ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਵਿਖੇ ਆਯੋਜਿਤ ਇਸ ਮੌਸਮ ਦੇ ਪਹਿਲੇ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਸਾਬਕਾ ਵਿਧਾਇਕ ਅਤੇ ਜਿਲ੍ਹਾ ਯੋਜਨਾ ਬੋਰਡ, ਪਟਿਆਲਾ ਦੇ ਚੇਅਰਮੈਨ ਸ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਵਿਚ ਅੱਧੀ ਸਦੀ ਲੰਮੀ ਭਰੋਸੇਯੋਗਤਾ ਕਾਰਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨੀ ਗਈ ਹੈ। ਉਨ੍ਹਾਂ ਆਖਿਆ ਕਿ ਹਰੇ ਇਨਕਲਾਬ ਰਾਹੀਂ ਦੇਸ਼ ਦੀ ਭੁੱਖਮਰੀ ਦੂਰ ਕਰਨ ਵਾਲੀ ਇਸ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਵਲੋਂ ਵਿਸੇਸ ਗਰਾਂਟ ਹਰ ਸਾਲ ਮੁਹੱਇਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਖੋਜ ਰਫਤਾਰ ਮੱਧਮ ਨਾ ਪਵੇ। ਸ ਰੱਖੜਾ ਨੇ ਪੰਜਾਬ ਦੇ ਮੁੱਖ ਮੰਤਰੀ ਸ ਪਰਕਾਸ ਸਿੰਘ ਬਾਦਲ, ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਅਤੇ ਖੇਤੀਬਾੜੀ ਮੰਤਰੀ ਸ ਸੁੱਚਾ ਸਿੰਘ ਲੰਗਾਂਹ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਹੈ ਕਿ ਯੋਗ ਅਗਵਾਈ ਕਾਰਨ ਹੀ ਡਾ ਮਨਜੀਤ ਸਿੰਘ ਕੰਗ ਅਤੇ ਉਨ੍ਹਾਂ ਦੇ ਸਹਿਯੋਗੀ ਵਿਗਿਆਨੀ ਇਸ ਯੂਨੀਵਰਸਿਟੀ ਨੂੰ ਦੇਸ਼ ਦੀ ਨੰਬਰ ਇਕ ਯੂਨੀਵਰਸਿਟੀ ਬਣਾ ਸਕੇ ਹਨ। ਸ ਸੁਰਜੀਤ ਸਿੰਘ ਰੱਖੜਾ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਬੇਲੋੜੇ ਖਰਚਿਆਂ ਨੂੰ ਸੀਮਿਤ ਕਰਨਾ ਚਾਹੀਦਾ ਹੈ ਅਤੇ ਵਿਗਿਆਨਕ ਸੋਚ ਅਪਨਾਉਣੀ ਚਾਹੀਦੀ ਹੈ ਤਾਂ ਜੋ ਮੁੱਢਲੀਆਂ ਲਾਗਤਾਂ ਤੇ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਅਤੇ ਯੂਨੀਵਰਸਿਟੀ ਵਿਗਿਆਨੀਆਂ ਵਲੋਂ ਦਿੱਤੀਆਂ ਨਵੀਆਂ ਸੇਧਾਂ ਅਨੁਸਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੇਸ ਵਿਚ ਹਰਾ ਇਨਕਲਾਬ ਸਿਰਜਣ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਦੀ ਭਰਪੂਰ ਸਲਾਘਾ ਕੀਤੀ ਜਿਨ੍ਹਾਂ ਦੇ ਉਪਰਾਲੇ ਸਦਕਾ ਹੀ ਦੇਸ਼ ਅੰਨ ਭੰਡਾਰ ਵਾਲੇ ਪਾਸੋਂ ਸਵੈ ਨਿਰਭਰ ਹੋ ਸਕਿਆ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਮਨਜੀਤ ਸਿੰਘ ਕੰਗ ਨੇ ਕਿਹਾ ਅੱਜ ਔਰਤ ਸ਼ਕਤੀਕਰਨ ਦਿਵਸ ਵਿਸ਼ਵ ਭਰ ਵਿਚ ਮਨਾਇਆ ਜਾ ਰਿਹਾ ਹੈ ਅਤੇ ਇਸ ਕਿਸਾਨ ਮੇਲੇ ਵਿਚ ਔਰਤਾਂ ਦੀ ਸ਼ਮੂਲੀਅਤ ਪਹਿਲਾਂ ਨਾਲੋਂ ਵਧਣਾ ਸਾਡੇ ਲਈ ਖੁਸ਼ੀ ਵਾਲੀ ਗਲ ਹੈ ਕਿਉਂਕਿ ਇਹ ਔਰਤਾਂ ਸਿਰਫ ਗ੍ਰਹਿ ਵਿਗਿਆਨ ਦੇ ਵਿਸ਼ਿਆਂ ਵਿਚ ਹੀ ਦਿਲਚਸਪੀ ਨਹੀਂ ਲੈ ਰਹੀਆਂ ਸਗੋਂ ਬੀਜ ਉਤਪਾਦਨ, ਬੀਜ ਸੰਭਾਲ ਵਿਧੀ, ਖੁੰਬਾਂ ਦੀ ਕਾਸ਼ਤ, ਫੁਲਾਂ ਦੀ ਕਾਸ਼ਤ ਅਤੇ ਮਧੂ ਮੱਖੀ ਪਾਲਣ ਵਿਸ਼ਿਆਂ ਵਿਚ ਵੀ ਵਿਸ਼ੇਸ਼ ਜਾਣਕਾਰੀ ਲੈ ਰਹੀਆਂ ਹਨ। ਡਾ ਕੰਗ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇਸ ਸਾਲ ਹੀ ਕਣਕ ਦੇ ਜੀਨੋਮ ਪਰਖ ਲਈ 18 ਕਰੋੜ ਰੁਪਏ ਦਾ ਪ੍ਰੋਜੈਕਟ ਮਿਲਣਾ ਵੱਡੀ ਪ੍ਰਾਪਤੀ ਹੈ ਕਿਉਂਕਿ ਖੋਜ ਲਈ ਹੁਣ ਤਕ ਮਿਲਿਆ ਇਹ ਸਭ ਤੋਂ ਵੱਡਾ ਪ੍ਰੋਜੈਕਟ ਹੈ। ਉਨ੍ਹਾਂ ਆਖਿਆ ਕਿ 1967 ਵਿਚ ਪਹਿਲਾ ਕਿਸਾਨ ਮੇਲਾ ਲਗਾਇਆ ਗਿਆ ਸੀ, ਪਰ ਹੁਣ ਪੂਰੇ ਪੰਜਾਬ ਵਿਚ 6 ਮੇਲੇ ਸਾਲ ਵਿਚ ਦੋ ਵਾਰ ਲਗਾਏ ਜਾਂਦੇ ਹਨ ਅਤੇ ਇਨ੍ਹਾਂ ਰਾਹੀਂ ਗਿਆਨ ਵਿਗਿਆਨ ਚੇਤਨਾ ਤੋਂ ਕਿਸਾਨ ਭਰਾ ਲਾਭ ਉਠਾਉਂਦੇ ਹਨ। ਉਨ੍ਹਾਂ ਆਖਿਆ ਕਿ ਇਸ ਸਾਲ ਤੋਂ ਫਰੀਦਕੋਟ ਵਿਖੇ ਵੀ ਕਿਸਾਨ ਮੇਲਾ 10 ਮਾਰਚ ਨੂੰ ਲਗਾਇਆ ਜਾ ਰਿਹਾ ਹੈ ਜਦ ਕਿ 11 ਮਾਰਚ ਨੂੰ ਬਲੋਵਾਲ ਸੌਂਖੜੀ, 14 ਮਾਰਚ ਨੂੰ ਬਠਿੰਡਾ, 17 ਤੇ 18 ਮਾਰਚ ਨੂੰ ਲੁਧਿਆਣਾ ਅਤੇ 22 ਮਾਰਚ ਨੂੰ ਗੁਰਦਾਸਪੁਰ ਕਿਸਾਨ ਮੇਲਾ ਹੋਵੇਗਾ। ਡਾ ਕੰਗ ਨੇ ਆਖਿਆ ਕਿ ਆਉਂਦੀ ਸਾਉਣੀ ਦੀ ਪ੍ਰਮੁਖ ਫਸਲ ਝੋਨਾ ਹੈ ਅਤੇ ਸਰਕਾਰ ਦੇ ਆਦੇਸ ਨੂੰ ਮੰਨਦੇ ਹੋਏ ਭਾਵੇਂ ਇਸ ਦੀ ਕਾਸ਼ਤ 15 ਜੂਨ ਤੋਂ ਬਾਅਦ ਕੀਤੀ ਜਾਣੀ ਹੈ, ਪਰ ਉਸ ਵਿਚ ਵੀ ਜਲ ਸੋਮਿਆਂ ਦੀ ਬਚਤ ਕਰਨੀ ਜਰੂਰੀ ਹੈ। ਉਨ੍ਹਾਂ ਯੂਨੀਵਰਸਿਟੀ ਵਲੋਂ ਵਿਕਸਤ ਸੰਦ ਟੈਂਸੀਓਮੀਟਰ ਦੇ ਹਵਾਲੇ ਨਾਲ ਦਸਿਆ ਹੈ ਕਿ ਇਸ ਦੀ ਵਰਤੋਂ ਨਾਲ ਪਾਣੀ ਦੀ ਵਰਤੋਂ 20 ਫੀ ਸਦੀ ਤਕ ਘਟਾਈ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਖੇਤੀ ਨੂੰ ਹੋਰ ਚੰਗੇ ਰਾਹ ਤੇ ਤੋਰਨ ਲਈ ਯੂਨੀਵਰਸਿਟੀ ਵਲੋਂ ਸੁਰੂ ਕੀਤੇ ਗਏ ਵੱਖ ਵੱਖ ਕੋਰਸਾਂ ਵਿਚ ਆਪਣੇ ਬੱਚਿਆਂ ਨੂੰ ਦਾਖਲਾ ਦਿਵਾਉਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿਤਾ ਕਿ ਅਜੋਕੀ ਖੇਤੀ ਤਕਨੀਕੀ ਖੇਤੀ ਹੋ ਚੁੱਕੀ ਹੈ, ਜਿਸ ਲਈ ਗਿਆਨ ਪ੍ਰਾਪਤ ਕਰਨਾ ਬਹੁਤ ਜਰੂਰੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿਖਿਆ ਨਿਰਦੇਸਕ ਡਾ ਮੁਖਤਾਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਜੈਵਿਕ ਖਾਦਾਂ ਦੀ ਵਰਤੋਂ ਦੇ ਨਾਲ ਨਾਲ ਹਰ ਇਕ ਖਾਦ ਅਤੇ ਕਣਕ ਦੇ ਨਾੜ ਨੂੰ ਖੇਤਾਂ ਦੇ ਵਿਚ ਹੀ ਵਾਹ ਕੇ ਜ਼ਮੀਨ ਦੀ ਭੌਤਿਕ ਅਤੇ ਰਸਾਇਣਕ ਹਾਲਤ ਸੁਧਾਰੋ। ਜੇਕਰ ਜ਼ਮੀਨ ਅਤੇ ਪਾਣੀ ਵਿਚ ਹੀ ਵਿਗਾੜ ਆ ਗਿਆ ਤਾਂ ਭਵਿੱਖ ਦੀ ਖੇਤੀ ਖਤਰੇ ਅਧੀਨ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਮਾੜੇ ਅਤੇ ਚੰਗੇ ਪਾਣੀ ਦੀ ਰਲਵੀਂ ਵਰਤੋਂ ਬਾਗਬਾਨੀ ਲਈ ਸਹਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਤੇਲ ਬੀਜ ਫਸਲਾਂ ਨੂੰ ਫੁੱਲਾਂ ਦੀ ਹਾਲਤ ਵੇਲੇ ਪਾਣੀ ਦੀ ਕਮੀ ਆਉਣ ਨਾਲ ਝਾੜ ਬਹੁਤ ਘਟ ਜਾਂਦਾ ਹੈ। ਇਸ ਲਈ ਨਵੇਂ ਗਿਆਨ ਨੂੰ ਲਿਖਤੀ ਰੂਪ ਵਿਚ ਹਰ ਵੇਲੇ ਆਪਣੇ ਕੋਲ ਰਖੋ। ਡਾ ਗਿੱਲ ਨੇ ਕਿਹਾ ਕਿ ਇਸ ਵਾਰ ਕਿਸਾਨ ਮੇਲੇ ਦਾ ਮਨੋਰਥ ਖੇਤੀ ਨਵੀਨਤਾ ਲਿਆੳ, ਜੀਵਨ ਮਿਆਰ ਵਧਾਓ ਰਖਿਆ ਗਿਆ ਹੈ। ਇਸ ਲਈ ਸਾਨੂੰ ਨਵੇਂ ਗਿਆਨ ਦੀ ਵਰਤੋਂ ਲਈ 17 ਜਿਲ੍ਹਿਆਂ ਵਿਚ ਬਣੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ ਅਤੇ ਹਰ ਵਾਰ ਨਵਾਂ ਬੀਜ ਹਾਸਲ ਕਰ ਕੇ ਹੀ ਮਿਆਰੀ ਉਤਪਾਦਨ ਵਧਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਖੇਤੀਬਾੜੀ ਗਿਆਨ ਦੀ ਲਗਾਤਾਰ ਪ੍ਰਾਪਤੀ ਲਈ ਮਾਸਕ ਪੱਤਰ ਚੰਗੀ ਖੇਤੀ ਦੇ ਜੀਵਨ ਮੈਂਬਰ ਬਣੋ ਅਤੇ ਹਾੜ੍ਹੀ ਸਾਉਣੀ ਦੀਆਂ ਫਸਲਾਂ ਬਾਰੇ ਸਿਫਾਰਸਾਂ ਵੀ ਘਰਾਂ ਵਿਚ ਰਖੋ ਤਾਂ ਜੋ ਗਿਆਨ ਵਿਗਿਆਨ ਦੀ ਵਰਤੋਂ ਰਾਹੀ ਖੇਤੀਬਾੜੀ ਵਿਕਾਸ ਯਕੀਨੀ ਹੋ ਸਕੇ। ਉਨ੍ਹਾਂ ਆਖਿਆ ਕਿ ਸਾਨੂੰ ਫਸਲੀ ਚਕਰ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ ਅਤੇ ਰਵਾਇਤੀ ਫ਼ਸਲਾਂ ਦੇ ਬਦਲ ਦੇ ਰੂਪ ਵਿਚ ਫ਼ਲਾਂ ਸਬਜ਼ੀਆਂ ਦੀ ਕਾਸ਼ਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਮੱਖੀ ਪਾਲਣ, ਖੁੰਭਾਂ ਦੀ ਕਾਸ਼ਤ, ਪਸੂ ਪਾਲਣ ਆਦਿ ਵੱਲ ਤੁਰਨ ਦੀ ਸਖਤ ਜਰੂਰਤ ਹੈ।
ਯੂਨੀਵਰਸਿਟੀ ਦੇ ਨਿਰਦੇਸਕ ਖੋਜ ਡਾ ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵਲੋਂ ਵੱਖ ਵੱਖ ਖੇਤਰਾਂ ਵਿਚ ਕੀਤੀ ਜਾ ਰਹੀ ਖੋਜ ਬਾਰੇ ਜਾਣਕਾਰੀ ਦਿਦਿਆਂ ਦੱਸਿਆ ਕਿ ਕੁਦਰਤੀ ਸੋਮਿਆਂ ਦੇ ਖੁਰਣ, ਖੇਤੀ ਲਾਗਤਾਂ ਵਧਣ ਅਤੇ ਕਣਕ ਝੋਨਾ ਫਸਲੀ ਚੱਕਰ ਵਿਚ ਫਸੇ ਹੋਣ ਕਾਰਨ ਸਾਡੇ ਸਾਹਮਣੇ ਅਨੇਕਾਂ ਚੁਣੌਤੀਆਂ ਖੜ੍ਹੀਆਂ ਹਨ। ਉਨ੍ਹਾਂ ਆਖਿਆ ਕਿ ਅਜ ਕੇਂਦਰੀ ਪੰਜਾਬ ਦੇ 10 ਫੀਸਦੀ ਤੋਂ ਵੱਧ ਟਿਉਬਵੈਲ, ਸਬਮਰਸੀਬਲ ਕਰਵਾਉਣੇ ਪੈ ਗਏ ਹਨ ਅਤੇ ਭਵਿੱਖ ਵਿਚ ਪਾਣੀ ਥੱਲੇ ਜਾਣ ਕਾਰਨ ਇਹ ਖਰਚੇ ਹੋਰ ਵਧਣਗੇ। ਉਨ੍ਹਾਂ ਆਖਿਆ ਕਿ ਇਕ ਮਿਲੀਅਨ ਹੈਕਟੇਅਰ ਰਕਬਾ ਜੇਕਰ ਝੋਨੇ ਤੋਂ ਬਿਨ੍ਹਾਂ ਹੋਰ ਫਸਲਾਂ ਅਧੀਨ ਲਿਆਂਦਾ ਜਾਵੇ ਤਾਂ 0.3 ਮਿਲਿਅਨ ਹੈਕਟੇਅਰ ਪਾਣੀ ਦੀ ਬਚੱਤ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਕਰੋ ਕਿਉਂਕਿ ਬੇਲੋੜੀ ਖਾਦ ਸਿਰਫ ਕੀੜਿਆਂ ਨੂੰ ਸੱਦਾ ਦਿੰਦੀ ਹੈ ਅਤੇ ਇਹ ਕੀੜੇ ਮਾਰਨ ਲਈ ਫਿਰ ਹੋਰ ਖਰਚਾ ਕਰਨਾ ਪੈਂਦਾ ਹੈ।
ਵਿਆਨਾ (ਆਸਟਰੀਆ) ਤੋਂ ਆਏ ਪੀ ਏ ਯੂ ਦੇ ਪੁਰਾਣੇ ਵਿਦਿਆਰਥੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੇਤੀ ਵਿਗਿਆਨ ਡਾ ਬੇਅੰਤ ਸਿੰਘ ਆਹਲੂਵਾਲੀਆ ਨੇ ਆਖਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨੇ ਜਾਣ ਤੇ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਦਾ ਕੱਦ ਉਚਾ ਹੋਇਆ ਹੈ। ਉਨ੍ਹਾਂ ਆਖਿਆ ਕਿ ਨਵੇਂ ਗਿਆਨ ਭਰਪੂਰ ਬਾਇਓਟੈਕਨੋਲੋਜੀ ਕੇਂਦਰ ਦੀ ਸਥਾਪਤੀ ਲਈ ਪੰਜਾਬ ਹਮੇਸਾ ਡਾ ਮਨਜੀਤ ਸਿੰਘ ਕੰਗ ਦੀ ਦੂਰ ਦ੍ਰਿਸ਼ਟੀ ਨੂੰ ਚੇਤੇ ਰਖੇਗਾ। ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿਚ ਅਜ ਇਸ ਯੂਨੀਵਰਸਿਟੀ ਦਾ ਸਤਿਕਾਰ ਸਿਖਰ ਤੇ ਹੈ। ਪੰਜਾਬ ਬੀਜ ਨਿਗਮ ਦੇ ਚੇਅਰਮੈਨ ਸ ਸੁਰਜੀਤ ਸਿੰਘ ਅਬਲੋਵਾਲ ਨੇ ਦਸਿਆ ਕਿ ਉਹ ਆਪਣੇ ਨਿਗਮ ਵਲੋਂ ਪਟਿਆਲਾ ਵਿਚ ਬੀਜ ਸੋਧ ਪਲਾਂਟ ਸਥਾਪਤ ਕਰਵਾ ਰਹੇ ਹਨ ਜਿਸ ਨਾਲ ਪਟਿਆਲਾ, ਸੰਗਰੂਰ, ਫਤਹਿਗੜ੍ਹ ਸਾਹਿਬ, ਮੋਹਾਲੀ ਅਤੇ ਰੋਪੜ ਜਿਲ੍ਹਿਆਂ ਨੂੰ ਸਿਧਾ ਲਾਭ ਪਹੁੰਚੇਗਾ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਮਿਲ ਕੇ ਬੀਜ ਵਿਕਾਸ ਪ੍ਰੋਗਰਾਮ ਨੂੰ ਹੋਰ ਮਜਬੂਤ ਕਰਨ ਦਾ ਯਤਨ ਕੀਤਾ ਜਾਵੇਗਾ।
ਯੂਨੀਵਰਸਿਟੀ ਦੇ ਅਪਰ ਨਿਰਦੇਸਕ ਸੰਚਾਰ ਡਾ ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਸਾਨੂੰ ਖੇਤੀ ਸਾਹਿਤ ਰੂਪੀ ਗਿਆਨ ਨਾਲ ਸਾਂਝ ਪਾਉਣੀ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਇਸ ਗੱਲ ਨੂੰ ਤਰਜੀਹ ਦਿਤੀ ਕਿ ਪਿੰਡਾਂ ਵਿਚ ਬਣੇ ਸਕੂਲਾਂ, ਕਾਲਜਾਂ, ਖੇਡ ਕਲੱਬਾਂ, ਮੰਦਰਾਂ, ਮਸੀਤਾਂ, ਗੁਰਦੁਆਰਿਆਂ ਤੋਂ ਇਲਾਵਾ ਸਹਿਕਾਰੀ ਸਭਾਵਾਂ ਪੱਧਰ ਤੇ ਖੇਤੀ ਸਾਹਿਤ ਦੀਆਂ ਲਾਇਬ੍ਰੇਰੀਆਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਨਵੀਨਤਮ ਤਕਨਾਲੋਜੀ ਬਾਰੇ ਜਾਣਕਾਰੀ ਕਿਸਾਨਾਂ ਤਕ ਸਿੱਧੀ ਪਹੁੰਚ ਸਕੇ। ਇਸ ਮੌਕੇ ਯੂਨੀਵਰਸਿਟੀ ਵਲੋਂ ਤਿਆਰ ਕੀਤੇ ਬੀਜ ਅਤੇ ਖੇਤੀ ਸਾਹਿਤ ਪ੍ਰਤੀ ਕਿਸਾਨਾਂ ਦੀ ਦਿਲਚਸਪੀ ਖੂਬ ਦੇਖੀ ਗਈ। ਆਲ ਇੰਡੀਆ ਰੇਡੀਓ, ਪਟਿਆਲਾ ਦੇ ਇੰਚਾਰਜ ਸ: ਅਮਰਜੀਤ ਸਿੰਘ ਵੜੈਚ ਦੀ ਅਗਵਾਈ ਹੇਠ ਆਈ ਟੀਮ ਨੇ ਕਿਸਾਨ ਮੇਲੇ ਦਾ ਸਿੱਧਾ ਪ੍ਰਸਾਰਣ ਕਰਵਾਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਏ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਕਿਸਾਨ ਦੇ ਸੁਆਲਾਂ ਦੇ ਜੁਆਬ ਵੀ ਦਿਤੇ। ਮੰਚ ਸੰਚਾਲਨ ਡਾ ਕੰਵਲ ਮਹਿੰਦਰਾਂ ਨੇ ਕੀਤਾ ਜਦਕਿ ਅਪਰ ਨਿਰਦੇਸਕ ਪਸਾਰ ਡਾ ਹਰਜੀਤ ਸਿੰਘ ਧਾਲੀਵਾਲ ਨੇ ਫੁੱਲਾਂ ਦੇ ਗੁਲਦਸਤੇ ਨਾਲ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਰਾਮ ਸਿੰਘ ਅਲਬੇਲਾ ਨੇ ਸਮਾਜਕ ਕੁਰੀਤੀਆਂ ਦੇ ਖਿਲਾਫ ਆਪਣੇ ਗੀਤ ਪੇਸ਼ ਕਰ ਕੇ ਸਰੋਤਿਆਂ ਨੂੰ ਹਲੂਣਿਆ। ਮੁੱਖ ਮਹਿਮਾਨ ਸ ਰੱਖੜਾ ਨੇ ਇਸ ਮੌਕੇ ਲਗੀ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ। ਟੈਂਸ਼ੀਓਮੀਟਰ, ਹਰਾ ਪੱਤਾ ਚਾਰਟ, ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਲਗਾਈ ਪ੍ਰਦਰਸਨੀ ਤੋਂ ਇਲਾਵਾ ਸੰਚਾਰ ਕੇਂਦਰ ਵਲੋਂ ਖੇਤੀ ਗਿਆਨ ਸਾਹਿਤ ਦੇ ਸਟਾਲ ਵਿਚ ਕਿਸਾਨਾਂ ਅਤੇ ਮਹਿਮਾਨਾਂ ਨੇ ਵਿਸ਼ੇਸ਼ ਦਿਲਚਸਪੀ ਵਿਖਾਈ। ਅੰਤ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ ਗੁਰਜਿੰਦਰ ਪਾਲ ਸਿੰਘ ਸੋਢੀ ਨੇ ਮੁੱਖ ਮਹਿਮਾਨ ਅਤੇ ਮੇਲੇ ਵਿਚ ਸ਼ਾਮਲ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।