਹੈ। ਤੁਸੀਂ ਦੱਸੋ ਹੁਣ ਭਵਿੱਖ ਏਥੇ ਵਧੀਆ ਹੈ ਜਾਂ ਬਾਹਰ, ਏਥੇ ਤਾਂ ਬੰਦਾ ਸਿਰਫ ਸੁਪਨੇ ਹੀ ਲੈ ਸਕਦਾ, ਪੂਰੇ ਕਰਨੇ ਨੂੰ ਜਿੰਦਗੀ ਲੰਘ ਜਾਣੀ ਹੈ। ”
ਲੜਕੇ ਵਲੋਂ ਗਿਣਾਏ ਸਾਰੇ ਕਾਰਨ ਲਗਭਗ ਸਹੀ ਲੱਗ ਰਹੇ ਸਨ। ਮੈਂ ਫੇਰ ਪੁੱਛਿਆ ਬਈ, ਕਾਕੇ, ” ਜੋ ਕੰਮ ਤੁਸੀਂ ਉੱਥੇ ਕਰਨੈ ਨੇ, ਉਹ ਏਥੇ ਵੀ ਤਾਂ ਹੋ ਸਕਦੇ ਨੇ, ਸਾਡੇ ਸਾਰੇ ਕੰਮ ਪਰਵਾਸੀ ਮਜਦੂਰ ਪੰਜਾਬ ਆ ਕੇ ਕੰਮ ਕਰਕੇ ਹਜਾਰਾਂ-ਲੱਖਾਂ ਕਮਾ ਰਹੇ ਨੇ, ਕਿਤੇ ਨਾ ਕਿਤਿਓਂ ਤਾਂ ਸੁਰੂਆਤ ਕਰਨੀ ਹੀ ਪਊਗੀ। ”
ਉਹ ਫੇਰ ਬੋਲਿਆ, ” ਸਰ, ਕਿਹੜੇ ਕੰਮ ਜੀ? ਬਈਏ.. ਜੋ ਰੇੜੀਆਂ ਤੇ ਕਰਦੇ ਨੇ, ਝੋਨਾ ਲਾਉਂਦੇ ਨੇ, ਕਣਕਾਂ ਵੱਢਦੇ ਨੇ, ਲੇਬਰ ਕਰਦੇ ਨੇ, ਅਸੀਂ ਏਨਾ ਪੜਕੇ, ਡਿਗਰੀਆਂ ਤੇ ਲੱਖਾਂ ਹਜਾਰਾਂ ਖਰਚ ਕੇ ਪੰਜ ਸੌ, ਚਾਰ ਸੌ ਦੀ ਦਿਹਾੜੀ ਕਰੀਏ, ਲੋਕ ਕੀ ਕਹਿਣਗੇ ਬਈ ਜਿੰਮੀਦਾਰਾਂ ਦੇ ਮੁੰਡੇ ਏਨਾ ਪੜ ਕੇ ਦਿਹਾੜੀਆਂ ਕਰਦੇ ਫਿਰਦੇ ਨੇ, ਨਾਲੇ ਬਈਆਂ ਦਾ ਗੁਜਾਰਾ ਹੋ ਜਾਂਦੈ ਏਨੇ ਕੁ ਵਿੱਚ, ਸਾਡਾ ਨੀ ਹੋਣਾ ਜੀ। ਪੰਜਾਬ ਵਿੱਚ ਪ੍ਰਾਈਵੇਟ ਸੈਕਟਰ ਅਵਲ ਤਾਂ ਹੈ ਨੀ, ਜੇ ਪ੍ਰਾਈਵੇਟ ਸੈਕਟਰ ਨੂੰ ਜਾਵਾਂਗੇ ਤਾਂ ਪੰਜ ਦਸ ਹਜਾਰ ਤੋਂ ਵੱਧ ਕਿਤੇ ਕੋਈ ਸੈਲਰੀ ਨਹੀ ਹੈ। ਸਰ, ਸਰਕਾਰ ਨੂੰ ਵੱਧ ਤੋਂ ਵੱਧ ਨੌਕਰੀਆਂ ਕੱਢਨੀਆਂ ਚਾਹੀਦੀਆਂ ਨੇ ਉਹ ਵੀ ਪੱਕੀਆਂ, ਪੈਨਸ਼ਨ ਸਰਕਾਰੀ ਨੌਕਰੀਆਂ ਚਂ ਵੈਸੇ ਵੀ ਨਹੀ ਹੈਗੀ, ਤਿੰਨ-ਤਿੰਨ ਸਾਲ ਦਾ ਪਰੋਬੇਸ਼ਨ ਕਾਲ ਦਾ ਵਧਾ ਦਿੱਤਾ, ਬੇਸਿਕ ਸੈਲਰੀ ਤੇ ਕੋਈ ਭੱਤਾ ਨਹੀਂ, ਗੁਜਾਰੇ ਬੱਚਿਆਂ ਤੇ ਬੁੱਢੇ ਮਾਂ-ਪਿਓਆਂ ਦੇ ਕਿਵੇਂ ਕਰਨਗੇ, ਰਹਿੰਦੀ-ਖੂੰਹਦੀ ਕਸਰ ਤਾਂ ਪਿੰਡਾਂ ਦੇ ਜਵਾਨਾਂ ਦੀ ਅਗਨੀਵੀਰ ਨਾਂ ਦੀ ਸਕੀਮ ਨੇ ਕੱਢ ਲਈ ਹੈ। ਸਾਰੀ ਉਮਰ ਭਰ ਦੀ ਰੋਟੀ ਖੋਹ ਲਈ ਅਗਨੀਵੀਰ ਬਣਾ ਕੇ ਫੌਜੀਆਂ ਨੂੰ, ਦੱਸੋ ਕੌਣ ਕਰੂੰ ਹੁਣ, ਚਾਰ ਸਾਲ ਫੌਜ ਦੀ ਨੌਕਰੀ ਹੁਣ।”
ਮੈਂ ਉਨਾਂ ਨੂੰ ਫੇਰ ਹਲੂੰਨਣਾ ਚਾਹਿਆ, ” ਕਾਕੇ, ਸਰਕਾਰ ਐਨੀ ਵੀ ਮਾੜੀ ਨੀ, ਲੋਕਾਂ ਦੀ ਸਹੂਲਤ ਲਈ ਕਈ ਕੰਮ ਕਰ ਹੀ ਰਹੀ ਹੈ ਨਾ। ”
ਉਹ ਬੋਲਿਆ, ” ਸਰ, ਛੱਡੋ ਪਰੇ, ਕਿਹੜੇ ਕੰਮ,, ਤੁਸੀ ਆਪ ਸਿਆਣੇ ਓ, ਛੋਟੀ ਜਿਹੀ ਉਦਾਹਰਨ ਹੈ,,ਕਿਸੇ ਵੀ ਦਫਤਰ ਚਲੇ ਜਾਓ, ਗੇੜਿਆਂ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਜੀ, ਥਾਣੇ ਚਲੇ ਜਾਓ, ਕੰਮ ਤਾਂ ਦੂਰ ਪਹਿਲੀ ਤਾਂ ਗੱਲ ਤੁਹਾਨੂੰ ਕੋਈ ਬੈਠਣ ਲਈ ਹੀ ਨੀ ਕਹੇਗਾ, ਫੇਰ ਤੁਹਾਡਾ ਐ ਕਾਗਜ ਘੱਟ ਹੈ ਔਹ ਕਾਗਜ ਨਹੀ ਹੈਗਾ। ਛੇਤੀ ਤਾਂ ਸ਼ਿਕਾਇਤ, ਕੇਸ ਹੀ ਦਰਜ ਨਹੀ ਕਰਦੇ। ਰਿਸ਼ਵਤ ਦਿਓਗੇ ਤਾਂ ਫੇਰ ਹੀ ਤੁਹਾਡੀ ਗੱਲ ਨੂੰ ਕੋਈ ਕੰਨ ਕਰੂਗਾ ਜੀ। ”
ਦੂਜਾ ਮੁੰਡਾ ਬੋਲਿਆ, ” ਮੇਰੇ ਇੱਕ ਦੋਸਤ ਦੀ ਮਾਤਾ ਨੂੰ ਸਿਵਲ ਹਸਤਪਤਾਲ ਦਾਖਲ ਕਰਵਾਉਣਾ ਪਿਆ ਉਹ ਘਰੋਂ ਥੋੜਾ ਹੌਲਾ ਸੀ, ਮੈਂ ਦੇਖਿਆ ਜੀ, ਸਿਵਲ ਹਸਪਤਾਲ ਬਾਥਰੂਮਾਂ ਵਿੱਚ ਨੱਕ ਨਹੀ ਦੇ ਸਕਦੇ ਤੁਸੀਂ, ਬੈੱਡ ਗੰਦੇ, ਕੁਰਸੀਆਂ ਹੈਨੀ, ਪਰਿਵਾਰਾਂ ਦੇ ਮੈਂਬਰ ਭੂੰਜੇ ਹੀ ਲੰਮੇ ਪਏ ਦੇਖੇ ਮੈਂ, ਨਾ ਫਰਸ਼ ਸਾਫ ਨਾ ਉੱਥੋਂ ਦੇ ਛੋਟੇ ਮੁਲਾਜਮਾਂ ਦਾ ਲਹਿਜਾ ਸਾਫ ਹੈ, ਜਨਰਲ ਵਾਰਡ ਵਿੱਚ ਜਗਾ ਥੋੜੀ ਹੈ ਮਰੀਜ ਜਿਆਦਾ ਭਰਤੀ ਕੀਤੇ ਪਏ ਨੇ, ਮਸ਼ੀਨਾਂ ਦੀ, ਦਵਾਈਆਂ ਦੀ ਘਾਟ ਹੈ, ਟੈਸਟ ਬਾਹਰੋਂ ਕਰਵਾਉਣੇਂ ਪੈਂਦੇ ਨੇ।”
ਸਰ, ਤੁਸੀਂ ਜਾਣਦੇ ਹੋ, ਅੱਜ ਪੰਜਾਬ ਨੂੰ ਸਭ ਤੋਂ ਵੱਧ ਖੋਖਲਾ ਨਸ਼ਾ ਕਰ ਰਿਹਾ ਹੈ। ਇੱਥੇ ਨਸ਼ਾਂ ਪੰਜਾਬ ਦੀ ਨਸ-ਨਸ ਵਿੱਚ ਵੜ ਚੁੱਕਾ ਹੈ। ਨੌਜਵਾਨ ਪੀੜੀ ਬੇਰੁਜਗਾਰੀ ਕਾਰਨ ਤਨਾਓ ਦਾ ਸ਼ਿਕਾਰ ਹੋ ਕੇ ਨਸ਼ਾ ਕਰਦੀ ਹੈ, ਤੇ ਨਸ਼ੇ ਦੀ ਘਾਟ ਪੂਰੀ ਕਰਨ ਲਈ ਉਤੋਂ ਲੁੱਟਾਂ ਖੋਹਾਂ ਤੇ ਉਤਾਰੂ ਹੋ ਜਾਂਦੀ ਹੈ। ਇਸ ਤੋਂ ਵੱਧ ਅੱਜ ਗੈਂਗਸਟਰਾਂ ਨੇ ਵੀ ਪੰਜਾਬ ਦੀ ਆਬੋ-ਹਵਾ ਖਰਾਬ ਹੋ ਚੁੱਕੀ ਹੈ। ਅਖਬਾਰਾਂ ਵੀ ਲੁੱਟਾਂ-ਖੋਹਾਂ ਤੇ ਮਾਰ ਕੱਟ ਨਾਲ ਭਰੀਆਂ ਮਿਲਦੀਆਂ ਨੇ ਰੋਜ। ਜਿਸ ਕੋਲ ਚਾਰ ਪੈਸੇ ਹੁੰਦੇ ਹਨ, ਉਸਨੂੰ ਧਮਕੀਆਂ ਮਿਲਣੀਆਂ ਸੁਰੂ ਹੋ ਜਾਂਦੀਆਂ ਨੇ ਜੀ। ਸਰ ਜੀ, ਮੁੱਕਦੀ ਗੱਲ਼, ਏਥੇ ਨਾ ਕੋਈ ਰੱਜ ਕੇ ਕਮਾ ਸਕਦਾ, ਨਾ ਹੰਢਾ ਸਕਦਾ ਤੇ ਨਾ ਹੀ ਕਮਾਈ ਲੁਕਾ ਕੇ ਰੱਖ ਸਕਦਾ।”
ਹੋਰ ਸੁਣੋ, ਕੱਲ਼ ਮੇਰੇ ਮਾਮੇ ਦੇ ਮੁੰਡੇ ਨੇ ਫੋਨ ਕੀਤਾ ਤੇ ਦੱਸਿਆ ਕਿ ਉਨੇ ਕਨੇਡਾ ਵਿੱਚ ਆਪਣੇ ਮੰਮੀ ਡੈਡੀ ਨੂੰ ਸੂਪਰ ਵੀਜੇ ਤੇ ਬੁਲਾਇਆ ਸੀ ਉਹ ਪੱਕੇ ਹੋ ਗਏ ਤੇ ਹੁਣ ਦੋਵਾਂ ਦੀ ਪੈਂਤੀ ਸੌ ਡਾਲਰ ਮਹੀਨਾ ਪੈਨਸ਼ਨ ਲੱਗ ਗਈ ਹੈ, ਇਧਰ ਦੇ ਲਗਭਗ ਦੋ-ਸਵਾ ਦੋ ਲੱਖ ਰੁਪਏ ਤਾਂ ਬੁਢਾਪਾ ਪੈਨਸ਼ਨ ਲੱਗੀ ਆ, ਇੱਧਰ ਵੇਖੋ ਪਹਿਲਾਂ ਤਾਂ ਬੁਢਾਪਾ ਪੈਨਸ਼ਨ ਦਾ ਫਾਰਮ ਹੀ ਛੇਤੀ ਕੰਪਲੀਟ ਨਹੀਂ ਹੁੰਦਾ, ਪਤਾ ਨੀ ਕਿੰਨੀਆਂ ਰਿਪੋਟਾਂ ਲੱਗਦੀਆਂ ਨੇ, ਨੰਬਰਦਾਰ, ਸਰਪੰਚ, ਪਟਵਾਰੀ, ਕਾਨੂੰਗੋ, ਤਸੀਲਦਾਰ, ਫੇਰ ਜੇ ਫਾਰਮ ਭਰ ਵੀ ਲਈਏ ਤਾਂ ਸੇਵਾ ਕੇਂਦਰਾਂ ਦੀਆਂ ਲੰਮੀਆਂ ਲੰਮੀਆਂ ਲਾਇਨਾਂ ਤੇ ਉੱਤੋਂ ਫੇਰ ਨੁਕਸ ਨਿਕਲ ਆਵੇ, ਕੋਈ ਕਾਗਜ ਘੱਟ ਵੱਧ ਹੋਜੇ ਤਾਂ ਫੇਰ ਦਫਤਰਾਂ ਦੇ ਚੱਕਰ, ਚਲੋ ਜੇ ਰਿੜ-ਪੁੜ ਕੇ ਬੁਢਾਪਾ ਪੈਨਸ਼ਨ ਲੱਗ ਹੀ ਗਈ ਤਾਂ ਫੇਰ ਪਿੰਡ ਦੀ ਪਾਰਟੀਬਾਜੀ ਨਾਲ ਮੱਥਾ ਲੱਗ ਜਾਂਦੈ,,ਜੇ ਤਾਂ ਸਰਪੰਚ ਤੁਹਾਡੀ ਪਾਰਟੀ ਦਾ ਹੈ ਤਾਂ ਪੈਨਸ਼ਨ ਚੱਲਦੀ ਰਹੂ,. ਪਰ ਜੇ ਵਿਰੋਧੀ ਪਾਰਟੀ ਦਾ ਹੈ ਤਾਂ ਜਦੋਂ ਉਹ ਪਾਵਰ ਵਿੱਚ ਆਉਂਦੇ ਨੇ, ਪੈਨਸ਼ਨ ਹੀ ਕੱਟੀ ਜਾਂਦੀ ਐ,,ਜੇ ਏਸ ਮੁਸ਼ਕਲ ਤੋਂ ਬਚ ਗਏ ਤਾਂ ਸਰਕਾਰ ਦਾ ਬਜਟ-ਫੰਡ ਘੱਟ ਜਾਂਦੈ ਜਾਂ ਲੇਟ ਪਹੁੰਚਦਾ ਦਫਤਰਾਂ ਕੋਲ ਤਿੰਨ-ਤਿੰਨ ਮਹੀਨੇ ਪੈਨਸ਼ਨ ਰੁਕੀ ਰਹਿੰਦੀਹੈ। ਦੱਸੋ ਏਹੋ ਬਜੁਰਗਾਂ ਦਾ ਸਹਾਰਾ ਹੁੰਦੈ ਜੇ ਉਹ ਵੀ ਨਾ ਸਮੇਂ ਸਿਰ ਬਹੁੜੇ ਤਾਂ ਡਾਹਢੀ ਮੁਸ਼ਕਲ ਆਉਂਦੀ ਹੈ। ਸਿਵਲ ਹਸਪਤਾਲ ”
ਮੈਨੂੰ ਲੱਗਾ ਜਿਵੇਂ ਉਹ ਮੁੰਡੇ ਬਿਲਕੁਲ ਠੀਕ ਹੀ ਕਹਿ ਰਹੇ ਸਨ। । ਉਮਰ ਪੱਖੋਂ ਭਾਵੇਂ ਅਲੂੰਏ ਜਿਹੇ ਸਨ, ਪਰ ਉਨਾਂ ਦੀ ਸੋਚ, ਵਿਚਾਰ ਤੇ ਤਜਰਬੇ ਗਹਿਰੇ ਸਨ।
ਫੇਰ ਕੁਝ ਮਹੀਨੇ ਪਹਿਲਾਂ ਇੱਕ ਅਖਬਾਰ ਦੀ ਹੈੱਡਲਾਇਨ ਮੇਰੇ ਜਿਹਨ ਵਿੱਚ ਘੁੰਮਣ ਲੱਗੀ ਜਿਸ ਵਿੱਚ ਕਿਹਾ ਗਿਆ ਸੀ ਵਈ, ਭਾਰਤ ਵਿੱਚ ਪਹਿਲੇ ਸੱਤ ਸੂਬਿਆਂ ਵਿੱਚ ਪੰਜਾਬ ਦਾ ਵੀ ਨਾਮ ਆਉਂਦਾ ਹੈ ਜਿੱਥੇ ਸਾਲ 2023 ਦੌਰਾਨ ਸਭ ਤੋਂ ਜਿਆਦਾ ਪਾਸਪੋਰਟ ਬਣੇ ਹਨ। ਸਭ ਤੋਂ ਪਹਿਲੇ ਨੰਬਰ ਤੇ ਕੇਰਲਾ ਦਾ ਨਾਮ ਆਉਂਦਾ ਹੈ। ਪੰਜਾਬ ਦੇ ਹਰ ਪਰਿਵਾਰ ਵਿੱਚ ਹਰ ਬੱਚੇ ਦਾ ਪਾਸਪੋਰਟ ਬਨਣਾ ਅੱਜਕਲ ਲਾਜਮੀ ਹੋ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਬਾਹਰ ਜਾਣ ਤੇ ਵੱਸਣ ਦਾ ਰੁਝਾਨ ਕਿੰਨਾ ਵੱਧ ਗਿਆ ਹੈ। ਇਕ ਵਿਦੇਸ਼ੀ ਨਿਊਜ ਏਜੰਸੀ ਹੀਨਲੇ ਅਤੇ ਪਾਰਟਨਰਜ ਮੁਤਾਬਕ ਲਗਭਗ 5100 ਭਾਰਤੀ ਕਰੋੜਪਤੀ ਸਾਲ 2023 ਵਿੱਚ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਲਈ ਪਾਲਇਨ ਕਰ ਚੁੱਕੇ ਹਨ ਲਗਭਗ 4300 ਕਰੋੜਪਤੀ ਲੋਕ ਹੋਰ ਇਸ ਸਾਲ ਜਾ ਸਕਦੇ ਅਜਿਹਾ ਅਨੁਮਾਨਿਤ ਹੈ। ਇਨਾਂ ਲੋਕਾਂ ਦੇ ਪਲਾਇਨ ਕਰਨ ਦਾ ਮੁੱਖ ਉਦੇਸ਼, ਵਧੀਆਂ ਭਵਿੱਖ ਤੇ ਖੁਸ਼ਹਾਲ ਜੀਵਨ, ਸਾਫ ਸੁੱਥਰੇ ਵਾਤਾਵਰਨ ਤੇ ਸਿਹਤ ਸੇਵਾਵਾਂ, ਬੱਚਿਆਂ ਦੀ ਵਧੀਆ ਪੜਾਈ ਆਦਿ ਮੁੱਖ ਹਨ। ਇਨਾਂ ਲੋਕਾਂ ਦੀ ਮੁੱਖ ਤਰਜੀਹ ਵਿੱਚ ਪਹਿਲੇ ਨੰਬਰ ਤੇ ਦੁਬਈ ਨੂੰ ਮੁੱਖ ਰੂਪ ਵਿੱਚ ਤੇ ਅਮਰੀਕਾ, ਆਸਟਰੇਲਿਆ ਤੇ ਕਨੇਡਾ ਆਦਿ ਦੂਜੇ ਨੰਬਰ ਤੇ ਆਉਂਦੇ ਹਨ।
ਹੁਣ, ਅੱਗੇ ਮੇਰੇ ਪਿੰਡ ਦਾ ਬਸ ਅੱਡਾ ਆ ਰਿਹਾ ਸੀ।
ਮੈਂ ਬਾਹਰ ਤਾਕੀ ਵਿੱਚੋਂ ਵੇਖਿਆ, ਬੱਸ ਦੇ ਤੇਜ ਭੱਜਣ ਨਾਲ ਬਾਹਰਲੇ ਦਿਸਦੇ ਹਰਿਆਲੀ ਭਰਪੂਰ ਖੇਤ, ਰੁੱਖ-ਝਾੜੀਆਂ ਪਿੱਛੇ ਲੰਘਦੇ ਏਵੇਂ ਲੱਗ ਰਹੇ ਸਨ ਜਿਵੇਂ ਪੰਜਾਬ ਦੀ ਨਵੀਂ ਪੀੜੀ ਦੇ ਨੌਜੁਆਨ, ਪੁਰਾਣੀ ਨੂੰ ਲਿਤਾੜ ਤੇ ਪੰਜਾਬ ਦੇ ਸਭਿਆਚਾਰ, ਪਿਆਰ ਸਭ ਨੂੰ ਰੌਂਦਦੇ ਦੌੜੇ ਜਾ ਰਹੇ ਸਨ ਪਤਾ ਨੀ ਕਿਹੜੇ ਅਣਦਿਸਹੱਦਿਆਂ ਦੀ ਦੌੜ ਦੌੜਦੇ। ਸ਼ਾਇਦ ਇਹ ਨੌਜਵਾਨ ਪੀੜੀ ਵੀ ਠੀਕ ਦਿਸ਼ਾ ਵੱਲ ਨੂੰ ਦੌੜ ਰਹੀ ਸੀ।
ਪਿੰਡ ਦਾ ਬੱਸ ਅੱਡਾ ਆਇਆ, ਮੈਂ ਉੱਤਰਿਆ ਤੇ ਉਹ ਦੋਵੇਂ ਮੁੰਡੇ ਬਸ ਅੰਦਰੋਂ ਮੈਨੂੰ ਦੇਖ ਰਹੇ ਸਨ, ਸ਼ਾਇਦ ਉਨਾਂ ਨੂੰ ਵੀ ਅੱਜ ਆਪਣੇ ਅੰਦਰਲੇ ਆਪੇ ਨੂੰ ਬਿਆਨ ਕਰਨ ਦਾ ਪੂਰਾ ਮੌਕਾ ਮਿਲ ਗਿਆ ਸੀ ਤੇ ਉਨਾਂ ਦੇ ਆਪਣੇ ਭਵਿੱਖ ਨੂੰ ਲੈ ਕੇ ਇਰਾਦੇ-ਨਿਸ਼ਾਨੇ ਬਿਲਕੁਲ ਸਹੀ ਸਨ, ਏਹ ਉਨਾਂ ਦੇ ਆਤਮ ਵਿਸ਼ਵਾਸ਼ ਨਾਲ ਭਰੇ ਚੇਹਰੇ ਤੇ ਅੱਖਾਂ ਸਾਫ ਦੱਸ ਰਹੀਆਂ ਸਨ।
ਉਨਾਂ ਮੁੰਡਿਆਂ ਨੇ ਮੇਰੇ ਨਾਲ ਹਲਕੀ ਜਿਹੀ ਮੁਸਕਰਾਹਟ ਦੀ ਸਾਂਝ ਪਾਈ ਤੇ ਨਾਲ ਹੀ ਬਸ ਚੱਲ ਪਈ।
ਮੈਂ ਅਜੇ ਵੀ ਉੱਥੇ ਹੀ ਖਲੋਤਾ ਸੀ, ਹੌਲੀ-ਹੌਲੀ ਬੱਸ ਨਜਰੋਂ ਉਹਲੇ ਹੋ ਗਈ। ਹੁਣ ਮੇਰੇ ਤੇ ਉਨਾਂ ਬਸ ਵਾਲੇ ਮੁੰਡਿਆਂ ਵਿਚਾਲੇ ਦੂਰੀ ਬਹੁਤ ਵੱਧ ਗਈ ਸੀ ਜਿਵੇਂ ਪੰਜਾਬ ਤੇ ਉਸਦੀ ਅਜੋਕੀ ਨੋਜਵਾਨ ਪੀੜੀ ਵਿਚਾਲੇ।