ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਪ੍ਰਕਿਰਿਆ ਪੂਰੀ ਕਰੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 2021 ਵਿਚ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਸੀ, ਜੋ ਬਾਅਦ ਵਿਚ ਮਾਨਯੋਗ ਹਾਈਕਰਟ ਦੇ ਸਿੰਗਲ ਬੈਂਚ ਵਲੋਂ ਪਹਿਲਾਂ ਰੋਕ ਕੀਤੀ ਗਈ ਬਾਅਦ ਵਿਚ ਰੱਦ ਕਰ ਦਿੱਤੀ ਗਈ। ਬਾਅਦ ਵਿਚ ਡਬਲ ਬੈਂਚ ਵਲੋਂ ਭਰਤੀ ਨੂੰ ਫਿਰ ਬਹਾਲ ਕਰ ਦਿੱਤਾ ਗਿਆ। ਇਸ ਭਰਤੀ ਨੂੰ ਰੱਦ ਕਰਵਾਉਣ ਲਈ ਬਜ਼ਿਦ ਧਿਰ ਸੁਪਰੀਮ ਕੋਰਟ ਵੀ ਸਟੇ ਲਈ ਗਈ ਪਰ ਉੱਥੇ ਸਟੇ ਨਹੀਂ ਹੋਈ। ਪੰਜਾਬ ਸਰਕਾਰ ਨੇ ਜਿੰਨਾ ਪ੍ਰੋਫ਼ੈਸਰਾਂ ਕੋਲ ਤਿੰਨ ਸਾਲ ਪਹਿਲਾਂ ਦੇ ਨਿਯੁਕਤੀ ਪੱਤਰ ਸਨ, ਉਹਨਾਂ ਨੂੰ ਸਟੇਸ਼ਨ 26 ਅਲਾਟ ਕਰਕੇ ਕਾਲਜਾਂ ਵਿਚ ਭੇਜ ਦਿੱਤਾ ਗਿਆ। ਉਹਨ੍ਹਾਂ ਦੀ ਗਿਣਤੀ ਲਗਭਗ 483 ਹੈ।
ਦੋ ਹਫ਼ਤਿਆਂ ਤੋਂ ਬਾਕੀ ਬਚਦੇ 411 ਦੇ ਲਗਭਗ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਕਾਲਜਾਂ ਵਿਚ ਭੇਜਣ ਦੀ ਥਾਂ ਸਰਕਾਰ ਟਾਲ ਮਟੋਲ ਕਰ ਰਹੀ ਹੈ। ਇਹ ਹਿੱਸਾ ਸਮੁੱਚੀ ਭਰਤੀ ਦਾ ਲਗਭਗ 34% ਹਿੱਸਾ ਹੈ। ਇਨ੍ਹਾਂ ਵਿਚ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਸਮੇਤ ਭਾਸ਼ਾਵਾਂ ਵਾਲੇ ਉਮੀਦਵਾਰਾਂ ਦੀ ਗਿਣਤੀ ਵਧੇਰੇ ਹੈ। ਉਨ੍ਹਾਂ ਦਸਿਆ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਦੇ 142, ਅੰਗਰੇਜ਼ੀ ਦੇ 154, ਹਿੰਦੀ ਦੇ 30, ਜੌਗਰਫ਼ੀ ਦੇ 15, ਐਜੂਕੇਸ਼ਨ ਦੇ 3 ਅਤੇ ਲਾਇਬ੍ਰੇਰੀਅਨ ਦੇ 67 ਹਨ। ਜੋ ਕਾਲਜਾਂ ਵਿਚ ਵਿਸ਼ਿਆਂ ਦੇ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਾਰੀ ਘਾਟ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਭਰਤੀ ਦੇ ਬਾਕੀ ਰਹਿੰਦੇ 411 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਜਲਦੀ ਕਾਲਜਾਂ ਵਿਚ ਭੇਜਣ ਤਾਂ ਜੋ ਇਨ੍ਹਾਂ ਦੇ ਭਵਿੱਖ ਸੁਰੱਖਿਅਤ ਰਹਿ ਸਕਣ। ਨਹੀਂ ਤਾਂ ਅਸੀਂ ਭਾਸ਼ਾ ਪਿਆਰਿਆਂ ਨੂੰ ਇਨ੍ਹਾਂ ਭਾਸ਼ਾ ਚਿੰਤਕਾਂ ਦੇ ਹੱਕ ਵਿਚ ਸੰਘਰਸ਼ ਲਈ ਸੱਦਾ ਦੇਵਾਂਗੇ। ਜਦੋਂ ਬਾਕੀ ਉਮੀਦਵਾਰਾਂ ਲਈ ਚੋਣ ਕਮਿਸ਼ਨ ਤੋਂ ਇਜਾਜਤ ਲਈ ਜਾ ਰਹੀ ਹੈ ਤਾਂ ਇਹਨਾਂ ਲਈ ਵੀ ਲਈ ਜਾਵੇ ਜਾਂ ਫਿਰ 15 ਅਕਤੂਬਰ ਤੋਂ ਤੁਰੰਤ ਬਾਅਦ ਇਨ੍ਹਾਂ ਨੂੰ ਜੁਆਇਨ ਕਰਵਾਇਆ ਜਾਵੇ।
ਅਪੀਲ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਜਨਮੇਜਾ ਸਿੰਘ ਜੌਹਲ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਵਰਗਿਸ ਸਲਾਮਤ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਪ੍ਰੋ. ਬਲਵਿੰਦਰ ਸਿੰਘ ਚਹਿਲ ਅਤੇ ਕਰਮਜੀਤ ਸਿੰਘ ਗਰੇਵਾਲ ਸਮੇਤ ਸਮੂਹ ਮੈਂਬਰ ਸ਼ਾਮਲ ਹਨ।