ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੀ ਅਗਵਾਈ ਵਿਚ
ਇਕ ਪ੍ਰਤੀਨਿਧੀ ਮੰਡਲ ਨੇ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ, ਦੇ ਨਾਲ ਉਨ੍ਹਾਂ ਦੇ ਦਫਤਰ ਵਿਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਇਕ ਮੰਗ
ਪੱਤਰ ਪੇਸ਼ ਕੀਤਾ। ਜਿਸ ਵਿਚ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਨੂੰ ਜਲਦੀ ਖਤਮ ਕਰਨ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਨਾਲ ਹੋਈ ਮੁਲਾਕਾਤ ਅਤੇ
ਅਦਾਲਤ ਵਲੋਂ ਕੀਤੀ ਗਈ ਕੇਂਦਰ ਸਰਕਾਰ ਨੂੰ ਹਿਦਾਇਤ ਦੇ ਵੇਰਵੇ ਦੇ ਕੇ ਮੰਗ ਕੀਤੀ ਗਈ ਹੈ ਕਿ ਇਸ ਕਾਲੀ ਸੂਚੀ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਏ, ਤਾਂ ਜੋ ਦਹਾਕਿਆਂ ਤੋਂ ਪਰਿਵਾਰਾਂ ਨਾਲੋਂ ਵਿਛੜੇ ਸਿੱਖ ਦੇਸ਼ ਵਾਪਸ ਆ ਕੇ ਉਨ੍ਹਾਂ ਨਾਲ ਮਿਲ-ਬੈਠ ਸਕਣ ਤੇ ਦੇਸ਼ ਦੀ ਮੁੱਖ
ਧਾਰਾ ਵਿਚ ਸ਼ਾਮਲ ਹੋ ਸਕਣ।ਇਸ ਦੇ ਨਾਲ ਹੀ ਮੰਗ ਪੱਤਰ ਵਿਚ ਅੰਤਰਰਾਸ਼ਟਰੀ ਹਵਾਈ ਅੱਡਿਆਂ ਪੁਰ ਯੂਰਪ ਵਿਚ ਵਸਦੇ ਸਿੱਖਾਂ ਦੀਆਂ ਪੱਗੜੀਆਂ ਦੀ ਤਲਾਸ਼ੀ ਲਏ ਜਾਣ ਦੇ ਸਬੰਧ ਵਿਚ ਵੇਰਵੇ ਦਿੰਦਿਆਂ ਮੰਗ ਕੀਤੀ ਗਈ ਕਿ ਸਿੱਖਾਂ ਨੂੰ ਇਸ ਅਪਮਾਨਜਨਕ ਸਥਿਤੀ ਤੋਂ ਬਚਾਉਣ ਲਈ ਯੂਰਪੀਅਨ ਕੋਰਟ ਵਿਚ ਇਹ ਮਾਮਲਾ ਲਿਜਾਇਆ ਜਾਏ। ਇਸ ਦੇ ਨਾਲ ਹੀ ਇਹ ਸੁਝਾਉ ਵੀ ਦਿੱਤਾ ਗਿਆ ਕਿ ਵਿਦੇਸ਼ਾਂ ਦੀਆਂ ਸਰਾਕਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕਿਹਾ ਜਾਏ ਕਿ ਜੇ ਹਵਾਈ ਅੱਡਿਆਂ ਤੇ ਸਥਾਪਤ ਮੈਟਲ ਡਿਟੈਕਟਰ ਕਿਸੇ ਸਿੱਖ ਦੀ ਪੱਗੜੀ ਵਿਚ ਕੋਈ ਇਤਰਾਜ਼ਯੋਗ ਵਸਤ ਹੋਣ ਦਾ ਸੰਕੇਤ ਦੇਵੇ ਤਾਂ ਉਸ ਦੀ ਤਲਾਸ਼ੀ ਇਕ ਵੱਖਰੇ ਕੈਬਿਨ ਵਿਚ, ਜਿਵੇਂ ਕਿ ਔਰਤਾਂ ਦੀ ਤਲਾਸ਼ੀ ਵੱਖਰੇ ਕੈਬਿਨ ਵਿਚ ਲਈ ਲਈ ਜਾਂਦੀ ਹੈ, ਲਈ ਜਾਵੇ ਤਾਂ ਜੋ ਉਸ ਨੂੰ ਆਮ ਲੋਕਾਂ ਸਾਮ੍ਹਣੇ ਅਪਮਾਨਤ ਹੋਣ ਤੋਂ ਬਚਾਇਆ ਜਾ ਸਕੇ। ਪੱਤਰ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਗੁਰਦੁਆਰਾ ਕਮੇਟੀ ਦੇ ਮੁਖੀ ਇਹ ਬਿਲਕੁਲ ਨਹੀਂ ਚਾਹੁੰਦ, ਕੋਈ ਸਿੱਖ ਆਪਣੀ ਪੱਗੜੀ ਵਿਚ ਕੋਈ ਵਿਵਰਜਿਤ ਵਸਤੂ ਛੁਪਾ ਕੇ ਲਿਜਾਵੇ, ਜਿਸ ਨਾਲ ਸਮੁੱਚੀ ਸਿੱਖ ਕੌਮ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰੇ ਤੇ ਦੂਜਿਆਂ ਵਿਚ ਸਿੱਖਾਂ ਬਾਰੇ ਗਲਤ ਪ੍ਰਭਾਵ ਜਾਏ।
ਇਸ ਪੱਤਰ ਵਿਚ 28-29 ਮਾਰਚ ਨੂੰ ਭਾਰਤ-ਪਾਕਿਸਤਾਨ ਵਿਚ ਸੈਕਟਰੀ ਪੱਧਰ ਤੇ ਹੋਣ ਵਾਲੀ ਗੱਲਬਾਤ ਵਿਚ ਗੁਰਦੁਆਰਾ
ਕਰਤਾਰਪੁਰ ਤੱਕ ਕੌਰੀਡੋਰ ਕਾਇਮ ਕਰਨ ਦੇ ਮੁੱਦੇ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਸ. ਪਰਮਜੀਤ ਸਿੰਘ ਸਰਨਾ ਨੇ ਵਿਦੇਸ਼ ਰਾਜ ਮੰਤਰੀ ਨੂੰ ਇਨ੍ਹਾਂ ਮੰਗਾਂ ਨਾਲ ਜੁੜੀਆਂ ਸਿੱਖ ਭਾਵਨਾਵਾਂ ਅਤੇ ਮੁੱਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੁਲਾਕਾਤ ਤੋਂ ਬਾਅਦ ਸ. ਸਰਨਾ ਨੇ ਦੱਸਿਆ ਕਿ ਵਿਦੇਸ਼ ਰਾਜ ਮੰਤਰੀ, ਸ੍ਰੀਮਤੀ ਪ੍ਰਨੀਤ ਕੌਰ ਨੇ ਪ੍ਰਤੀਨਿਧੀ ਮੰਡਲ ਨੂੰ
ਵਿਸ਼ਵਾਸ ਦੁਆਇਆ ਕਿ ਉਹ ਇਨ੍ਹਾਂ ਮੰਗਾਂ ਪ੍ਰਤੀ ਸਾਰਥਕ ਪਹੁੰਚ ਅਪਨਾਉਣਗੇ। ਪ੍ਰਤੀਨਿਧੀ ਮੰਡਲ ਵਿਚ ਸ. ਪਰਮਜੀਤ ਸਿੰਘ ਸਰਨਾ ਦੇ ਨਾਲ ਸ. ਹਰਵਿੰਦਰ ਸਿੰਘ ਸਰਨਾ, ਐਡਵੋਕੇਟ ਕੇ. ਟੀ. ਐਸ. ਤੁਲਸੀ ਆਦਿ ਹੋਰ ਮੁਖੀ ਵੀ ਸ਼ਾਮਲ ਸਨ।