ਆਕਸਫ਼ੋਰਡ – ਬੀਤੇ ਦਿਨ ਏਥੇ ਗੁਰਦੁਆਰਾ ਸਿੰਘ ਸਭਾ ਆਕਸਫ਼ੋਰਡ ਵਿਚ ਹਏ ਦੀਵਾਨ ਵਿਚ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਨਾਲ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਗ੍ਰਿਫ਼ਤਾਰ ਕੀਤੇ ਗਏ ਤੇ ਹੋਰ ਸਿੰਘਾਂ ਨੂੰ 27 ਫ਼ਰਵਰੀ 1716 ਦੇ ਦਿਨ ਦਿੱਲੀ ਪਹੁੰਚਾਇਆ ਗਿਆ ਸੀ ਤੇ 5 ਮਾਰਚ ਤੋਂ ਇਕ-ਇਕ ਸੌ ਨੂੰ ਰੋਜ਼ ਸ਼ਹੀਦ ਕੀਤਾ ਗਿਆ ਸੀ।ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸ਼੍ਰੋਮਣੀ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੈਸ਼ਨਲ ਪਰੋਫ਼ੈਸਰ ਆਫ਼ ਸਿੱਖ ਹਿਸਟਰੀ ਉੇਚੇਚੇ ਤੌਰ ‘ਤੇ ਆਕਸਫ਼ੋਰਡ ਪੁੱਜੇ ਹੋਏ ਸਨ; ਉਨ੍ਹਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਇਕ ਚਮਤਕਾਰ ਸੀ ਜਿਸ ਨੇ ਮੁਲਕ ਦੀ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਸੀ ਅਤੇ ਸੱਤ ਸੌ ਸਾਲ ਮਗਰੋਂ ਕਿਸੇ ਖਿੱਤੇ ਵਿਚ ਵਿਦੇਸ਼ੀ ਹਕੂਮਤ ਨੂੰ ਖ਼ਤਮ ਕੀਤਾ ਸੀ। ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਉਹ ਪਹਿਲਾ ਬਾਦਸ਼ਾਹ ਸੀ ਜਿਸ ਨੇ ਆਪਣੇ ਨਾਂ ‘ਤੇ ਸਿੱਕਾ ਜਾਰੀ ਨਹੀਂ ਕੀਤਾ ਤੇ ਅਕਾਲ ਪੁਰਖ ਦੇ ਨਾਂ ‘ਤੇ ਜਾਰੀ ਕੀਤਾ ਸੀ; ਉਹ ਪਹਿਲਾ ਅਸਲ ਰਾਜਾ ਸੀ ਜਿਸ ਨੇ ਕਾਸ਼ਤਕਾਰ ਨੂੰ ਜ਼ਮੀਨ ਦਾ ਹਾਕਮ ਬਣਇਆ ਸੀ; ਉਸ ਮਹਾਨ ਜਰਨੈਲ ਦੀ ਸ਼ਹੀਦੀ ਵੀ ਦੁਨੀਆਂ ਵਿਚ ਲਾਸਾਨੀ ਸੀ। ਡਾ ਦਿਲਗੀਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਬੰਦਾ ਸਿੰਘ ਬਹਾਦਰ ਦੇ ਮੁਕਾਬਲੇ ਵਿਚ ਬੌਣਾ ਰਾਜਾ ਸੀ; ਬੰਦਾ ਸਿੰਘ ਦਾ ਰਾਜ ਸਿੱਖੀ ਅਸੂਲਾਂ ਮੁਤਾਬਿਕ ਸੀ ਜਦ ਕਿ ਰਣਜੀਤ ਸਿੰਘ ਨੇ ਖ਼ਾਨਦਾਨੀ ਹਕੂਮਤ ਕਇਮ ਕੀਤੀ ਸੀ ਜਿਸ ਨੂੰ ਉਸ ਦੇ ਪੈਦਾ ਕੀਤੇ ਚਾਪਲੂਸ ਡੋਗਰਿਆਂ ਤੇ ਬ੍ਰਾਹਮਣਾਂ ਨੇ ਗ਼ਦਾਰੀ ਕਰ ਕੇ ਖ਼ਤਮ ਕਰ ਦਿੱਤਾ। ਸਮਾਗਮ ਮਗਰੋਂ ਗੁਰਦੁਆਰਾ ਦੇ ਪ੍ਰਧਾਨ ਅਤੇ ਮੁਖ ਗ੍ਰੰਥੀ ਵੱਲੋਂ ਡਾ ਦਿਲਗੀਰ ਨੂੰ ਸਿਰੋਪਾਓ ਬਖ਼ਸ਼ਿਸ਼ ਕੀਤਾ ਗਿਆ। ਇਸ ਮੌਕੇ ਤੇ ਟਾਈਗਰ ਜਥਾ ਦੇ ਆਗੂ ਪ੍ਰਭਦੀਪ ਸਿੰਘ, ਗੁਰਦੁਆਰੇ ਦੇ ਸਾਬਕਾ ਪ੍ਰਧਾਨ ਸ ਪਰਗਨ ਸਿੰਘ ਤੇ ਹੋਰ ਬਹੁਤ ਪਤਵੰਤੇ ਵੀ ਹਾਜ਼ਰ ਸਨ।