ਚੇਤੰਨਤਾ ਨਾਲ ਬੁਢਾਪਾ ਵੀ ਖੁਸ਼ਹਾਲ ਰਹਿ ਸਕਦਾ ਹੈ

ਜੀਵਨ-ਯਾਤਰਾ ਦਾ ਅਖੀਰਲਾ ਸਫਰ ਜਿੱਥੇ ਬਹੁਤ ਸਾਰੀਆ ਚੁਣੌਤੀਆਂ ਭਰਪੂਰ ਹੁੰਦਾ ਹੈ, ਉੱਥੇ ਇੱਕ ਵੱਖਰੇ ਰੰਗ ਦਾ, ਵੱਖਰੇ ਅੰਦਾਜ ਦਾ ਵੀ ਹੁੰਦਾ ਹੈ। ਆਮ ਤੌਰ ਤੇ 60 ਜਾਂ 65 ਸਾਲ ਤੋਂ ਆਰੰਭ ਹੋਇਆ ਇਹ ਸਫਰ “ਇੱਕ ਲੰਮੀ ਗੂੜ੍ਹੀ ਨੀਂਦ” ਤੇ ਆਣ ਕੇ ਖਤਮ ਹੁੰਦਾ ਹੈ। ਜਿਥੇ ਕੁਝ ਭਾਗਾਂ ਵਾਲੇ ਇਸ ਸਫਰ ਦਾ ਆਨੰਦ ਵੀ ਮਾਣਦੇ ਹਨ, ਪਰ ਬਹੁ-ਗਿਣਤੀ ਇਸ ਸਮੇਂ ਦੁੱਖਾਂ, ਤਕਲੀਫਾਂ, ਉਦਾਸੀਆਂ, ਸ਼ਿਕਵੇ-ਸ਼ਿਕਾਇਤਾਂ ਅਤੇ ਬੇਚਾਰਗੀ ਵਿੱਚ ਇਸ ਸਫਰ ਨੂੰ ਰੋ ਰੋ ਕੱਟਦੇ ਹਨ। ਹਰ ਸਾਲ ਅਕਤੂਬਰ ਮਹੀਨੇ ਦਾ ਪਹਿਲਾ ਦਿਨ (1 ਅਕਤੂਬਰ) ਇਸ ਸਫਰ ਦੇ ਪਾਂਧੀਆਂ ਨੂੰ ਸਮਰਪਿਤ ਕੀਤਾ ਗਿਆ ਹੈ।ਸਭ ਤੋਂ ਪਹਿਲਾਂ ਇਸ ਅੰਤਰ-ਰਾਸ਼ਟਰੀ ਦਿਵਸ ਬਾਰੇ ਜਾਣੀਏ….

ਸੰਯੁਕਤ ਰਾਸ਼ਟਰ ਇਸ ਦਿਨ ਸਾਰੇ ਰਾਸ਼ਟਰਾਂ ਨੂੰ ਬਜੁਰਗ ਵਿਅਕਤੀਆਂ ਅਤੇ ਬੁਢਾਪੇ ਪ੍ਰਤੀ ਪੈਦਾ ਹੋਈਆਂ ਗਲਤ-ਮਾਨਤਾਵਾਂ ਪ੍ਰਤੀ ਧਿਆਨ ਦਿਵਾਉਣ, ਇਹਨਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਇਹਨਾਂ ਨੂੰ ਪੇਸ਼ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰਨ, ਅਤੇ ਬਜੁਰਗ ਵਿਅਕਤੀਆਂ ਨੂੰ ਆਪਣੀ ਸਮਰੱਥਾ ਅਤੇ ਅਧਿਕਾਰਾਂ ਬਾਰੇ ਜਾਗ੍ਰਤ ਕਰਨ ਲਈ ਇਹ ਦਿਨ ਮਨਾਉਂਦਾ ਹੈ।14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਆਪਣੇ ਮਤੇ ਰਾਹੀਂ 1 ਅਕਤੂਬਰ ਦੇ ਦਿਨ ਨੂੰ ਬਜੁਰਗਾਂ ਦੇ ਦਿਨ ਵਜੋਂ ਐਲਾਨ ਕੀਤਾ ਸੀ।ਇਹ ਵੀਆਨਾ ਦੇ ਬੁਢਾਪੇ ਬਾਰੇ ਅੰਤਰਰਾਸ਼ਟਰੀ ਐਕਸ਼ਨ ਪਲੈਨ ਦੇ ਸਿੱਟੇ ਵਜੋਂ ਸੀ,ਜਿਸ ਨੂੰ ਬੁਢਾਪੇ ਬਾਰੇ ਬਣੀ ਵਿਸਵ-ਅਸੈਂਬਲੀ ਨੇ 1982 ਵਿੱਚ ਸਵੀਕਾਰ ਕਰ ਲਿਆ ਸੀ ਅਤੇ ਬਾਅਦ ਵਿੱਚ ਯੂ.ਐਨ.ਦੀ ਜਨਰਲ ਅਸੈਂਬਲੀ ਨੇ ਵੀ ਇਸਦੀ ਪ੍ਰੋੜਤਾ ਕਰ ਦਿੱਤੀ ਸੀ।

ਪਿਛਲੇ ਦਹਾਕਿਆਂ ਵਿੱਚ ਵਿਸ਼ਵ-ਜਨਸੰਖਿਆ ਦੀ ਬਣਤਰ ਵਿੱਚ ਵੱਡੀ ਤਬਦੀਲੀ ਆਈ ਹੈ। ਔਸਤ ਉਮਰ  ਵੱਧ ਕੇ 75 ਸਾਲ ਹੋਈ ਹੈ।2021 ਵਿੱਚ ਵਿਸ਼ਵ ਦੇ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗਿਣਤੀ 761 ਮਿਲੀਅਨ ਸੀ ,ਜੋ ਕਿ ਇੱਕ ਅਨੁਮਾਨ ਅਨੁਸਾਰ 2050 ਤੱਕ ਇਹ ਲੱਗਭੱਗ 1.5 ਬਿਲੀਅਨ ਤੋਂ ਵੱਧ (ਦੁੱਗਣੇ ਤੋਂ ਵੀ ਵੱਧ ),ਹੋ ਜਾਵੇਗੀ। ਤ੍ਰਾਸਦੀ ਇਹ ਵੀ ਕਿ ਇਸ ਦੀ ਦੋ-ਤਿਹਾਈ ਤੋਂ ਵੀ ਵੱਧ (1.1 ਬਿਲੀਅਨ) ਘੱਟ-ਵਿਕਸਿਤ ਅਤੇ ਅਵਿਕਸਿਤ ਦੇਸ਼ਾਂ ਵਿੱਚ ਹੋੇੲਗੀ। ਇਸ ਤਰਾਂ ਵਿਸਵ-ਜਨਸੰਖਿਆ ਦਾ ਵੱਡਾ ਹਿੱਸਾ ਸਾਡੇ ਸਭ ਦਾ ਧਿਆਨ ਮੰਗਦਾ ਹੈ।

ਸਾਨੂੰ ਬਜੁਰਗ ਵਿਅਕਤੀਆਂ ਲਈ ਇਹ ਦਿਨ ਇਸ ਲਈ ਮਨਾਉਣਾ ਚਾਹੀਦਾ ਹੈ ਕਿਉਂਕਿ ਪਹਿਲੀ ਗੱਲ ਉਹ ਸਭ ਸਾਡੇ ਸਤਿਕਾਰ ਦੇ ਪਾਤਰ ਹਨ। ਦੂਜੀ, ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸਿੱਖਿਅਤ ਕਰਨਾ ਚਾਹੁੰਦੇ ਹਾਂ ਅਤੇ ਤੀਸਰੀ ਇਹ ਕਿ ਅਸੀਂ ਸਭ ਕੁਝ ਨਹੀਂ ਜਾਣਦੇ ਜਦਕਿ ਉਹਨਾਂ ਕੋਲ ਜੀਵਨ-ਤਜਰਬੇ ਦਾ ਵੱਡਾ ਖਜਾਨਾ  ਹੈ।
ਸੰਯੁਕਤ ਰਾਸ਼ਟਰ ਹਰ ਸਾਲ ਇਸ ਦਿਨ ਨੂੰ ਮਨਾਉਣ ਲਈ ਇੱਕ ਥੀਮ (ਉਦੇਸ਼) ਦਿੰਦਾ ਹੈ,ਸਾਰੀਆਂ ਗਤੀਵਿਧੀਆਂ ਇਸ ਥੀਮ ਤੇ ਹੀ ਕੇਂਦਰਿਤ ਹੁੰਦੀਆਂ ਹਨ।

2024 ਦਾ ਥੀਮ ਹੈ : Ageing with Dignity: The Importance of Strengthening Care and Support Systems for Older Persons Worldwide.

ਭਾਵ ਬੁਢਾਪਾ ਮਾਣ ਨਾਲ -ਸੰਸਾਰ ਭਰ ਵਿਚ ਬਜ਼ੁਰਗਾਂ ਦਾ ਧਿਆਨ ਰੱਖਣ ਅਤੇ ਆਸਰਾ ਦੇਣ ਦੇ ਪ੍ਰਬੰਧ ਦੀ ਮਹੱਤਤਾ।

ਯੂ ਐਨ ਓ ਵਲੋਂ 7 ਅਕਤੂਬਰ 2024 ਨੂੰ ਇਸ ਦਿਨ ਲਈ ਬਜ਼ੁਰਗਾਂ ਦੇ ਮਾਣ ਵਿਚ ਇੱਕ ਡਾਕ ਟਿਕਟ ਜਾਰੀ ਕੀਤਾ ਜਾਵੇਗਾ।

“ਤੰਦਰੁਸਤ ਬੁਢਾਪੇ ਦੇ ਦਹਾਕੇ” ਵਜੋਂ 2021-30 ਦਾ ਦਹਾਕਾ ਸਰਕਾਰਾਂ, ਸਿਵਲ ਸੁਸਾਇਟੀਆਂ, ਅੰਤਰਰਾਸ਼ਟਰੀ ਸੰਸਥਾਵਾਂ, ਵਿਸ਼ਾ ਮਾਹਿਰ, ਵਿਦਿਅਕ ਅਦਾਰੇ, ਮੀਡੀਆ ਅਤੇ ਨਿਜੀ ਖੇਤਰ ਨੂੰ ਬਜੁਰਗ ਵਿਅਕਤੀਆਂ ਦੀਆਂ ਜਿੰਦਗੀਆਂ ਨੂੰ ਹੋਰ ਸੋਹਣਾ ਬਣਾਉਣ ਲਈ ਵਿਸਲੇਸ਼ਕ-ਪਹੁੰਚ ਨਾਲ ਇੱਕ ਸਾਂਝੇ ਮੰਚ ਤੇ ਲਿਆਉਣ ਲਈ ਇੱਕ ਸੁਨਹਿਰੀ ਮੌਕੇ ਵਜੋਂ ਜਾਣਿਆ ਜਾਏਗਾ।

ਹੁਣ ਕੁਝ ਵਿਚਾਰ ਸਾਡੇ ਅਪਣੇ ਦੇਸ਼ ਦੇ ਬਜੁਰਗਾਂ ਬਾਰੇ। ਇਹਨਾਂ ਦੇ  ਸਾਹਮਣੇ ਮੁੱਖ ਮਸਲੇ ਹਨ-

ਸਭ ਤੋਂ ਪਹਿਲੀ ਅਤੇ ਸਭ ਤੋਂ ਵੱਡੀ ਲੋੜ ਬਣਦਾ ਸਤਿਕਾਰ ਮਿਲਣ ਦੀ ਹੈ। ਕਦੇ ਘਰ ਵਿਚ ਬਜ਼ੁਰਗਾਂ ਦੀ ਹਰ ਗੱਲ ਤੇ ਫੁੱਲ ਚੜ੍ਹਾਏ ਜਾਂਦੇ ਸਨ। ਹਰ ਇਕ ਕੰਮ ਉਹਨਾਂ ਦੀ ਇੱਛਾ ਅਨੁਸਾਰ ਹੁੰਦਾ ਸੀ। ਹਰੇਕ ਮਸਲੇ ਤੇ ਉਹਨਾਂ ਦੀ ਰਾਇ ਲਈ ਜਾਂਦੀ ਸੀ। ਪਰ ਹੁਣ ਵਿਦਿਆ ਦੇ ਪਸਾਰ, ਵਿਗਿਆਨ ਅਤੇ ਤਕਨਾਲੋਜੀ ਦੇ ਘੇਰੇ ਵਿਚ ਆਈ ਨੌਜਵਾਨ ਪੀੜ੍ਹੀ ਮਸ਼ੀਨਾਂ ਵਿਚ ਵਿਚਰਦਿਆਂ ਆਪ ਵੀ ਮਸ਼ੀਨ ਹੀ ਬਣ ਕੇ ਰਹਿ ਗਈ ਹੈ। ਗਿਆਨ ਦਾ ਪਸਾਰ ਹੋਇਆ ਹੈ, ਕੰਪਿਊਟਰ ਅਤੇ ਮੋਬਾਈਲ ਨੇ ਹਰ ਕੰਮ ਸੌਖਾ ਬਣਾ ਦਿੱਤਾ ਹੈ। ਇਸ ਗਿਆਨ ਦੇ ਪਸਾਰੇ ਕਾਰਨ ਅਜੋਕੀ ਪੀੜ੍ਹੀ ਨੂੰ ਬਜ਼ੁਰਗਾਂ ਤੋਂ ਪੁੱਛਣ ਦੀ ਲੋੜ ਨਹੀਂ ਪੈਂਦੀ, ਗੂਗਲ ਬਾਬਾ ਉਹਨਾਂ ਦੇ ਸ਼ੰਕੇ ਵਧੇਰੇ ਨਵਿਰਤ ਕਰ ਦਿੰਦਾ ਹੈ। ਹਰ ਵਿਸ਼ੇ ਦੇ ਮਾਹਰੁ ਮਿਲ ਜਾਂਦੇ ਹਨ ਅਤੇ ਇਸ ਯੁੱਗ ਵਿਚ ਕੋਈ ਵੀ ਗੱਲ ਕਰਨ ਤੋਂ, ਪੁੱਛਣ ਤੋਂ ਜਾਂ ਮਨੋਵਿਗਿਆਨਕ ਅਗਵਾਈ ਲੈਣ ਨੂੰ  ਠੀਕ ਮੰਨਿਆ ਜਾਣ ਲੱਗਿਆ ਹੈ। ਬਜ਼ੁਰਗਾਂ ਦੇ ਲੰਮੇ ਸਾਲਾਂ ਦੇ ਤਜਰਬੇ ਬਹੁਤੇ ਲਾਭਕਾਰੀ ਨਹੀਂ ਹੋ ਰਹੇ। ਸਾਡੀਆਂ ਲੋੜਾਂ, ਰੁਚੀਆਂ, ਪਸੰਦਾਂ,ਪਹਿਲਾਂ ਸਭ ਕੁਝ ਵਿਚ ਬਹੁਤ ਵੱਡੀ ਤਬਦੀਲੀ ਆਈ ਹੈ। ਖਾਣ ਪੀਣ,ਪਹਿਨਣ,ਰਹਿਣ ਸਹਿਣ ਦੇ ਢੰਗ ਤਰੀਕੇ, ਸਾਡੇ ਸੰਬੰਧੀਆਂ ਨਾਲ ਵਰਤ ਵਿਵਹਾਰ ਹਰ ਛੋਟੀ  ਤੋਂ ਛੋਟੀ ਗੱਲ ਵਿਚ ਬਹੁਤ ਵੱਡੀ ਤਬਦੀਲੀ ਆਈ ਹੈ। ਬਜ਼ੁਰਗ ਕਈ ਵਾਰ ਆਪਣੇ ਆਪ ਨੂੰ ਬੇਲੋੜਾ ਜਿਹਾ ਸਮਝਣ ਲੱਗ ਪੈਂਦੇ ਹਨ, ਕਿਉਂਕਿ ਮਸ਼ੀਨੀਕਰਣ ਵਿਚ ਉਹ ਆਪ ਬਹੁਤਾ ਕੁਝ ਕਰ ਨਹੀਂ ਸਕਦੇ ਅਤੇ ਬੱਚਿਆਂ ਨੂੰ ਬਹੁਤੀ ਸਲਾਹ ਮਸ਼ਵਰਾ ਵੀ ਨਹੀਂ ਦੇ ਸਕਦੇ। ਅਜਿਹੀ ਹਾਲਤ ਵਿਚ ਨੌਜਵਾਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਿਰਫ ਲੋੜ ਲਈ ਹੀ ਸਤਿਕਾਰ ਨਹੀਂ ਹੁੰਦਾ। ਉਹਨਾਂ ਨੂੰ ਜਿਸ ਤਰਾਂ ਵੀ ਉਹ ਹਨ, ਉਸ ਵੱਡੀ ਕੁਰਬਾਨੀ ਲਈ ਜਿਹੜੀ ਉਹਨਾਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਜੋਗਾ ਬਣਾਉਣ ਲਈ ਕੀਤੀ ਹੈ, ਉਹ ਸਾਡੇ ਦਿਲੋਂ ਸਤਿਕਾਰ ਦੇ ਪਾਤਰ ਹਨ।

ਦੂਜੀ ਵੱਡੀ ਸਮੱਸਿਆ ਸਮਾਂ ਗੁਜ਼ਾਰਨ ਦੀ ਹੈ। ਪੁਰਾਣੇ ਸਮੇਂ ਵਾਂਗ ਸੱਥਾਂ ਵਿਚ ਬੈਠਣ ਦਾ ਰਿਵਾਜ ਨਹੀਂ ਰਿਹਾ। ਟੀਵੀ ਨੇ ਅਤੇ ਹੋਰ ਸੁਖ ਸਹੂਲਤਾਂ ਨੇ ਸਾਨੂੰ ਘਰ ਦੇ ਅੰਦਰ ਹੀ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਅਜਿਹੇ ਵਿਚ ਇਹ ਬਹੁਤ ਜਰੂਰੀ ਹੈ ਕਿ ਬਜ਼ੁਰਗਾਂ ਕੋਲ ਕੋਈ ਆਪਣਾ ਰੁਝੇਵਾਂ ਜਰੂਰ ਹੋਵੇ। ਇਹ ਰੁਝੇਵਾਂ ਉਹ ਆਪਣੇ ਸ਼ੌਕ ਮੁਤਾਬਕ ਰੱਖ ਸਕਦੇ ਹਨ। ਪੜ੍ਹੇ ਲਿਖੇ ਲੋਕ ਕਿਤਾਬਾਂ ਨਾਲ, ਲਾਇਬ੍ਰੇਰੀਆਂ ਨਾਲ, ਸੰਗੀਤ ਕਲੱਬਾਂ ਨਾਲ ਜੁੜ ਸਕਦੇ ਹਨ। ਕੁਝ ਸਮਾਂ ਉਹ ਆਪਣੇ ਧਾਰਮਿਕ ਅਕੀਦੇ ਅਨੁਸਾਰ ਵੀ ਖਰਚ ਕਰ ਸਕਦੇ ਹਨ। ਪਰ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਹੁਣ ਹੋਰ ਲੋਕਾਂ ਤੇ ਚਰਚਾ ਕਰਨੀ ਸੁਖਾਵੀਂ ਨਹੀਂ ਹੈ। ਇਸ ਵਿਚ ਬਿਲਕੁਲ ਵੀ ਸਮਾਂ ਖਰਚ ਨਹੀਂ ਕਰਨਾ ਚਾਹੀਦਾ।

ਸਿਹਤ ਪ੍ਰਤੀ ਜਾਗਰੂਕ ਹੋਣਾ ਉਹਨਾਂ ਲਈ ਬਹੁਤ ਜਰੂਰੀ ਹੈ। ਖੁਦ ਵੱਲ ਧਿਆਨ ਦੇਣਾ  ਹੀ ਉਹਨਾਂ ਨੂੰ ਠੀਕ ਹਾਲਤ ਵਿਚ ਰੱਖ ਸਕਦਾ ਹੈ। ਸੰਤਾਂ ਨੂੰ ਪਿਆਰ ਕਰਨਾ ਠੀਕ ਹੈ, ਪਰ ਬੱਚਿਆਂ ਦੇ ਸ਼ੌਕ ਖਾਤਰ ਆਪਣੀ ਸਿਹਤ  ਨੂੰ ਦਾਅ ਤੇ ਲਗਾਉਣਾ ਕਿਸੇ ਤਰਾਂ ਵੀ ਜਾਇਜ਼ ਨਹੀਂ ਹੈ। ਇਸ ਸਮੇ ਜਿਥੇ ਆਪਣੀ ਕੀਤੀ ਬੱਚਤ ਨੂੰ ਆਪਣੇ ਤੇ ਖਰਚ ਕਰਨਾ ਜਰੂਰੀ ਹੈ, ਉਥੇ ਆਪਣੀਆਂ ਲੋੜਾਂ, ਅਤੇ ਰੁਚੀਆਂ ਲਈ ਬੱਚਿਆਂ ਤੋਂ ਖਰਚ ਕਰਵਾਉਣਾ ਵੀ ਗਲਤ ਨਹੀਂ ਹੈ। ਬਹੁਤੀ ਵੇਰ ਸ਼ਾਡੇ ਬਜੁਰਗਾਂ ਨੇ ਆਪਣੇ ਬੁਢਾਪੇ ਲਈ ਕੁਝ ਵੀ ਬੱਚਤ ਨਹੀਂ ਕੀਤੀ ਹੁੰਦੀ। ਉਹ ਆਪਣੀ ਜਾਇਦਾਦ ਆਪਣੇ ਬੱਚਿਆਂ ਵਿੱਚ ਵੰਡ ਕੇ ਖੁਸ਼ ਹੁੰਦੇ ਹਨ।ਇਸੇ ਲਈ ਉਹ ਪੁੱਤਰਾਂ ਅਤੇ ਨੂੰਹਾਂ ਤੋਂ ਸੇਵਾ ਅਤੇ ਸਤਿਕਾਰ ਦੀ ਉਮੀਦ ਰੱਖਦੇ ਹਨ।ਇਹ ਨਾ ਮਿਲਣ ਤੇ ਉਦਾਸ ੳਤੇ ਨਿਰਾਸ਼ ਹੁੰਦੇ ਹਨ। ਮੈਡੀਕਲ ਬੀਮਾ ਕਰਵਾਉਣਾ ਨਾ ਤਾਂ ਸਰਕਾਰ ਵੱਲੋਂ ਜਰੂਰੀ ਹੈ, ਨਾ ਹੀ ਇਹ ਬਜੁਰਗ ਆਪ ਇਸ ਦੀ ਮਹੱਤਤਾ ਪ੍ਰਤੀ ਸੁਚੇਤ ਹਨ। ਜਿਸ ਕਰਕੇ ਬੱਚਤ ਨਾ ਹੋਣ ਕਰੇ ਉਹ ਮਹਿੰਗੇ ਇਲਾਜ ਕਰਵਾਉਣ ਤੋਂ ਬਾਂਝੇ ਰਹਿ ਜਾਂਦੇ ਹਨ, ਕਿਉਂਕਿ ਬੱਚਿਆਂ ਨੇ ਪੈਸੇ ਨੂੰ ਆਪਣੀਆਂ ਲੋੜਾਂ ਅਤੇ ਰੁਚੀਆਂ ਅਨੁਸਾਰ ਖਰਚਣਾ ਹੁੰਦਾ ਹੈ।

ਸਾਡੇ ਕਰਨ ਯੋਗ ਉਪਾਅ:- ਬਜੁਰਗ ਸਾਡਾ ਬਹੁਤ ਕੀਮਤੀ ਸਰਮਾਇਆ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਦੀ ਤੰਦਰੁਸਤੀ ਅਤੇ ਖੁਸ਼ੀ ਲਈ ਯਤਨ ਕਰਨੇ ਚਾਹੀਦੇ ਹਨ।ਹਰ ਨੌਜਵਾਨ ਨੂੰ –

ਉਹਨਾਂ ਦੇ ਖਾਣ-ਪੀਣ ਅਤੇ ਸਿਹਤ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ। ਸਮੇਂ ਸਮੇਂ ਤੇ ਮੈਡੀਕਲ ਚੈਕ ਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ।ਉਹਨਾਂ ਦੇ ਕੱਪੜੇ, ਉਹਨਾਂ ਦੇ ਕਮਰੇ ਆਦਿ ਵੱਲ ਉਚੇਚਾ ਧਿਆਨ ਦੇਣ ਦੀ ਜਰੂਰਤ ਹੈ।

ਉਹ ਘਰ ਦੇ ਕਿਸੇ ਕੋਨੇ ਵਿੱਚ ਨਾ ਰਹਿਣ ਸਗੋਂ ਮੁੱਖ ਕਮਰੇ ਵਿੱਚ ਹੋਣ ਅਤੇ ਹਰ ਮਹਿਮਾਨ ਉਹਨਾਂ ਨੂੰ ਬਣਦਾ ਸਤਿਕਾਰ ਦੇਵੇ।
ਬਜੁਰਗਾਂ ਨੂੰ ਸੁਣਨਾ ਚਾਹੀਦਾ ਹੈ। ਆਪਣਾ ਸਮਾਂ ਉਹਨਾਂ ਨੂੰ ਦੇਣਾ ਚਾਹੀਦਾ ਹੈ। ਉਹਨਾਂ ਦੀ ਰਾਏ ਲਈ ਜਾਣੀ ਚਾਹੀਦੀ ਹੈ। ਉਹਨਾਂ ਨੂੰ ਪਰਿਵਾਰ ਅਤੇ ਸਮਾਜ ਦੇ ਕੰੰਮਾਂ ਵਿੱਚ ਭਰਪੂਰ ਬਣਦਾ ਸਨਮਾਨ ਅਤੇ ਸਥਾਨ ਦੇਣਾ ਚਾਹੀਦਾ ਹੈ।
ਉਹਨਾਂ ਦੀ ਰੁਚੀ ਅਨੁਸਾਰ ਜਿਸ ਵੀ ਚੀਜ ਨੂੰ ਪਸੰਦ ਕਰਦੇ ਹਨ, ਉਸ ਤੇ ਖਰਚ ਕਰਨਾ ਚਾਹੀਦਾ ਹੈ

ਉਹਨਾਂ ਦੇ ਟੋਕਣ ਤੋਂ ਇੱਕਦਮ ਗੁੱਸੇ ਨਹੀਂ ਹੋਣਾ ਚਾਹੀਦਾ। ਜਦੋਂ ਉਹਨਾਂ ਨੂੰ ਪੂਰਾ ਮਾਣ-ਸਤਿਕਾਰ ਮਿਲੇਗਾ ਤਾਂ ਉਹ ਵੀ ਬੱਚਿਆਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਗੇ ਅਤੇ ਬੇਲੋੜੀ ਟੋਕਾ ਟਾਕੀ ਨਹੀਂ ਕਰਨਗੇ।

ਭਾਵੇਂ ਕੁਝ ਬਜੁਰਗ ਬਹੁਤ ਵਧੀਆ ਸਹੂਲਤਾਂ ਵੀ ਮਾਣ ਰਹੇ ਹਨ ਅਤੇ ਬੱਚਿਆ ਤੋਂ ਸਤਿਕਾਰ ਵੀ ਲੈ ਰਹੇ ਹਨ, ਪਰ ਅਜਿਹੇ ਭਾਗਾਂ ਵਾiਲ਼ਆਂ ਦੀ ਗਿਣਤੀ ਘੱਟ ਹੈ। ਬਹੁਤ ਵਾਰੀ ਅਸੀਂ ਜਾਇਦਾਦ ਦੇ ਝਗੜੇ ਕਾਰਨ ਬਜੁਰਗਾਂ ਨੂੰ ਬੇਇੱਜਤ ਹੁੰਦੇ ਦੇਖਦੇ, ਸੁਣਦੇ, ਪੜ੍ਹਦੇ ਹਾਂ। ਦਿਨੋ ਦਿਨ ਵਧ ਰਹੇ ਬਿਰਧ-ਆਸ਼ਰਮ ਇਸ ਗੱਲ ਦਾ ਪ੍ਰਮਾਣ ਹਨ ਕਿ ਨੌਜਵਾਨ ਇਹਨਾਂ ਬਜੁਰਗਾਂ ਦੀ ਲੋੜ ਨਹੀਂ ਸਮਝ ਰਹੇ।ਠੀਕ ਸਮੇਂ ਤੇ ਸੰਭਲਣਾ ਹੀ ਸਿਆਣਪ ਹੋਇਆ ਕਰਦੀ ਹੈ। ਜਿੱਥੇ ਸਰਕਾਰਾਂ ਨੂੰ ਅਜਿਹੀਆਂ ਨੀਤੀਆਂ ਬਣਾਉਣ ਅਤੇ ਲਾਗੂ ਕਰਨ ਦੀ ਲੋੜ ਹੈ ਜਿਸ ਨਾਲ ਬੁਢਾਪਾ ਤੰਦਰੁਸਤੀ ੳਤੇ ਖੁਸ਼ਹਾਲੀ ਵਾਲਾ ਹੋਵੇ, ਉੱਥੇ ਸਮਾਜ ਦੇ ਹਰ ਮੈਂਬਰ ਨੂੰ ਇਹਨਾਂ ਹੀਰਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇੱਕ ਵਾਰੀ ਇਹ ਬਿਰਤੀ ਪੈਦਾ ਹੋ ਗਈ, ਅਗਲੀਆਂ ਪੀੜ੍ਹੀਆਂ ਨੂੰ ਕੁਝ ਕਹਿਣ ਦੀ ਜਰੂਰਤ ਨਹੀਂ ਪਵੇਗੀ। ਬਜੁਰਗਾਂ ਨੂੰ ਭੌਤਿਕ ਸਹੂਲਤਾਂ , ਪਰਿਵਾਰ ਅਤੇ ਸਮਾਜ ਵਿੱਚ ਪੂਰਾ ਸਤਿਕਾਰ ਦੇ ਕੇ ਹੀ  ਇਸ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣਾ ਅਸਲ ਵਿੱਚ ਸਫਲ ਮੰਨਿਆ ਜਾਏਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>